ਕੰਢੇ | kande

ਟਾਰਾਂਟੋ..ਛੁੱਟੀ ਵਾਲੇ ਦਿਨ ਘੁੰਮਣ ਫਿਰਨ ਕੋਲ ਹੀ ਗੁਲੇਫ ਸ਼ਹਿਰ ਚਲਾ ਗਿਆ..ਫਿਰਦਿਆਂ ਨਿਆਣਿਆਂ ਨੂੰ ਭੁੱਖ ਲੱਗ ਗਈ..ਰੇਸਟੌਰੈਂਟ ਵੜਨ ਲੱਗੇ ਤਾਂ ਪਿੱਛੋਂ ਵਾਜ ਪਈ..”ਸਰਦਾਰ ਜੀ ਸਤਿ ਸ੍ਰੀ ਅਕਾਲ”!
ਭਓਂ ਕੇ ਵੇਖਿਆ ਗੋਰਾ ਸੀ..ਹੁੱਡੀ ਪਾਈ..ਮੂੰਹ ਤੇ ਮਾਸਕ..ਜੁਆਬੀ ਫਤਹਿ ਬੁਲਾ ਕੇ ਤੁਰਨ ਲੱਗੇ ਦਾ ਰਾਹ ਡੱਕ ਲਿਆ ਅਖ਼ੇ ਸਰਦਾਰਾ ਕਾਹਦੀ ਕਾਹਲੀ..ਦੋ ਚਾਰ ਗੱਲਾਂ ਹੀ ਕਰਦਾ ਜਾ..ਮੈਨੂੰ ਅਜੀਬ ਤੇ ਅਸਹਿਜ ਮਹਿਸੂਸ ਹੋਇਆ..ਨਾ ਕੋਈ ਜਾਣ ਪਹਿਚਾਣ..ਪਤਾ ਨੀ ਕਿਓਂ ਖਹਿੜੇ ਹੀ ਪੈ ਗਿਆ..ਪਰ ਮੇਰੇ ਹਾਵ ਭਾਵ ਪੜ ਉਸਨੇ ਆਪਣਾ ਮਾਸਕ ਲਾਹ ਦਿੱਤਾ..ਕਤਰੀ ਦਾਹੜੀ..ਗੋਰਾ ਰੰਗ..ਸਮਝ ਨਾ ਆਵੇ ਕੇ ਗੋਰਾ ਹੈ ਕੇ ਕੋਈ ਆਪਣਾ..?
ਰਮਜ ਪਛਾਣ ਆਖਣ ਲੱਗਾ ਸਰਦਾਰ ਜੀ ਮੈਂ ਇਹ ਸੱਤ ਸ੍ਰੀ ਅਕਾਲ ਤੁਹਾਨੂੰ ਨਹੀਂ ਸਗੋਂ ਤੁਹਾਡੇ ਸਿਰ ਤੇ ਸੱਜੀ ਦਸਤਾਰ ਨੂੰ ਬੁਲਾਈ..ਤੁਹਾਡੀ ਕਲਗੀ ਨੂੰ..!
ਡੂੰਘੀ ਜਿਗਿਆਸਾ ਜਾਗੀ..ਦਸਤਾਰ ਨੂੰ ਏਡਾ ਉਚਾ ਦਰਜਾ ਦੇਣ ਵਾਲਾ ਕੌਣ ਹੋ ਸਕਦਾ..!
ਉਸਨੇ ਇਕੇਰਾਂ ਫੇਰ ਮੇਰੇ ਹਾਵ ਭਾਵ ਪੜ ਲਏ..ਅਖ਼ੇ ਸਰਦਾਰ ਜੀ ਬਾਨਵੇਂ ਵਿਚ ਕੁਵੈਤ ਤੇ ਇਰਾਕ ਦਾ ਕਬਜਾ ਹੋ ਗਿਆ ਤਾਂ ਇਹ ਪਠਾਣ ਭੱਜ ਕੇ ਅਫਗਾਨਿਸਤਾਨ ਸਰਹੱਦ ਤੇ ਵੱਸੇ ਆਪਣੇ ਪਿੰਡ ਚਲਾ ਗਿਆ..ਮਗਰੋਂ ਲੰਡਨ ਭਰਾ ਕੋਲ..ਓਥੋਂ ਇਥੇ..ਇਤਿਹਾਸ ਪੜਨਾ ਮੇਰੀ ਕਮਜ਼ੋਰੀ ਏ..ਆਪਣੇ ਇਲਾਕੇ ਦਾ ਚਾਰ ਸੌ ਸਾਲ ਦਾ ਇਤਿਹਾਸ ਮੇਰੀਆਂ ਉਂਗਲਾਂ ਤੇ ਹੈ ਜੋ ਮਰਜੀ ਪੁੱਛ ਲਵੋ..ਇਥੇ ਗੋਰੇ ਆਏ ਟਿਕ ਨਾ ਸਕੇ..ਭੱਜਦੇ ਹੋਏ ਰੂਸੀਆਂ ਵੱਲੋਂ ਪਿੱਛੇ ਛੱਡੇ ਟੈਂਕ ਅਜੇ ਵੀ ਖਲੋਤੇ..ਸਾਡੇ ਨਿਆਣੇ ਓਹਨਾ ਤੇ ਖੇਡਦੇ ਨੇ..ਅਸੀਂ ਵੀ ਜਾਣ ਬੁੱਝ ਕੇ ਖੇਡਣ ਦਿੰਦੇ ਹਾਂ..ਤਾਂ ਕੇ ਪੁਰਖਿਆਂ ਦੀਆਂ ਮਾਰੀਆਂ ਮੱਲਾਂ ਦਿਮਾਗ ਵਿੱਚ ਵੱਸੀਆਂ ਰਹਿਣ..ਅਮਰੀਕੀਆਂ ਸਾਥੋਂ ਮਸੀਂ ਖਹਿੜਾ ਛੁਡਾਇਆ..ਪਰ ਇੱਕ ਗੱਲ ਮੰਨਣ ਵਿਚ ਨਹੀਂ ਆਉਂਦੀ ਇੱਕ ਕਾਣਾ ਸਾਡੇ ਤੇ ਇੰਨਾ ਲੰਮਾਂ ਸਮਾਂ ਰਾਜ ਕਿੱਦਾਂ ਕਰ ਗਿਆ..?
ਮੇਰੀ ਸਮਝ ਵਿਚ ਨਾ ਆਇਆ ਇਹ ਕਾਣਾ ਕਿਸਨੂੰ ਆਖ ਰਿਹਾ..ਅੱਗਿਓਂ ਆਖਣ ਲੱਗਾ ਸਰਦਾਰਾ ਓਹੀ ਕਾਣਾ (ਰਣਜੀਤ ਸਿੰਘ) ਜਿਸਦੇ ਨਲੂਏ ਅਟਾਰੀ ਵਰਗੇ ਜਰਨੈਲਾਂ ਸਾਨੂੰ ਸਲਵਾਰਾਂ ਪਾਉਣ ਤੇ ਮਜਬੂਰ ਕੀਤਾ..ਸਾਡੇ ਅੱਜ ਵੀ ਥਾਂ ਥਾਂ ਸਿੱਖ ਰਾਜ ਦੀਆਂ ਨਿਸ਼ਾਨੀਆਂ..ਕੁਝ ਗਵਾਚ ਗਈਆਂ ਤੇ ਬਹੁਤੀਆਂ ਅਜੇ ਹੈਗੀਆਂ..ਅਸੀਂ ਪਠਾਣ ਪਸ਼ਤੂਨ ਲੋਕ..ਸਾਨੂੰ ਜੰਮਦਿਆਂ ਨੂੰ ਹੀ ਦੋ ਗੱਲਾਂ ਸਿਖਾਈਆਂ ਜਾਂਦੀਆਂ..ਜਾਂ ਤੇ ਹੱਕਾਂ ਖਾਤਿਰ ਲੜਨਾ ਤੇ ਜਾਂ ਫੇਰ ਮੁੱਕ ਜਾਣਾ..ਵਿਚ ਵਿਚਾਲੇ ਕੁਝ ਵੀ ਨਹੀਂ..ਜਦੋਂ ਬਾਹਰੀ ਲੜਾਈ ਥੰਮ ਜਾਂਦੀ ਏ ਤਾਂ ਇੱਕ ਪਠਾਣ ਆਪਣੇ ਅੰਦਰ ਦੇ ਐਬਾਂ ਨਾਲ ਲੜਦਾ..ਪਰ ਇੱਕ ਗੱਲ ਮੇਰੇ ਕਿੰਨੇ ਚਿਰ ਤੋਂ ਕੰਡੇ ਵਾਂਙ ਚੁੱਭਦੀ ਏ..ਉਹ ਕਾਣਾ ਅੱਧੀ ਸਦੀ ਸਾਡੇ ਤੇ ਰਾਜ ਕਿੱਦਾਂ ਕਰ ਗਿਆ..?
ਹੁਣ ਅੱਗੇ ਦੀ ਸੁਣੋਂ ਕੁਝ ਦਿਨ ਪਹਿਲੋਂ ਆਪਣੇ ਦੋਸਤ ਦੀ ਬੀਅਰ ਬਾਰ ਤੇ ਇੱਕ ਮੁੰਡਾ ਕੁੜੀ ਸ਼ਰਾਬ ਲੈਣ ਆਏ..ਕੁੜੀ ਪੂਰੀ ਸ਼ਰਾਬਣ..ਮੁੰਡੇ ਦੇ ਮੋਢਿਆਂ ਤੇ ਹੱਥ ਰੱਖ ਮਸੀਂ ਹੀ ਖਲੋਤੀ..ਆਈ ਡੀ ਮੰਗੀ ਤਾਂ ਕੋਈ “ਕੌਰ” ਸੀ..ਦੋਸਤ ਆਖਣ ਲੱਗਾ ਤੈਨੂੰ ਪਤਾ ਇਹ ਕੌਰਾਂ ਕੌਣ ਹੁੰਦੀਆਂ..ਓਹਨਾ ਮਾਵਾਂ ਦੀਆਂ ਅਗਲੀਆਂ ਪੀੜੀਆਂ ਜਿਹਨਾਂ ਸਾਡੇ ਤੇ ਅੱਧੀ ਸਦੀ ਰਾਜ ਕਰਨ ਵਾਲੇ ਨਲੂਏ ਅਤੇ ਸ਼ਾਮ ਸਿੰਘ ਜੰਮੇ ਸਨ..ਹੈਰਾਨ ਨਾ ਹੋ ਇਹ ਰੋਜ ਦਾ ਵਰਤਾਰਾ ਏ!
ਸਰਦਾਰ ਜੀ ਪਹਿਲਾ ਕੰਢਾ ਅਜੇ ਨਿੱਕਲਿਆ ਵੀ ਨਹੀਂ ਸੀ ਕੇ ਦੂਜਾ ਉਸ ਦਿਨ ਹੋਰ ਚੁੱਭ ਗਿਆ..ਸਾਡੇ ਤੇ ਅੱਧੀ ਸਦੀ ਰਾਜ ਕਰਨ ਵਾਲੇ ਇਹ ਬੇਗੈਰਤ ਲੋਕ ਸਨ..ਜਿਹਨਾਂ ਦੀਆਂ ਲੱਤਾਂ ਆਪਣਾ ਖੁਦ ਦਾ ਭਾਰ ਵੀ ਨਹੀਂ ਝੱਲਦੀਆਂ..ਨਾ ਨਾ ਮੇਰੇ ਮੌਲਾ..ਇੰਝ ਨਹੀਂ ਹੋ ਸਕਦਾ..ਜਾਂ ਤੇ ਸਾਡੀ ਕੌਂਮ ਉਸ ਵੇਲੇ ਕੁਝ ਚਿਰ ਲਈ ਗਰਕ ਗਈ ਹੋਣੀ ਤੇ ਜਾਂ ਫੇਰ ਕਾਣੇ ਦੀਆਂ ਅਗਲੀਆਂ ਪੀੜੀਆਂ ਅੱਜ ਗਰਕਣ ਤੇ ਆਈਆਂ..!
ਪਠਾਣ ਦੇ ਸਵਾਲਾਂ ਨੇ ਮੈਨੂੰ ਪੂਰੀ ਤਰਾਂ ਸੁੰਨ ਕਰ ਦਿੱਤਾ..ਮੈਂ ਗਿਆਂ ਤਾਂ ਸਾਂ ਪੇਟ ਦੀ ਵਕਤੀ ਭੁੱਖ ਮਿਟਾਉਣ ਪਰ ਉਲਟਾ ਖੁਦ ਮੇਰੇ ਕਿੰਨੇ ਸਾਰੇ ਕੰਢੇ ਚੁੱਭ ਗਏ..ਪੈਰਾਂ ਦੀਆਂ ਤਲੀਆਂ ਤੇ ਨਹੀਂ ਅੱਗੋਂ ਦਿਲ ਦੀਆਂ ਅੰਦਰੂਨੀ ਪਰਤਾਂ ਤੇ..ਹੁਣ ਇਹ ਸਮਝ ਨਹੀਂ ਆ ਰਹੀ..ਦਿਲ ਦੀਆਂ ਅੰਦਰੂਨੀ ਤੈਹਾਂ ਤੇ ਚੁਭੇ ਹੋਏ ਕਿਹੜੀ ਸੂਈ ਨਾਲ ਕੱਢੀਦੇ ਨੇ..!
(ਸੱਚਾ ਬਿਰਤਾਂਤ Bhai Rajinder Singh Yogi 70062-92902)
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *