ਜਦੋ ਮੇਰੇ ਬੇਟੇ ਦਾ ਫਰੀਦਾਬਾਦ ਦੇ ਇੰਜੀਨੀਅਰਿੰਗ ਕਾਲਜ ਵਾਈ ਐਮ ਸੀ ਏ ਵਿਚ ਦਾਖਲਾ ਹੋਇਆ ਤਾਂ ਉਹਨਾਂ ਨੇ ਸਾਨੂੰ ਕਾਲਜ ਵਿਚ ਬਣੇ ਬੈੰਕ ਵਿੱਚ ਬੇਟੇ ਦਾ ਖਾਤਾ ਖਲਾਉਣ ਦਾ ਆਖਿਆ। ਜੋ ਅਸੀਂ ਖੁਲਵਾ ਦਿੱਤਾ। ਤੇ ਪੰਜ ਸੌ ਰੁਪਏ ਵੀ ਜਮਾਂ ਕਰਵਾ ਦਿੱਤੇ। ਅਗਲੀਆਂ ਫੀਸਾਂ ਤੇ ਖਰਚੇ ਦੇ ਪੈਸੇ ਨਕਦ ਹੀ ਦਿੰਦੇ ਰਹੇ। ਫ਼ਿਰ ਵੀ ਸਕੀਮੀ ਜੁਆਕ ਕੁਝ ਨਾ ਕੁਝ ਰਕਮ ਆਪਣੇ ਖਾਤੇ ਵਿਚ ਜਮਾਂ ਕਰਵਾ ਹੀ ਦਿੰਦਾ। ਉਸ ਸਮੇ ਉਹ ਬੈੰਕ ਆਨਲਾਈਨ ਸੀ ਤੇ ਏ ਟੀ ਐੱਮ ਦੀ ਸਾਹੂਲੀਅਤ ਵੀ ਸੀ। ਡੱਬਵਾਲੀ ਵਿੱਚ ਨਾ ਕੋਈ ਬੈੰਕ ਆਨਲਾਈਨ ਸੀ ਤੇ ਨਾ ਏ ਟੀ ਐਮ ਦੀ ਸਹੂਲਤ ਸੀ। ਹੁਣ ਬੇਟੇ ਨੇ ਆਪਣਾ ਏਟੀਂਐੱਮ ਕਾਰਡ ਬਣਵਾ ਲਿਆ ਸੀ। ਇੱਕ ਦਿਨ ਅਸੀਂ ਮੇਰੀ ਮਾਤਾ ਜੀ ਦਾ ਚੈਕ ਅਪ ਕਰਾਉਣ ਲਈ ਬਠਿੰਡੇ ਗਏ। ਸਾਡੇ ਕੋਲੋਂ ਓਦੋਂ ਐਮਬੈਸਡਰ ਦੀ ਛੋਟੀ ਭੈਣ ਟਾਟਾ ਇੰਡੀਕਾ ਕਾਰ ਹੁੰਦੀ ਸੀ। ਬੇਟੇ ਨੇ ਗੱਡੀ ਮਾਲ ਰੋਡ ਸਥਿਤ ਕਿਸੇ ਏਟੀਂਐਮ ਕੋਲ ਰੋਕੀ ਤੇ ਸਾਨੂੰ ਸਾਰਿਆਂ ਨੂੰ ਏ ਟੀਂ ਐਮ ਕੈਬਿਨ ਦੇ ਅੰਦਰ ਲ਼ੈ ਗਿਆ। ਇਸ ਨੇ ਕਾਰਡ ਮਸ਼ੀਨ ਵਿਚ ਪਾਇਆ ਤੇ ਕੋਡ ਲਗਾਇਆ ਮਸ਼ੀਨ ਵਿਚੋਂ ਸੋ ਦਾ ਨੋਟ ਬਾਹਰ ਆ ਗਿਆ। ਇਹ ਵੇਖਕੇ ਮੇਰੀ ਮਾਤਾ ਜੀ ਨੂੰ ਤਾਂ ਹੈਰਾਨੀ ਹੋਣੀ ਸੀ ਸਾਡਾ ਵੀ ਮੂੰਹ ਅੱਡਿਆ ਰਹਿ ਗਿਆ। ਅਸੀਂ ਇਹ ਕ੍ਰਿਸ਼ਮਾ ਪਹਿਲੀ ਵਾਰ ਜੋ ਵੇਖਿਆ ਸੀ। ਹੁਣ ਤਾਂ ਅਨਪੜ੍ਹ ਬਜ਼ੁਰਗ ਵੀ ਅਕਸ਼ਰ ਏ ਟੀਂ ਐਮ ਤੋਂ ਦੋ ਦੋ ਹਜ਼ਾਰ ਦੇ ਕਈ ਕਈ ਨੋਟ ਕੱਢਦੇ ਆਮ ਵੇਖੇ ਜਾ ਸਕਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ