ਅਸੀਂ ਸਕੂਲ ਦੇ ਬੱਚਿਆਂ ਦਾ ਟੂਰ ਲੈਕੇ ਬੰਬੇ ਗੋਆ ਗਏ। ਇਹ ਗੱਲ ਸ਼ਾਇਦ 1989,90 ਦੀ ਹੈ। ਇਸ ਟੂਰ ਲਈ ਅਬੋਹਰ ਤੋਂ ਸ੍ਰੀ ਬਾਬੂ ਰਾਮ ਦੀ ਬੱਸ ਕਿਰਾਏ ਤੇ ਕੀਤੀ। ਬਾਬੂ ਰਾਮ ਦੇ ਕਹਿਣ ਤੇ ਹੀ ਸਫ਼ਰ ਦੌਰਾਨ ਖਾਣਪੀਣ ਲਈ ਅਬੋਹਰ ਵਾਲੇ ਦੀਪ ਬਾਬੂ ਦੀਆਂ ਸੇਵਾਵਾਂ ਲਈਆਂ। ਦੀਪ ਬਾਬੂ ਨੇ ਆਪਣੀ ਗ੍ਰਹਿ ਮੰਤਰੀ ਦੇ ਭਾਈ ਸ਼੍ਰੀ ਦੇਵ ਰਾਜ ਦੀ ਅਗੁਵਾਈ ਵਿੱਚ ਆਪਣੀ ਟੀਮ ਸਾਡੇ ਨਾਲ ਭੇਜ ਦਿੱਤੀ। ਭੂਰੀਆ ਅੱਖਾਂ, ਗੋਰਾ ਰੰਗ ਤੇ ਛੋਟੀਆਂ ਛੋਟੀਆਂ ਮੁੱਛਾਂ ਵਾਲਾ #ਦੇਵਰਾਜ ਫਿਲਮ ਸਟਾਰ #ਡੈਨੀ ਵਰਗਾ ਲਗਦਾ ਸੀ। ਬੱਚੇ ਉਸਨੂੰ ਡੈਨੀ ਅੰਕਲ ਹੀ ਕਹਿਣ ਲੱਗ ਪਏ। ਲੰਬਾ ਸਫ਼ਰ ਸੀ ਸਾਨੂੰ ਬਾਬੂ ਰਾਮ ਦੀ ਬੱਸ ਨੇ ਬਹੁਤ ਖੱਜਲ਼ ਖੁਆਰ ਕੀਤਾ। ਉਹ ਥੋੜਾ ਜਿਹਾ ਚੱਲਕੇ ਹੀ ਖਰਾਬ ਹੋ ਜਾਂਦੀ। ਨਾ ਉਸਦੀਆਂ ਖਿੜਕੀਆਂ ਚੰਗੀ ਤਰਾਂ ਬੰਦ ਹੁੰਦੀਆਂ ਸਨ ਨਾ ਹੀ ਸ਼ੀਸ਼ੇ। ਫਿਰ ਵੀ ਸ਼ਬਰ ਕਰਕੇ ਅਸੀਂ ਸਾਰੇ ਟੂਰ ਦਾ ਲੁਤਫ਼ ਉਠਾ ਰਹੇ ਸੀ। ਕਿਉਂਕਿ ਸਾਡੀ ਕੁਕਿੰਗ ਪਾਰਟੀ ਵਧੀਆ ਸੀ। ਖਾਣੇ ਦੀ ਹਰ ਕੋਈ ਤਾਰੀਫ ਕਰਦਾ ਸੀ। ਜਿੱਥੇ ਵੀ ਬੱਸ ਖਰਾਬ ਹੁੰਦੀ ਮੈੱਸ ਵਾਲੇ ਆਪਣੀਆਂ ਭੱਠੀਆਂ ਬਾਲ ਲੈਂਦੇ ਤੇ ਲਜ਼ੀਜ਼ ਖਾਣਾ ਤਿਆਰ ਕਰ ਦਿੰਦੇ। ਬਾਬੂ ਰਾਮ ਦੀ ਬੱਸ ਦੀਆਂ ਪ੍ਰੇਸ਼ਾਨੀਆਂ ਨੂੰ ਸਵਾਦੀ ਖਾਣੇ ਨੇ ਭੁਲਾ ਦਿੱਤਾ। ਮੇਹਨਤੀ ਦੇਵਰਾਜ ਵੱਲੋਂ ਕੀਤੀ ਗਈ ਬੱਚਿਆਂ ਦੀ ਸੇਵਾ ਨੇ ਸਭ ਨੂੰ ਖੁਸ਼ ਕਰ ਦਿੱਤਾ। ਉਸਦੀ ਕਾਰਜਗੁਜਾਰੀ ਤੋਂ ਖੁਸ਼ ਹੋਕੇ ਸੰਸਥਾ ਮੁਖੀ ਨੇ ਹੋਸਟਲ ਮੈੱਸ ਦਾ ਠੇਕਾ ਦੀਪ ਬਾਬੂ ਨੂੰ ਦੇ ਦਿੱਤਾ। ਦੀਪ ਬਾਬੂ ਜਿਸਦਾ ਪੂਰਾ ਨਾਮ ਕੁਲਦੀਪ ਕਸਰੀਜਾ ਹੈ ਨੇ ਇਹ ਜਿੰਮੇਵਾਰੀ ਦੇਵਰਾਜ ਨੂੰ ਸੌਂਪ ਦਿੱਤੀ। ਬਾਅਦ ਵਿੱਚ ਦੀਪ ਬਾਬੂ ਦਸਮੇਸ਼ ਕਾਲਜ ਦਾ ਮੈੱਸ ਠੇਕੇਦਾਰ ਬਣ ਗਿਆ ਅਤੇ ਸ੍ਰੀ ਦੇਵਰਾਜ ਸਾਰੀ ਉਮਰ ਸਕੂਲ ਦੀ ਮੈੱਸ ਦਾ ਠੇਕੇਦਾਰ । ਦੀਪ ਬਾਬੂ ਅਬੋਹਰ ਵਿੱਚ #ਗ੍ਰੀਨ_ਕੇਟਰਿੰਗ ਦੇ ਬੈਨਰ ਹੇਠ ਕੰਮ ਕਰਦਾ ਸੀ ਤੇ ਇਲਾਕੇ ਵਿੱਚ ਉਸਦਾ ਨਾਮ ਚਲਦਾ ਸੀ। ਫਿਰ ਦੀਪ ਦਾ ਪਰਿਵਾਰ ਅਤੇ ਦੇਵ ਰਾਜ ਦਾ ਪਰਿਵਾਰ ਪੱਕੇ ਹੀ ਬਾਦਲ ਵਾਲੇ ਹੋ ਗਏ। ਹੁਣ ਇਹਨਾਂ ਸਾਰਿਆਂ ਨੂੰ ਲੋਕ ਠੇਕੇਦਾਰ ਹੀ ਆਖਦੇ ਹਨ। ਇਲਾਕੇ ਦੀ ਕੋਈ ਵੀ ਮੈੱਸ ਹੋਵੇ ਠੇਕਾ ਇਹਨਾਂ ਨੂੰ ਹੀ ਮਿਲਦਾ ਹੈ ਇਹ ਸਭ ਦੀਪ ਬਾਬੂ ਦੀ ਕਾਬਲੀਅਤ ਹੈ। ਇੱਥੇ ਵੀ ਗ੍ਰੀਨ ਕੇਟਰਿੰਗ ਦਾ ਰੁਤਬਾ ਬਰਕਰਾਰ ਹੈ। ਦੇਵਰਾਜ ਵੀ ਇੱਕ ਸਫਲ ਠੇਕੇਦਾਰ ਬਣਿਆ ਅਤੇ ਉਸ ਨੂੰ ਡੈਨੀ ਅੰਕਲ ਕਹਿਣ ਵਾਲੇ ਬੱਚੇ ਵੀ ਪੜ੍ਹਾਈ ਪੂਰੀ ਕਰਕੇ ਚਲੇ ਗਏ।
ਓਹਨਾ ਦਿਨਾਂ ਵਿੱਚ ਸਾਡੇ ਇੱਕ ਹੋਸਟਲ ਵਾਰਡਨ ਮੈਡਮ ਹੁੰਦੇ ਸਨ ਜਿੰਨਾ ਨੂੰ ਬੱਚੇ ਦਿੱਲੀ ਵਾਲੇ ਮੈਡਮ ਕਹਿੰਦੇ ਸਨ। ਉਹ ਦੇਵਰਾਜ ਦੀ ਉਮਰ ਦੇ ਹੀ ਸਨ। ਸਾਲ ਵੱਡੇ ਯ ਸਾਲ ਛੋਟੇ। ਪਰ ਓਹ ਸ਼੍ਰੀ ਦੇਵਰਾਜ ਨੂੰ ਬੱਚਿਆਂ ਦੀ ਰੀਸ ਨਾਲ ਅੰਕਲ ਆਖਦੇ। ਬੜਾ ਅਜੀਬ ਜਿਹਾ ਲਗਦਾ। ਪਰ ਮੈਡਮ ਸ਼ਾਇਦ ਆਪਣੀ ਉਮਰ ਲਕਾਉਂਦੇ ਹੋਏ ਉਸਨੂੰ ਅੰਕਲ ਆਖਦੇ ਸਨ। ਪਰ ਦੇਵਰਾਜ ਨੇ ਅੰਕਲ ਸ਼ਬਦ ਦਾ ਕਦੇ ਗੁੱਸਾ ਨਹੀਂ ਕੀਤਾ। ਕਿਉਂਕਿ ਹਲੀਮੀ ਅਤੇ ਨਰਮੀ ਉਸਦੇ ਸੁਭਾਅ ਦਾ ਹਿੱਸਾ ਸੀ। ਕੁਝ ਕੁ ਸਾਲ ਹੋਏ ਸ਼੍ਰੀ ਦੇਵਰਾਜ ਜੀ ਅਚਾਨਕ ਇਸ ਸੰਸਾਰ ਤੋਂ ਰੁਖਸਤ ਹੋ ਗਏ। ਹੁਣ ਉਸ ਦੀ ਔਲਾਦ ਆਪ੍ਣੇਵਪਿਤਾ ਦੀ ਵਿਰਾਸਤ ਨੂੰ ਸੰਭਾਲਦੀ ਹੈ ਤੇ ਉਹ ਵੀ ਠੇਕੇਦਾਰੀ ਕਰਦੇ ਹਨ। ਫਰਕ ਇੰਨਾ ਹੈ ਕਿ ਉਸ ਡੈਨੀ ਅੰਕਲ ਦੇ ਬੱਚਿਆਂ ਨੂੰ ਲੋਕ ਹੁਣ ਇਹਨਾਂ ਦੀ ਉਪ ਜਾਤੀ ਅਨੁਸਾਰ ਚੁੱਘ ਕਹਿਕੇ ਬੁਲਾਉਂਦੇ ਹਨ। ਅਤੇ ਅਬੋਹਰ ਵਾਲਾ ਦੀਪਾ ਹੁਣ ਕੁਲਦੀਪ ਕੁਮਾਰ ਕਸਰੀਜਾ ਦੇ ਨਾਮ ਨਾਲ ਮਸ਼ਹੂਰ ਹੈ। ਟੂਰ ਦੌਰਾਨ ਬੱਚਿਆਂ ਦੀ ਕੀਤੀ ਸੇਵਾ ਦਾ ਫਲ ਇਹ ਪਰਿਵਾਰ ਪਿਛਲੇ ਬੱਤੀ ਤੇਤੀ ਸਾਲ ਤੋਂ ਖਾ ਰਿਹਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ