ਪੈਂਤੀ ਸਾਲ ਪੁਰਾਣੀ ਗੱਲ..ਘਰ ਦੀ ਵੰਡ ਹੋ ਹੋਈ..ਵੇਹੜੇ ਕੰਧ ਵੱਜ ਗਈ..ਬੀਜੀ ਨੇ ਮਿਸਤਰੀ ਨੂੰ ਆਖ ਇੱਕ ਬਾਰੀ ਰਖਵਾ ਲਈ..ਵੇਲੇ ਕੁਵੇਲੇ ਗੱਲ ਬਾਤ ਕਰਨ ਲਈ..ਚਾਚਾ ਚਾਚੀ ਨਾਲਦੇ ਪਾਸੇ ਹੋ ਗਏ..ਨਵੀਂ ਵਿਆਹੀ ਚਾਚੀ..ਰੋਜ ਸਕੂਲ ਪੜਾਉਣ ਚਲੀ ਜਾਂਦੀ..ਮਗਰੋਂ ਦਾਦੀ ਕੋਈ ਨਾ ਕੋਈ ਸ਼ੈ ਬਾਰੀ ਖੋਲ ਓਧਰ ਰੱਖ ਦਿੰਦੀ..ਚਾਚਾ ਖਾ ਕੇ ਮੁੜ ਏਧਰ ਰੱਖ ਦਿੰਦਾ..ਦਾਦੀ ਕੌਲੀ ਧੋ ਕੇ ਓਸੇ ਵੇਲੇ ਭਾਂਡਿਆਂ ਵਿਚ ਰੱਖ ਦਿੰਦੀ..ਕਿਸੇ ਨੂੰ ਪਤਾ ਨਾ ਲੱਗਦਾ..!
ਇਕ ਦਿਨ ਖੀਰ ਬਣਾਈ..ਮੇਵੇ ਗਿਰੀਆਂ ਪਾ ਕੇ..ਪਰ ਉਸ ਦਿਨ ਚਾਚੀ ਨੂੰ ਛੁੱਟੀ ਸੀ..ਅੱਜ ਰੱਖਦੀ ਤਾਂ ਘਰੇ ਕਲੇਸ਼ ਪੈਣਾ ਸੀ..ਉਸਨੇ ਸਕੀਮ ਲੜਾਈ..ਖੀਰ ਡੋਲੂ ਵਿਚ ਪਾ ਕੇ ਬਾਹਰ ਨੂੰ ਤੁਰ ਪਈ..ਅਖ਼ੇ ਮੇਰੇ ਵੱਟ ਪੈਂਦਾ ਹੁਣੇ ਬਾਹਰੋਂ ਹੋ ਕੇ ਆਈ..ਮੈਂ ਵੀ ਮਗਰ ਮਗਰ..ਉਸਨੂੰ ਪਤਾ ਲੱਗ ਗਿਆ ਕੇ ਮੈਂ ਮਗਰ ਹਾਂ..ਮੇਰਾ ਸਿਰ ਪਲੋਸਦੀ ਆਖਣ ਲੱਗੀ ਘਰੇ ਨਾ ਦੱਸੀਂ..ਫੇਰ ਮੈਨੂੰ ਤੂੜੀ ਵਾਲੇ ਕਮਰੇ ਵਿਚ ਲੈ ਗਈ..ਤਾਜੇ ਸੂਏ ਕਤੂਰਿਆਂ ਦੀ ਮਾਂ ਨਵੇਂ ਜੰਮਿਆਂ ਨੂੰ ਦੁੱਧ ਚੁੰਘਾ ਰਹੀ ਸੀ..ਆਖਣ ਲੱਗੀ ਤੇਰਾ ਪਿਓ ਤੇ ਚਾਚਾ ਵੀ ਮੇਰੇ ਕਤੂਰੇ ਹੀ ਨੇ..ਦੁੱਧ ਨਾ ਚੁੰਘਾ ਲਵਾਂ ਤਾਂ ਸਿਦਕ ਨਹੀਂ ਆਉਂਦਾ..!
ਉਸ ਦਿਨ ਮਗਰੋਂ ਮੈਂ ਦਾਦੀ ਦੀਆਂ ਕਿੰਨੀਆਂ ਗੱਲਾਂ ਦਿਲ ਵਿਚ ਹੀ ਰੱਖੀਆਂ..ਜਦੋਂ ਵੀ ਦੱਸਣ ਲੱਗਦੀ ਕਤੂਰੇ ਅੱਖਾਂ ਸਾਮਣੇ ਆ ਜਾਂਦੇ..ਮਗਰੋਂ ਮੁੱਕ ਗਈ!
ਅਜੇ ਵੀ ਕਤੂਰੇ ਵੇਖ ਲਵਾਂ ਤਾਂ ਚੇਤੇ ਆ ਜਾਂਦੀ..ਰੱਬ ਸ਼ਾਇਦ ਹਰ ਥਾਂ ਆਪ ਹਾਜਿਰ ਨਹੀਂ ਸੀ ਹੋ ਸਕਦਾ..ਇਸੇ ਕਰਕੇ ਹੀ ਉਸਨੇ ਇੱਕ ਮਾਂ ਸਿਰਜ ਦਿੱਤੀ!
ਹਰਪ੍ਰੀਤ ਸਿੰਘ ਜਵੰਦਾ