“ਪੁੱਤ ਤਾਂ ਮੇਰੇ ਬਹੁਤ ਚੰਗੇ ਨੇ, ਪਰ ਕੀ ਕਰੀਏ?”
” ਪਰ ਹੋਇਆ ਕੀ? ”
ਸੁਨੀਤਾ ਅੰਟੀ ਮੈਨੂੰ ਰੋਜ਼ ਪਾਰਕ ਵਿੱਚ ਮਿਲਦੇ। ਹਰ ਰੋਜ਼ ਪਾਰਕ ਵਿੱਚ ਸੈਰ ਕਰਨ ਆਉਂਦੇ। ਬੜਾ ਸ਼ਾਤ ਚਿਹਰਾ ਸੀ, ਉਨ੍ਹਾਂ ਦਾ। ਦੇਖ ਕੇ ਮਨ ਬੜਾ ਪ੍ਰਸੰਨ ਹੋ ਜਾਂਦਾ । ਸਭ ਨੂੰ ਬੁਲਾਉਂਦੇ। ਸਾਰਾ ਦਿਨ ਹੱਸਦੇ ਰਹਿੰਦੇ। ਉਨ੍ਹਾਂ ਦੇ ਆਉਣ ਨਾਲ ਪਾਰਕ ਵਿੱਚ ਰੌਣਕ ਲੱਗ ਜਾਂਦੀ। ਗੋਰਾ ਚਿਹਰਾ, ਸਾਫ ਸੁਥਰੇ ਕੱਪੜੇ ਪਾਏ ਹੁੰਦੇ। ਸਭ ਦਾ ਮਨ ਮੋਹ ਲੈਂਦੇ। ਅੰਟੀ ਬਾਰੇ ਮੈਨੂੰ ਇਹੀ ਪਤਾ ਹੈ ਕਿ ਉਹ ਕਿਸੇ ਸਕੂਲ ਵਿੱਚੋਂ ਅਧਿਆਪਕਾ ਰਿਟਾਇਰ ਹੋਏ ਹਨ। ਅੰਕਲ ਵੀ ਕਿਸੇ ਬੈਂਕ ਵਿਚੋਂ ਮੈਨੇਜਰ ਰਿਟਾਇਰ ਹੋਏ ਹਨ। ਦੋ ਮੁੰਡੇ ਹਨ, ਜੋ ਵਧੀਆ ਨੌਕਰੀਆਂ ਤੇ ਲੱਗੇ ਹੋਏ ਹਨ।
ਅੱਜ ਪਾਰਕ ਵਿੱਚ ਉਦਾਸ ਬੈਠੇ ਸਨ। ਅੰਟੀ ਤੇ ਉਦਾਸ!.. ਮੇਰੇ ਕੋਲੋਂ ਰਿਹਾ ਨਾ ਗਿਆ। ਮੈਂ ਉਨ੍ਹਾਂ ਦੇ ਕੋਲ ਚਲਾ ਗਿਆ।
” ਅੰਟੀ, ਸਭ ਠੀਕ ਹੈ? ਤੁਸੀਂ ਬੜੇ ਉਦਾਸ ਲੱਗ ਰਹੇ ਹੋ!”
“ਨਹੀਂ ਬੇਟਾ, ਵੈਸੇ ਈ, ਕੋਈ ਖਾਸ ਗੱਲ ਨਹੀਂ। ”
“ਫਿਰ ਵੀ, ਸਭ ਕੁਝ ਠੀਕ ਹੈ? ਅੰਕਲ ਅਤੇ ਬੱਚੇ ਠੀਕ ਹਨ?”
“ਹਾਂ ਦੋਨੋਂ ਬੱਚੇ ਠੀਕ ਹਨ, ਇੱਕ ਬੈਂਗਲੌਰ ਰਹਿੰਦਾ ਹੈ ਆਪਣੀ ਪਤਨੀ ਨਾਲ ਤੇ ਦੂਜਾ ਨੋਇਡਾ। ਉਹਦੀ ਵੀ ਮੰਗਣੀ ਕਰ ਦਿੱਤੀ ਹੈ, ਦੋਵੇਂ ਨੌਕਰੀ ਕਰਦੇ ਹਨ… ਵਧੀਆ ਪੈਕੇਜ ਲੈ ਰਹੇ ਹਨ.. .. ਚੰਗੇ ਵੀ ਬਹੁਤ ਨੇ… ਪੂਰੇ ਆਗਿਆਕਾਰੀ। ਨੂੰਹ ਦਾ ਸੁਭਾਅ ਵੀ ਵਧੀਆ ਹੈ। ਪਰ……!
ਕਹਿ ਕੇ ਉਦਾਸ ਹੋ ਗਏ।
“ਪਰ ਕੀ ਅੰਟੀ?”
“ਉਹ ਉਥੇ ਤੇ ਅਸੀਂ ਇਥੇ, ਆਉਂਦੇ ਨੇ, ਇੱਕ ਅੱਧਾ ਦਿਨ ਲਾ ਕੇ ਮੁੜ ਜਾਂਦੇ ਨੇ, ਹੋਰ ਨੌਕਰੀ ਵਾਲੇ ਕਿੰਨੀ ਦੇਰ ਤਕ ਰਹਿ ਸਕਦੇ ਨੇ।”
ਦੋ ਕੁ ਮਿੰਟ ਰੁਕੇ, ਫਿਰ ਹੋਂਕਾ ਜਿਹਾ ਲੈ ਕੇ ਬੋਲੇ,
“ਅਸੀ ਬੱਚਿਆਂ ਨੂੰ ਇਸ ਲਈ ਪਾਲ ਪੋਸ ਕੇ ਵੱਡੇ ਕਰਦੇ ਹਾਂ ਕਿ ਬੁਢਾਪੇ’ਚ ਸੇਵਾ ਕਰਨਗੇ… ਸਾਨੂੰ ਬੁਢਾਪੇ ਪੁੱਤਰਾਂ ਤੋਂ ਬਗੈਰ ਰਹਿਣਾ ਪਾ ਰਿਹਾ ਹੈ… ਕੱਲ੍ਹ ਬੁਖਾਰ ਚੜ੍ਹਿਆ ਅਤੇ ਬੱਚਿਆਂ ਦੀ ਬਹੁਤ ਯਾਦ ਆਈ।”
“ਫਿਰ ਤੁਸੀਂ ਚਲੇ ਜਾਓ ਉਨ੍ਹਾਂ ਕੋਲ” ਮੈਂ ਸਲਾਹ ਦਿੱਤੀ।
” ਚੱਲੇ ਜਾਈਏ ਪੁੱਤਰ, ਤੇਰੇ ਅੰਕਲ ਨਹੀਂ ਮੰਨਦੇ… ਬੇਗਾਨੇ ਸ਼ਹਿਰ ਚ ਕੈਦੀ ਬਣ ਕੇ ਰਹਿ ਜਾਵਾਂਗੇ। ”
ਅੰਟੀ ਨੇ ਠੰਢਾ ਹਉਕਾਂ ਲਿਆ।
ਜਦੋਂ ਚਿੜੀ ਦੇ ਬੱਚੇ ਉੱਡਣਾ ਸਿੱਖ ਜਾਂਦੇ ਨੇ, ਆਪੇ ਦੂਰ ਚਲੇ ਜਾਂਦੇ ਨੇ.. ਉਸੇ ਤਰ੍ਹਾਂ ਪੁੱਤਰਾ ਮੇਰੇ ਬੱਚੇ ਵੀ ਮੈਥੋਂ ਦੂਰ ਚਲੇ ਗਏ। ਹੁਣ ਤਾਂ ਮੈਨੂੰ ਘਰ ਵੀ ਬੱਚਿਆਂ ਤੋ ਬਗੈਰ ਬਿਰਧ ਆਸ਼ਰਮ ਵਰਗਾ ਜਾਪਦਾ ਹੈ।”
ਉਹਨਾਂ ਦੀ ਭੁੱਬ ਨਿਕਲ ਗਈ ਤੇ ਮੈਂ ਹੌਂਸਲਾ ਦਿੰਦਾ ਰਿਹਾ।
ਨਾਚੀਜ਼ ਸੁਰਿੰਦਰ ਸੱਚਦੇਵਾ