ਮੈਂ ਕੱਲ੍ਹ ਜੀਵਜੰਤੂ ਤੇ ਵਾਤਾਵਰਨ ਸੁਰੱਖਿਆ ਦੇ ਨਾਮ ਤੇ ਬਣੀ ਇੱਕ ਸੰਸਥਾ ਦੇ ਬੁਲਾਵੇ ਤੇ ਓਹਨਾ ਦੇ ਉਲੀਕੇ ਪ੍ਰੋਗਰਾਮ ਤੇ ਕਪੜੇ ਦੇ ਝੋਲੇ ਵੰਡਣ ਦੇ ਸਮਾਰੋਹ ਵਿੱਚ ਸ਼ਿਰਕਤ ਕਰਨ ਲਈ ਸਵੇਰੇ ਸੱਤ ਵਜੇ ਹੀ ਸਬਜ਼ੀ ਮੰਡੀ ਗਿਆ। ਕਿਉਂਕਿ ਸੰਸਥਾ ਦਾ ਮਕਸਦ ਪਲਾਸਟਿਕ ਦੇ ਲਿਫਾਫਿਆਂ ਵਿੱਚ ਸਬਜ਼ੀ ਖਰੀਦਣ ਆਏ ਲੋਕਾਂ ਨੂੰ ਕਪੜੇ ਦੇ ਥੈਲੇ ਵਰਤਣ ਲਈ ਪ੍ਰੇਰਿਤ ਕਰਨਾ ਹੈ। ਉਂਜ ਕੱਲ੍ਹ ਓਹਨਾ ਦੇ ਪ੍ਰਧਾਨ ਦੀ ਸ਼ਾਦੀ ਦੀ ਬਿਆਲੀਵੀ ਸਾਲ ਗਿਰਾਹ ਵੀ ਸੀ। ਥੈਲੇ ਵੰਡਕੇ ਜਦੋਂ ਮੈਂ ਸਬਜ਼ੀ ਦੀਆਂ ਰੇਹੜੀਆਂ ਵੱਲ ਨਿਗ੍ਹਾ ਮਾਰੀ ਤਾਂ ਮੈਨੂੰ ਵਧੀਆ ਅਚਾਰੀ ਹਰੀਆਂ ਮਿਰਚਾਂ ਨਜ਼ਰ ਆਈਆਂ। ਸੋਹਣੀਆਂ ਮਿਰਚਾਂ ਵੇਖਕੇ ਮੈਂ ਅੱਧਾ ਕੁ ਕਿਲੋ ਖਰੀਦਕੇ ਘਰ ਆ ਗਿਆ। ਇਹਨਾਂ ਮਿਰਚਾਂ ਦਾ ਪਾਇਆ ਤਾਜ਼ਾ ਅਚਾਰ ਸਵਾਦੀ ਹੁੰਦਾ ਹੈ ਤੇ ਸਰੋਂ ਦੇ ਤੇਲ ਵਿੱਚ ਤੜਕੀਆਂ ਇਹ ਮਿਰਚਾਂ ਬਹੁਤ ਮਜ਼ੇਦਾਰ ਹੁੰਦੀਆਂ ਹਨ। ਵੈਸੇ ਅਸੀਂ ਹਰੀਆਂ ਮਿਰਚਾਂ ਵਿੱਚ ਪਿਆਜ਼ ਪਾਕੇ ਵਧੀਆ ਚੱਟਣੀ ਵੀ ਬਣਾਉਂਦੇ ਹਾਂ। ਜਿਸ ਨੂੰ ਬਾਅਦ ਵਿੱਚ ਦੇਸੀ ਘਿਓ ਪਾਕੇ ਤੜਕਾ ਲਾਇਆ ਜਾਂਦਾ ਹੈ। ਜਿਸਨੂੰ ਸਾਡੇ ਜੁਆਕ ਡਬਲ ਐਕਸ਼ਨ ਚੱਟਣੀ ਵੀ ਕਹਿੰਦੇ ਹਨ। ਇਸ ਚੱਟਣੀ ਮੂਹਰੇ ਸਾਰੀਆਂ ਸਬਜ਼ੀਆਂ ਫੇਲ ਹਨ। ਹੁਣ ਇਹਨਾਂ ਮਿਰਚਾਂ ਦਾ ਕੀ ਕਰਨਾ ਹੈ? ਇਹ ਫੈਸਲਾ ਮੈਂ ਆਪਣੀ ਲਾਣੇਦਾਰਨੀ ਤੇ ਛੱਡ ਦਿੱਤਾ। ਘਰ ਦੀ ਮਾਲਿਕਣ ਨੂੰ ਇੰਨੀ ਕੁ ਤਾਂ ਆਜ਼ਾਦੀ ਹੋਣੀ ਚਾਹੀਦੀ ਹੈ। ਨਹੀਂ ਤਾਂ ਕਈ ਵਾਰੀ ਅਜਿਹੇ ਲਿਫਾਫੇ ਕਿਚਨ ਦੀ ਸੈਲਫ ਤੇ ਪਏ ਪਏ ਹੀ ਦਮ ਤੋੜ ਜਾਂਦੇ ਹਨ।
ਉਸਨੇ ਲੰਮੀ ਸੋਚਕੇ ਮਿਰਚਾਂ ਨੂੰ ਸਰੋਂ ਦੇ ਤੇਲ ਵਿੱਚ ਤੜਕਣਾ ਸ਼ੁਰੂ ਕਰ ਦਿੱਤਾ। ਮਿਰਚਾਂ ਸੜ੍ਹਨ ਦੀ ਤੇਜ਼ ਹਵਾਕ, ਗੰਧ ਨੇ ਸਭ ਨੂੰ ਖੰਘਨ ਲਾ ਦਿੱਤਾ। ਸਭ ਦੇ ਅੱਖਾਂ ਤੇ ਨੱਕ ਚੋ ਪਾਣੀ ਵੱਗਣਾ ਸ਼ੁਰੂ ਹੋ ਗਿਆ ਤੇ ਗਲਾ ਵੀ ਮੱਚਣ ਲੱਗ ਪਿਆ। ਦੂਰ ਕਮਰੇ ਵਿੱਚ ਬੈਠਿਆਂ ਦੇ ਵੀ ਗਲੇ ਚੋ ਆਵਾਜ਼ ਨਿਕਲਣੀ ਬੰਦ ਹੋ ਗਈ। ਫੋਨ ਤੇ ਚੱਲਦੀ ਗੁਫ਼ਤਗੂ ਦਾ ਸਿਲਸਿਲਾ ਵਿਚਾਲੇ ਰੁੱਕ ਹੀ ਗਿਆ। ਘਰ ਵਿੱਚ ਰੰਗ ਕਰ ਰਹੇ ਪੈਂਟਰਾਂ ਨੂੰ ਮੁਫ਼ਤ ਦੀ ਸਜ਼ਾ ਮਿਲੀ। ਉਹ ਵਿਚਾਰੇ ਵੀ ਪਰੇਸ਼ਾਨ ਹੋ ਗਏ ਪਰ ਬੋਲੇ ਕੁਝ ਵੀ ਨਹੀਂ। ਕਹਿੰਦੇ ਮੂੰਹ ਦਾ ਸਵਾਦ ਸਭ ਤੋਂ ਮਾੜਾ ਹੁੰਦਾ ਹੈ। ਇੰਨੀ ਤਕਲੀਫ ਝੱਲਕੇ ਵੀ ਓਹਨਾ ਮਿਰਚਾਂ ਨਾਲ ਰੋਟੀ ਖਾਣ ਦਾ ਨਜ਼ਾਰਾ ਆ ਗਿਆ। ਇਸੇ ਨੂੰ ਹੀ ਸਵਾਦ ਕਹਿੰਦੇ ਹਨ।
ਊਂ ਗੱਲ ਆ ਇੱਕ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ