ਸੰਨ 2007 ਦੀ ਗੱਲ ਹੈ ਅਸੀਂ ਬੱਚਿਆਂ ਸਮੇਤ ਅਕਾਲ ਤਖਤ ਸ਼੍ਰੀ ਹਜ਼ੂਰ ਸਾਹਿਬ ਦਰਸ਼ਨ ਕਰਨ ਗਏ । ਸਰਾਂ ‘ਚ ਆਉਂਦਿਆਂ ਜਾਂਦਿਆਂ ਨੂੰ ਰਸਤੇ ਦੇ ਦੋਵੇਂ ਪਾਸੀਂ ਦੁਕਾਨਾਂ ਲੱਗੀਆਂ ਮਿਲਦੀਆਂ । ਬੱਚੇ ਇਕ ਦੁਕਾਨ ਤੇ ਖਿਡੌਣੇ ਵੇਖਣ ਰੁਕ ਗਏ । ਕਹਿਣ ਲੱਗੇ …
ਬਾਈ ਆਹ ਕਿੰਨੇ ਦਾ ? ਬਾਈ ਔਹ ਵਿਖਾਈਂ ।
ਦੁਕਾਨਦਾਰ ਢਾਕਾਂ ਤੇ ਹੱਥ ਰੱਖੀ ਖੜਾ ਲੋਹਾ ਲਾਖਾ ਹੋਈ ਜਾਵੇ । ਮੈਂ ਕਿਹਾ ਬਾਈ ਜੀ ਬੱਚੇ ਵਾਰ -ਵਾਰ ਤੈਨੂੰ ਪੁੱਛਦੇ ਆ , ਤੁਸੀਂ ਕੁਛ ਦੱਸਦੇ ਹੀ ਨਹੀਂ । ਬੋਲਿਆ , “ਬੱਚੇ ਬੋਲਦੇ ਕਿਵੇਂ ਆਂ ਮੈਨੂੰ ।”
ਬੇਟੇ , ਬਾਈ ਜੀ ਆਖੀ ਦਾ ਹੁੰਦਾ ।
ਬੱਚਿਆਂ ਨੇ ਝੱਟ ਸੌਰੀ ਬਾਈ ਜੀ ਆਖ ਦਿੱਤਾ ।
ਪਰ ਉਹ ਦੁਕਾਨਦਾਰ ਫਿਰ ਵੀ ਟੱਸ ਤੋਂ ਮੱਸ ਨਾ ਹੋਇਆ ।
ਚਲੋ , ਫਿਰ ਅਸੀਂ ਅਗਲੀ ਦੁਕਾਨ ਤੇ ਚਲੇ ਗਏ । ਉਹ ਦੁਕਾਨਦਾਰ ਪੰਜਾਬੀ ਸੀ , ਉਹ ਸਾਰਾ ਮਾਜਰਾ ਸਮਝ ਗਿਆ ਸੀ ।
ਕਹਿੰਦਾ , ਭੈਣ ਜੀ ਇੱਥੇ ਮਹਾਂਰਾਸ਼ਟਰ ‘ਚ ਲੋਕ ਘਰਾਂ ਚ ਕੰਮ ਕਰਨ ਵਾਲੀ ਨੌਕਰਾਣੀ ਨੂੰ ‘ਬਾਈ’ ਆਖਦੇ ਹੈ ।
ਉਸ ਦੁਕਾਨਦਾਰ ਨੂੰ ਤਾਂਹੀਂਓ ਗੁੱਸਾ ਆ ਰਿਹਾ ਸੀ ।
ਗੁਸਤਾਖੀ ਮੁਆਫ ਕਰਨੀ ਜੀ।
ਚਰਨਜੀਤ ਕੌਰ ਗਰੇਵਾਲ