ਅਮਿਤ ਜਿਵੇਂ ਹੀ ਕਿਸੇ ਨੂੰ ਫੋਨ ਕਰਨ ਲੱਗਾ, ਉਸਦੀ ਪਤਨੀ ਰੀਮਾ ਨੇ ਉਸ ਹੱਥੋਂ ਫੋਨ ਲੈ ਲਿਆ।
“ਅੱਜ ਜੋ ਆਪਣੇ ਵਿੱਚ ਦੂਰੀਆਂ ਹਨ , ਇਹ ਸਭ ਉਸਦੀ ਦਖ਼ਲਅੰਦਾਜ਼ੀ ਕਰਕੇ ਹੀ ਹੈ। ਤੁਸੀ ਕੋਈ ਕੰਮ ਆਪਣੀ ਮਰਜੀ ਨਾਲ ਜਾਂ ਮੇਰੀ ਸਲਾਹ ਨਾਲ ਨਹੀਂ ਕਰ ਸਕਦੇ? ਹਰ ਗੱਲ ਵਿੱਚ ਉਸਨੂੰ ਫੋਨ ਲਗਾਉਣਾ ਜ਼ਰੂਰੀ ਹੈ? ਰੀਮਾ ਗੁੱਸੇ ਵਿੱਚ ਬੋਲੀ।
“ਉਹ ਕੋਈ ਗੈਰ ਨਹੀਂ ਹੈ, ਮੇਰੀ ਭੈਣ ਹੈ, ਭੈਣ ਤੋਂ ਸਲਾਹ ਲੈਣ ਵਿੱਚ ਕੋਈ ਹਰਜ ਨਹੀਂ ਹੈ।” ਅਮਿਤ ਨੇ ਰੀਮਾ ਤੋਂ ਫੋਨ ਲੈਣ ਦੀ ਕੋਸ਼ਿਸ਼ ਕੀਤੀ।
“ਤੇ ਮੈ ਕੁਛ ਨਹੀਂ, ਮੇਰੀ ਕੋਈ ਸਲਾਹ ਨਹੀਂ, ਮੇਰੇ ਘਰ ਵਿਚ ਮੇਰੀ ਕੋਈ ਮਰਜੀ ਨਹੀਂ?
“ਤੂੰ ਕਿੱਧਰ ਨੂੰ ਗੱਲ ਲੈ ਜਾਂਦੀ ਹੈ, ਪਤਾ ਨਹੀਂ ਨੀਤੂ ਦੀਦੀ ਤੋਂ ਤੈਨੂੰ ਕੀ ਪ੍ਰੌਬਲਮ ਹੈ, ਮੇਰੇ ਤੋਂ ਵੱਡੀ ਹੈ ਜੇ ਸਲਾਹ ਲੈ ਵੀ ਲਈ ਤਾਂ ਕੀ ਹਰਜ ਹੈ?
“ਇਕੱਲੀ ਸਲਾਹ ਦੇਣ ਤਾਂ ਕੋਈ ਗੱਲ ਨਹੀਂ, ਉਹ ਦਖ਼ਲਅੰਦਾਜ਼ੀ ਕਰਦੇ ਹਨ… ਆਪਣੀ ਗੱਲ ਨੂੰ ਹਮੇਸ਼ਾ ਸਹੀ ਕਹਿੰਦੇ ਹਨ।”
“ਸਹੀ ਹੁੰਦੀ ਹੈ ਤਾਂ ਹੀ ਸਹੀ ਕਹਿੰਦੀ ਹੈ.. ਨਾਲੇ ਇਹ ਘਰ ਦੀਦੀ ਦਾ ਵੀ ਹੈ… ਹਰ ਗੱਲ ਵਿਚ ਬੋਲਣ ਦਾ ਹੱਕ ਹੈ ਉਹਨਾਂ ਨੂੰ।”
“ਫਿਰ ਮੈਨੂੰ ਕਿਉ ਵਿਆਹ ਕੇ ਲਿਆਏ ਓ, ਜਦ ਆਪਣੇ ਘਰ ਵਿਚ ਹੀ ਮੇਰੀ ਕੋਈ ਕੀਮਤ ਨਹੀਂ ਤਾਂ ਮੈਂ ਇਥੇ ਰਹਿ ਕੇ ਕੀ ਕਰਨਾ ਹੈ।” ਰੀਮਾ ਰੋਂਦੀ ਰੋਂਦੀ ਬਾਹਰ ਚਲੀ ਗਈ।
ਰੀਮਾ ਦੀ ਸੱਸ ਕਮਲਾ ਨੇ ਦੇਖਿਆ। ਰੀਮਾ ਦੇ ਪਿੱਛੇ ਗਈ।
“ਕੀ ਹੋਇਆ, ਫਿਰ ਤੁਹਾਡਾ ਝਗੜਾ ਹੋਇਆ? ਕਮਲਾ ਨੇ ਪੁੱਛਿਆ
ਰੀਮਾ ਕੁਛ ਨਹੀਂ ਬੋਲੀ
“ਦੱਸ ਨਾ ਕੀ ਗੱਲ ਹੈ? ਕਮਲਾ ਨੇ ਉਸਦੇ ਸਿਰ ਤੇ ਹੱਥ ਰੱਖਿਆ
“ਮੰਮੀ ਜੀ ਤੁਸੀ ਵੀ ਮੈਨੂੰ ਹੀ ਗਲਤ ਕਹੋਗੇ, ਇਸ ਲਈ ਮੈਂ ਚੁੱਪ ਹੀ ਠੀਕ ਹਾਂ।”
“ਦੱਸ ਤੇ ਸਹੀ ਕੀ ਹੋਇਆ, ਸਹੀ ਗਲਤ ਬਾਅਦ ਦੀ ਗੱਲ।”
“ਤੁਹਾਨੂੰ ਪਤਾ ਮੇਰੀ ਭੈਣ ਦਾ ਵਿਆਹ ਹੈ, ਅਸੀ ਉਸਨੂੰ ਸ਼ਗਨ ਪਾਉਣ ਦੀ ਸਲਾਹ ਕਰ ਰਹੇ ਸਾਂ ਕ ਕਿੰਨਾ ਤੇ ਕੀ ਦੇਈਏ, ਤੁਹਾਨੂੰ ਇਹ ਵੀ ਪਤਾ ਹੈ ਅਮਿਤ ਦੀਦੀ ਨੂੰ ਕਿੰਨਾ ਮੰਨਦੇ ਨੇ, ਮੈ ਵੀ ਇੱਜਤ ਕਰਦੀ ਹਾਂ… ਪਰ ਅਮਿਤ ਹਰ ਗੱਲ ਵਿਚ ਦੀਦੀ ਦੀ ਸਲਾਹ ਲੈਂਦੇ। ਦੀਦੀ ਹਮੇਸ਼ਾ ਮੇਰੀ ਦਿੱਤੀ ਸਲਾਹ ਨੂੰ ਨਕਾਰ ਦਿੰਦੇ ਨੇ। ਫਿਰ ਮੇਰੇ ਨਾਲ ਟੋਂਟ ਵਿੱਚ ਗੱਲ ਕਰਦੇ ਨੇ ਕ ਉਹਨਾਂ ਦੀ ਪੇਕੇ ਮੇਰੇ ਨਾਲੋ ਜਿਆਦਾ ਚਲਦੀ। ਹੁਣ ਮੇਰੀ ਭੈਣ ਦਾ ਵਿਆਹ … ਉਹਨੂੰ ਕੀ ਦੇਣਾ ਮੇਰੀ ਮਰਜੀ ਹੋਣੀ ਚਾਹੀਦੀ ਹੈ, ਅਮਿਤ ਇਹ ਵੀ ਦੀਦੀ ਤੋਂ ਪੁੱਛਣਾ ਚਾਹੁੰਦੇ ਹਨ।” ਰੀਮਾ ਨੇ ਸਾਰੀ ਗੱਲ ਦੱਸੀ।
“ਨੀਤੂ ਇੰਝ ਕਰਦੀ ਹੈ, ਤੂੰ ਮੈਨੂੰ ਪਹਿਲਾ ਕਿਉ ਨਹੀਂ ਦੱਸਿਆ?
“ਕਿਵੇ ਦੱਸਦੀ ਮੰਮੀ ਜੀ, ਤੁਸੀ ਮਾਂ ਹੋ ਉਹਨਾਂ ਦੀ… ਪਰ ਹੁਣ ਪਾਣੀ ਸਿਰ ਤੋਂ ਲੰਘ ਗਿਆ । ਦੀਦੀ ਕਰਕੇ ਸਾਡੇ ਵਿੱਚ ਦੂਰੀਆਂ ਆ ਰਹੀਆਂ ਹਨ।” ਰੀਮਾ ਨੇ ਹੰਝੂ ਪੂੰਝਦੇ ਹੋਏ ਕਿਹਾ
“ਤੂੰ ਫਿਰ ਮੈਨੂੰ ਜਾਣਿਆ ਨਹੀ ਅਜੇ ਤੱਕ, ਮੈਂ ਕਦੇ ਗਲਤ ਦਾ ਸਾਥ ਨਹੀਂ ਦਿੰਦੀ, ਭਾਵੇਂ ਮੇਰੇ ਧੀ ਪੁੱਤ ਹੀ ਕਿਉ ਨਾ ਹੋਣ। ਤੂੰ ਚਿੰਤਾ ਨਾ ਕਰ…ਅੱਜ ਤੋਂ ਬਾਅਦ ਨੀਤੂ ਦੀ ਤੁਹਾਡੇ ਦੋਵਾਂ ਵਿਚ ਕੋਈ ਦਖਲ ਅੰਦਾਜ਼ੀ ਨਹੀ ਹੋਵੇਗੀ।”
“ਸੱਚ ਮੰਮੀ ਜੀ ?
“ਬਿਲਕੁਲ ਸੱਚ, ਇਹ ਘਰ ਤੇਰਾ ਇਥੇ ਤੇਰੀ ਮਰਜੀ ਨਾਲ ਹੀ ਸਭ ਹੋਵੇਗਾ।”
“ਲਵ ਯੂ ਮੰਮੀ ਜੀ, ਧੰਨਵਾਦ ਬਹੁਤ ਬਹੁਤ।” ਰੀਮਾ ਸੱਸ ਦੇ ਗਲੇ ਲੱਗ ਗਈ।
ਰਜਿੰਦਰ ਕੌਰ