ਸੰਨ 1965..”ਵਕਤ” ਨਾਮ ਦੀ ਹਿੰਦੀ ਫਿਲਮ..ਚੋਟੀ ਦੇ ਕਲਾਕਾਰ..ਕਹਾਣੀ ਇੱਕ ਐਸੇ ਪਰਿਵਾਰ ਦੀ ਜੋ ਹਰ ਪੱਖੋਂ ਖੁਸ਼ਹਾਲ..ਖਾਂਦਾ-ਪੀਂਦਾ..ਇੱਕੋ ਛੱਤ ਹੇਠ..!
ਅਚਾਨਕ ਇੱਕ ਕੁਦਰਤੀ ਕਰੋਪੀ..ਸਭ ਕੁਝ ਤਬਾਹ..ਸਭ ਵਿਛੜ ਜਾਂਦੇ..ਵਰ੍ਹਿਆਂ ਮਗਰੋਂ ਕੋਈ ਦਿਹਾੜੀ ਕੋਈ ਰਿਕਸ਼ਾ ਤੇ ਕੋਈ ਹੋਟਲ ਦਾ ਵੇਟਰ..ਮਾਂ ਬਾਪ ਸਾਮਣੇ ਫਿਰਦੀ ਆਪਣੀ ਔਲਾਦ ਵੀ ਨਹੀਂ ਪਛਾਣ ਸਕਦੇ..!
ਮੇਰੇ ਪਿਤਾ ਜੀ ਜਦੋਂ vi ਫਿਲਮ ਵੇਖਦੇ ਰੋ ਪਿਆ ਕਰਦੇ..ਸ਼ਾਇਦ ਸੰਤਾਲੀ ਚੇਤੇ ਆ ਜਾਂਦੀ..ਫੇਰ ਆਖਦੇ ਭਾਈ ਇਹ ਸਮਾਂ ਬੜਾ ਬਲਵਾਨ ਏ..ਓਦੋਂ ਸਮਝ ਨਾ ਲੱਗਦੀ..ਡਾਹਢਾ ਤੇ ਸਿਰਫ ਇਨਸਾਨ ਹੀ ਹੋ ਸਕਦਾ..ਭਲਾ ਵਕਤ ਕਿੱਦਾਂ?
ਹੁਣ ਸਮਝ ਲੱਗੀ..ਤੁਰਕੀ ਦਾ ਭੁਚਾਲ..ਇੱਕ ਆਖ ਰਿਹਾ ਸੀ ਮੈਥੋਂ ਇਸ ਮਹੀਨੇ ਕਿਰਾਇਆ ਨਾ ਦਿੱਤਾ ਗਿਆ..ਮਕਾਨ ਮਾਲਕ ਨੇ ਘਰੋਂ ਕੱਢ ਦਿੱਤਾ..ਅਗਲੇ ਦਿਨ ਭੁਚਾਲ ਆ ਗਿਆ..ਹੁਣ ਅਸੀਂ ਦੋਵੇਂ ਇੱਕੋਂ ਟੈਂਟ ਵਿੱਚ ਹਾਂ..ਮੈਂ ਇੱਕ ਦਿਨ ਪਹਿਲੋਂ ਬੇਘਰ ਹੋਇਆ ਤੇ ਮੇਰਾ ਮਾਲਕ ਅਗਲੇ ਦਿਨ!
ਇੱਕ ਹੋਰ ਅਖ਼ੇ ਮੇਰੇ ਕੋਲ ਤਿੰਨ ਘਰ ਸਨ..ਤਿੰਨੋਂ ਕਿਰਾਏ ਤੇ..ਅੱਜ ਹੱਥ ਵਿੱਚ ਸਿਰਫ ਬਰੈਡ ਦੇ ਤਿੰਨ ਪੈਕਟ..ਉਹ ਵੀ ਪੂਰੇ ਤਿੰਨ ਘੰਟੇ ਲਾਈਨ ਵਿੱਚ ਲੱਗਿਆ ਤਾਂ ਜਾ ਕੇ ਮਿਲੇ..ਬੇਬਸੀ..ਹੰਝੂ..ਲਾਚਾਰੀ..ਅਨਿਸਚਿਤਤਾ..ਗੁੱਸਾ ਗਿਲਾ ਸ਼ਰਮਿੰਦਗੀ!
ਵਾਕਿਆ ਹੀ ਸਭ ਸਮੇਂ ਦਾ ਚੱਕਰ..ਇੱਕ ਪੁੱਛਿਆ ਦੁਨੀਆਂ ਦੀ ਸਭ ਤੋਂ ਮਜਬੂਤ ਚੀਜ ਕੀ ਹੈ?
ਕੋਈ ਆਖੇ ਸਰਕਾਰ..ਕੋਈ ਪੈਸੇ ਕੋਈ ਸਰੀਰਕ ਬਲ ਨੂੰ ਹੀ ਸਭ ਤੋਂ ਮਜਬੂਤ ਮੰਨੀ ਜਾ ਰਿਹਾ ਸੀ..!
ਇੱਕ ਬਜ਼ੁਰਗ ਅੱਗੇ ਆਇਆ ਅਖ਼ੇ ਭੋਲਿਓ ਸਭ ਤੋਂ ਡਾਹਢਾ ਵਕਤ..ਜੇ ਤੁਹਾਡੇ ਵਾਲੇ ਪਾਸੇ ਤਾਂ ਸਭ ਕੁਝ ਤੁਹਾਡਾ..ਇਕੇਰਾਂ ਉਲਟ ਹੋ ਗਿਆ ਤਾਂ ਊਂਠ ਤੇ ਬੈਠਿਆਂ ਵੀ ਕੁੱਤਾ ਵੱਢ ਜਾਂਦਾ..!
ਨਿੱਕੇ ਹੁੰਦਿਆਂ ਟਰੱਕਾਂ ਮਗਰ ਆਮ ਲਿਖਿਆ ਹੁੰਦਾ ਸੀ..ਰੱਬ..ਮੌਤ ਅਤੇ ਵਕਤ ਕੋਲੋਂ ਡਰ ਕੇ ਰਹੋ!
ਹਰਪ੍ਰੀਤ ਸਿੰਘ ਜਵੰਦਾ