ਬਚਪਨ ਵਿੱਚ ਮੈਨੂੰ ਮੇਰੀ ਮਾਂ ਦੇ ਹੱਥਾਂ ਦੀ ਬਣੀ ਰੋਟੀ ਤੇ ਸਬਜ਼ੀ ਹੀ ਸਵਾਦ ਲੱਗਦੀ। ਸ਼ਾਇਦ ਹਰ ਕਿਸੇ ਨੂੰ ਆਪਣੀ ਮਾਂ ਦੇ ਹੱਥਾਂ ਦੀ ਬਣੀ ਰੋਟੀ ਸਬਜ਼ੀ ਸਵਾਦ ਲਗਦੀ ਹੈ। ਜੇ ਕੱਦੇ ਮੇਰੀ ਭੈਣ ਯ ਭੂਆ ਜਾ ਕੋਈ ਹੋਰ ਰੋਟੀ ਬਣਾਉਂਦਾ ਤਾਂ ਮੈਂ ਨੱਕ ਬੁੱਲ ਚੜਾ ਕੇ ਰੋਟੀ ਖਾਂਦਾ। ਅੱਜ ਸਬਜ਼ੀ ਕਿਸ ਨੇ ਖਰਾਬ ਕੀਤੀ ਹੈ। ਯ ਆਟਾ ਕਿਸ ਨੇ ਗਾਲਿਆ ਹੈ। ਦੂਸਰੇ ਦੇ ਹੱਥਾਂ ਦੀ ਬਣੀ ਰੋਟੀ ਸਬਜ਼ੀ ਦੀ ਪਹਿਲੀ ਗਰਾਹੀ ਖਾ ਕੇ ਮੈਂ ਦੱਸ ਦਿੰਦਾ। ਬਹੁਤੇ ਵਾਰੀ ਮੇਰੀ ਮਾਂ ਹੀ ਮੇਰੇ ਲਈ ਰੋਟੀ ਬਣਾਉਂਦੀ। ਮੇਰੇ ਨਾਨਕੇ ਜਾ ਕੇ ਵੀ ਮੈਂ ਮੇਰੀ ਮਾਂ ਨੂੰ ਮੇਰੇ ਲਈ ਰੋਟੀ ਬਣਾਉਣ ਲਈ ਆਖਦਾ। ਬਾਜਰੇ ਦੀ ਰੋਟੀ ਯ ਦੋਹਰ ਦੋ ਪੇੜਿਆਂ ਨੂੰ ਜੋੜ ਕੇ ਰੋਟੀ ਬਣਾਉਣ ਦੀ ਮੇਰੀ ਮਾਂ ਦੀ ਵੱਖਰੀ ਕਲਾ ਸੀ। ਸਾਗ ਦਾਲ ਤੇ ਸਬਜ਼ੀ ਬਣਾਉਣ ਦਾ ਅੰਦਾਜ਼ ਮੇਰੀ ਮਾਂ ਦਾ ਵੱਖਰਾ ਸੀ। ਮੇਰੀ ਮਾਂ ਨੇ ਇਹੀ ਕਲਾ ਮੇਰੀ ਸ਼ਰੀਕ ਏ ਹਯਾਤ ਨੂੰ ਸਿਖਾਈ। ਤੇ ਹੋਲੀ ਹੋਲੀ ਮੈਂ ਉਸਦੇ ਬਣਾਏ ਖਾਣੇ ਦਾ ਕਾਇਲ ਹੋ ਗਿਆ। ਆਦਤ ਜਿਹੀ ਬਣ ਗਈ। ਉਮਰ ਦੇ ਲਿਹਾਜ਼ ਨਾਲ ਸਿਸਟਮ ਬਦਲ ਗਿਆ। ਚਾਹੇ ਘਰੇ ਕੰਮ ਵਾਲੀਆਂ ਲਗੀਆਂ ਹੋਈਆਂ ਹਨ। ਪਰ ਬੱਚੇ ਇਸ ਗੱਲ ਤੇ ਜ਼ੋਰ ਪਾਉਣ ਲੱਗੇ ਕਿ ਰੋਟੀ ਸਬਜ਼ੀ ਬਣਾਉਣ ਲਈ ਕੋਈ ਨਿਪਾਲੀ ਰੱਖ ਲਿਆ ਜਾਵੇ। ਕੋਈ ਮੁੰਡੂ ਰਾਮੂ ਯ ਬਹਾਦੁਰ ਦੀ ਲੋੜ ਮਹਿਸੂਸ ਹੋਣ ਲੱਗੀ। ਪਾਪਾ ਤੁਸੀਂ ਵੀ ਲਭੋ ਕੋਈ ਭਈਆ। ਬੇਟੀ ਬਾਰ ਬਾਰ ਤਾਕੀਦ ਕਰਦੀ। ਡੈਡੀ ਜੀ ਹੁਣ ਮੰਮੀ ਤੋਂ ਬਹੁਤਾ ਕੰਮ ਨਹੀਂ ਹੁੰਦਾ ਕੋਈ ਬਹਾਦਰ ਦੇਖ ਹੀ ਲਵੋ। ਤੇ ਉਹਨਾਂ ਦੇ ਮਗਰ ਲੱਗ ਕੇ ਓਹ ਵੀ ਉਹਨਾਂ ਦੀ ਬੋਲੀ ਬੋਲਣ ਲੱਗ ਜਾਂਦੀ ਹੈ। ਮੇਰਾ ਸਰੀਰ ਬਹੁਤਾ ਠੀਕ ਨਹੀਂ ਰਹਿੰਦਾ।ਕੋਈ ਫੁੱਲ ਟਾਈਮ ਕੁੱਕ ਦੇਖ ਹੀ ਲਵੋ। ਪਰ ਰੋਟੀ ਸਬਜ਼ੀ ਤਾਂ ਆਪਣੇ ਹੱਥ ਦੀ ਬਣੀ ਹੀ ਠੀਕ ਰਹਿੰਦੀ ਹੈ। ਡੈਡੀ ਜੀ ਮੈਂ ਤਾਂ ਹੁਣ ਨਿਪਾਲੀ ਲੱਭ ਹੀ ਲੈਣਾ ਹੈ। ਪਾਪਾ ਤੁਸੀਂ ਕੰਜੂਸੀ ਕਰਦੇ ਹੋ। ਤੁਸੀਂ ਕੋਸ਼ਿਸ਼ ਨਹੀਂ ਕਰਦੇ। ਮੰਮੀ ਠੀਕ ਨਹੀਂ ਰਹਿੰਦੇ। ਬੇਟੀ ਜਦੋ ਮਿਲੇ ਯ ਫੋਨ ਤੇ ਗੱਲ ਕਰੇ ਆਹੀ ਰਾਗ ਅਲਾਪਦੀ ਹੈ। ਹੂੰ ਹਾਂ ਕਰਕੇ ਟਰਕਾ ਦਿੰਦਾ ਹਾਂ। ਲਾਰੇ ਲੱਪੇ ਲਾ ਕੇ ਗੱਲ ਟਾਲ ਦਿੰਦਾ ਹਾਂ। ਡੈਡੀ ਜੀ ਹੁਣ ਜਿੱਦ ਛੱਡ ਦਿਓਂ। ਕੋਈ ਨਾ ਕੋਈ ਇੰਤਜ਼ਾਮ ਜਰੂਰ ਕਰੋ। ਹੁਣ ਉਹਨਾਂ ਨੂੰ ਕਿਵੇਂ ਦੱਸਾਂ ਕਿ ਬੇਟਾ ਤੇਰੀ ਮਾਂ ਦੇ ਹੱਥਾਂ ਤੋਂ ਬਣੀ ਰੋਟੀ ਸਬਜ਼ੀ ਦੇ ਇਲਾਵਾ ਮੈਂ ਕਿਸੇ ਹੋਰ ਦੇ ਹੱਥਾਂ ਦੀ ਬਣੀ ਰੋਟੀ ਨਹੀਂ ਖਾ ਸਕਦਾ। ਮੈਂ ਇਹ ਗੱਲ ਕਿਹ ਵੀ ਨਹੀਂ ਸਕਦਾ। ਗੱਲ ਇਥੇ ਖਤਮ ਨਹੀਂ ਹੋਈ। ਚਰਚਾ ਫਿਰ ਚਲਦੀ ਰਹਿੰਦੀ ਹੈ। ਤੁਸੀਂ ਹਾਂ ਕਰ ਦਿਓਂ। ਬੱਚੇ ਕਿਸੇ ਨਿਪਾਲੀ ਕੁੱਕ ਰੱਖਣ ਦੇ ਹੱਕ ਵਿਚ ਹਨ। ਮੈਥੋਂ ਵੀ ਹੁਣ ਕੰਮ ਨਹੀਂ ਹੁੰਦਾ। ਗੋਡੇ ਬਹੁਤ ਦੁਖਦੇ ਹਨ ਤੇ ਸ਼ੂਗਰ ਵੀ ਵਧੀ ਰਹਿੰਦੀ ਹੈ। ਇੱਕ ਦਿਨ ਉਸਨੇ ਮੈਨੂੰ ਹੋਲੀ ਜਿਹੀ ਕਿਹਾ। ਸਹੀ ਦੱਸਾਂ ਗੱਲ ਪੈਸਿਆਂ ਦੀ ਨਹੀਂ। ਪਰ ………
ਪਰ ਕੀ?
ਮੈਂ ਕਿਸੇ ਹੋਰ ਦੇ ਹੱਥ ਦੀ ਬਣੀ ਰੋਟੀ ਨਹੀਂ ਖਾ ਸਕਦਾ। ਮੈਥੋਂ ਗੱਲ ਨਾ ਹੋਈ ਤੇ ਮੇਰਾ ਗਲਾ ਭਰ ਆਇਆ।
ਘਰ ਵਿੱਚ ਚੁੱਪ ਵਰਤ ਗਈ। ਉਂਜ ਇਸੇ ਨੂੰ ਬੇਬਸੀ ਕਹਿੰਦੇ ਹਨ ਤੇ ਮਜਬੂਰੀ ਵੱਸ ਮਰਦੇ ਨੂੰ ਅੱਕ ਚੱਬਣਾ ਪੈਂਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।
ਖੂਬ
I love my mom 💖💖