ਤੇਰੇ ਨਹੁੰ ਕੱਟਦਿਆਂ ਕਿਤੇ ਮਾਸ ਨੂੰ ਚੂੰਢੀ ਵੀ ਵੱਜ ਜਾਵੇ ਤਾਂ ਤੇਰੀ ਜਾਨ ਨਿਕਲਣ ਤੱਕ ਦੀ ਨੌਬਤ ਆ ਜਾਂਦੀ ਹੈ। ਕਿਤੇ ਤੇਰੇ ਜਵਾਕਾਂ ਨੂੰ ਇਕ ਬੁਰਕੀ ਦੀ ਵੀ ਲੋੜ ਹੋਵੇ ਤਾਂ ਆਪਣੇ ਮੂੰਹ ਵਿੱਚੋਂ ਬੁਰਕੀ ਕੱਢ ਤੇ ਤੂੰ ਆਪਣੇ ਬਾਲਾਂ ਨੂੰ ਦੇ ਦਿੰਦਾ ਏਂ। ਮਾਂ ਦੀਆਂ ਅੱਖਾਂ ਸਾਹਮਣੇ ਕਿਤੇ ਬੱਚਾ ਕੱਚੀ ਜ਼ਮੀਨ ਉੱਤੇ ਵੀ ਡਿੱਗ ਜਾਵੇ ਤਾਂ ਮਾਂ “ਕੀੜੀ ਦਾ ਆਟਾ ਡੁੱਲ੍ਹ ਗਿਆ” ਆਖਦੀ ਹੋਈ ਆਪਣੇ ਪੱਲੇ ਨਾਲ ਬੱਚੇ ਦੇ ਗੋਡਿਆਂ ਗਿੱਟਿਆਂ ਤੋਂ ਮਿੱਟੀ ਝਾੜਦੀ ਹੋਈ ਉਸਨੂੰ ਲੰਮੀ ਉਮਰ ਦੀਆਂ ਸੌ ਦੁਆਵਾਂ ਦਿੰਦੀ ਹੈ। ਤੇਰੇ ਘਰ ਦੇ ਕੁੱਤੇ ਨੂੰ ਇੱਕ ਝਰੀਟ ਵੀ ਆ ਜਾਵੇ ਤਾਂ ਤੇਰਾ ਸਾਹ ਸੁੱਕਿਆ ਹੁੰਦਾ ਹੈ।
ਕਦੀ ਸੋਚ ਕੇ ਦੇਖੀਂ… ਤੇਰੀਆਂ ਅੱਖਾਂ ਸਾਹਮਣੇ ਹੀ ਤੇਰੇ ਘਰ ਤੇ ਤੇਰੇ ਆਪਣਿਆਂ ਦੇ ਜਦੋਂ ਪਰਖੱਚੇ ਉੱਡਣਗੇ ਤਾਂ ਉਹ ਕਿਹੋ ਜਿਹਾ ਮੰਜ਼ਰ ਹੋਵੇਗਾ?
ਤੂੰ ਕਿਸ ਖ਼ੁਦਾ ਕੋਲੋਂ ਆਪਣੀ ਸਲਾਮਤੀ ਦੀ ਭੀਖ ਮੰਗਣੀ ਉਸ ਵਕਤ?
ਆਪਣੇ ਆਪ ਨੂੰ ਸਭਾਲੇਂਗਾ ਜਾਂ ਫ਼ਿਰ ਘਰ ਦੇ ਉਸ ਜੀਅ ਨੂੰ, ਜਿਸਦੇ ਅੰਦਰ ਤੇਰੀ ਜਾਨ ਵੱਸਦੀ ਹੋਣੀ ਹੈ?
ਤੇਰੀਆਂ ਹੀ ਅੱਖਾਂ ਸਾਹਮਣੇ ਤੇਰੇ ਲਾਏ ਫੁੱਲ ਬੂਟੇ, ਗਮਲੇ, ਬਾਗ਼ ਜਦੋਂ ਤੀਲ੍ਹਾ ਤੀਲ੍ਹਾ ਹੋਣੇ ਨੇ, ਉਸ ਵਕਤ ਕਿਸ ਦਾ ਆਸਰਾ ਲਵੇਂਗਾ ਤੂੰ?
ਤੇਰੇ ਸਕੂਲ ਵਾਲੇ ਝੋਲੇ, ਕੈਦੇ, ਸਲੇਟ ਤੇ ਕਾਪੀਆਂ ਦੀਆਂ ਜਦੋਂ ਬੰਬਾਂ ਨਾਲ ਧੱਜੀਆਂ ਉੱਡਣਗੀਆਂ, ਉਸ ਵਕਤ ਆਪਣੇ ਆਪ ਨੂੰ ਕਿਸ ਬੰਕਰ ਵਿੱਚ ਮਹਿਫ਼ੂਜ਼ ਰੱਖੇਂਗਾ ਤੂੰ?
ਕਦੀ ਸ਼ੀਸ਼ੇ ਅੱਗੇ ਖੜ੍ਹ ਕੇ ਪੁੱਛੀਂ ਆਪਣੇ ਆਪ ਤੋਂ, ਉਸ ਵਹਿਸ਼ੀ ਇਨਸਾਨ ਤੋਂ… ਜਿਹੜਾ ਤੈਨੂੰ ਬੇਜ਼ੁਬਾਨ ਜਾਨਵਰਾਂ, ਨਿਰਦੋਸ਼ ਲੋਕਾਂ, ਮਾਸੂਮ ਬੱਚਿਆਂ ਅਤੇ ਕਿੰਨੀਆਂ ਸਧਰਾਂ ਦਾ ਕਤਲ ਕਰਨ ਦਾ ਹੁਕਮ ਦਿੰਦਾ ਹੈ। ਕਿਸੇ ਦੀਆਂ ਨੀਹਾਂ, ਕਿਸੇ ਦੀਆਂ ਧੀਆਂ, ਕਿਸੇ ਦੇ ਹਾਸੇ ਤੇ ਕਿਸੇ ਦੀਆਂ ਖ਼ੁਸ਼ੀਆਂ ਉੱਤੇ ਤੂੰ ਖ਼ੂਨ ਨਾਲ ਲਿੱਬੜਿਆ ਕਫ਼ਨ ਪਾ ਦਿੰਦਾ ਏਂ…
ਬਦ ਦੁਆ ਦੀ ਵੀ ਉਮਰ ਬੜੀ ਲੰਮੇਰੀ ਹੁੰਦੀ ਏ, ਅੱਜ, ਕੱਲ੍ਹ, ਪਰਸੋਂ, ਸੌ ਦੋ ਸੌ ਸਾਲ ਬਾਅਦ ਉਹ ਤੇਰੇ ਅੱਗੇ ਲਾਜ਼ਿਮ ਹੀ ਆਵੇਗੀ।
ਜ਼ਫ਼ਰ ਜ਼ੈਦੀ ਜੀ ਦਾ ਇੱਕ ਸ਼ਿਅਰ ਯਾਦ ਆਇਆ ਹੈ…
ਏਕ ਸ਼ਜਰ ਮੁਹੱਬਤ ਕਾ ਐਸਾ ਲਗਾਇਆ ਜਾਏ
ਜਿਸ ਕਾ ਹਮਸਾਏ ਕੇ ਆਂਗਨ ਮੇਂ ਭੀ ਸਾਇਆ ਜਾਏ
ਲਿਖਤ : ਸ਼ਹਿਬਾਜ਼ ਖ਼ਾਨ
(14 ਅਕਤੂਬਰ 2023)