ਮਾਂ ਜੀ ਤੇਰੇ ਦੋ ਪਿੰਡ ਆ!!? ਅਲਵਿਦਾ ਮਾਂ ਜੀ
ਨਿੱਕੇ ਹੁੰਦੇ ਨਾਨਕਿਆਂ ਦੇ ਪਿੰਡ ਜਦੋਂ ਕਦੇ ਜਾਣਾ ਤਾਂ ਬੜਾ ਚਾਅ ਚੜ੍ਹਨਾ। ਨਾਨਕੇ ਘਰ ਵਿੱਚ ਦੋਹਤਵਾਨਾਂ ਦੇ ਆਉਣ ਦਾ ਚਾਅ ਭਾਂਵੇ ਟੱਬਰ ਦੇ ਹਰੇਕ ਜੀਅ ਨੂੰ ਹੁੰਦਾ ਏ, ਪਰ ਨਾਨੇ ਨਾਨੀਆਂ ਨੂੰ ਸਭ ਨਾਲ਼ੋਂ ਵੱਖਰਾ ਹੀ ਚਾਅ ਹੁੰਦਾ ਹੈ। ਮੇਰੇ ਨਾਨੇ ਹੁਰੀਂ ਤਿੰਨ ਭਰਾ ਸਨ ਤੇ ਉਨ੍ਹਾਂ ਵਿੱਚੋਂ ਸਭ ਤੋਂ ਛੋਟੇ ਮੇਰੇ ਨਾਨਾ ਸ੍ਰ ਬਲਦੇਵ ਸਿੰਘ ਜੀ ਸਨ। ਸਭ ਤੋਂ ਵੱਡੇ ਨਾਨਾ ਸ੍ਰ ਬਲਵੀਰ ਸਿੰਘ ਜੀ ਪਿੰਡ ਦੇ ਸਰਪੰਚ ਹੁੰਦੇ ਸਨ ਤੇ ਉਨ੍ਹਾਂ ਦੀ ਘਰਵਾਲ਼ੀ ਮੁਖ਼ਤਿਆਰ ਕੌਰ ਤੇ ਮੇਰੀ ਨਾਨੀ ਗੁਰਨਾਮ ਕੌਰ ਦੋਵੇਂ ਸਕੀਆਂ ਭੈਣਾਂ ਸਨ। ਇਸ ਤਰ੍ਹਾਂ ਮੈਨੂੰ ਨਾਨਕਿਆਂ ਦੇ ਪਿੰਡ ਵਿੱਚ ਦੋ ਦੋ ਨਾਨੀਆਂ ਦਾ ਪਿਆਰ ਮਿਲਿਆ। ਵਿਚਕਾਰਲੇ ਨਾਨਾ ਸ੍ਰ ਨਿਰੰਜਣ ਸਿੰਘ ਤੇ ਨਾਨੀ ਕਰਤਾਰ ਕੌਰ ਦੀ ਮੈਨੂੰ ਬੱਸ ਧੁੰਦਲੀ ਜਿਹੀ ਯਾਦ ਹੈ ਕਿਉਂਕਿ ਉਹ ਮੇਰੇ ਨਿੱਕੇ ਹੁੰਦੇ ਹੀ ਇਸ ਦੁਨੀਆਂ ਤੋਂ ਚਲੇ ਗਏ ਸਨ। ਆਪਣੀ ਨਾਨੀ ਨੂੰ ਮਾਤਾ ਜੀ ਦੀ ਰੀਸੋ ਰੀਸ ਅਸੀਂ ‘ਬੀਬੀ’ ਕਹਿੰਦੇ ਹਾਂ ਜਦੋਂਕਿ ਵੱਡੀ ਨਾਨੀ ਨੂੰ ਬਾਕੀ ਸਾਰਿਆਂ ਵਾਂਗ ‘ਮਾਂ ਜੀ’ ਕਹਿ ਕੇ ਬੁਲਾਉਂਦੇ। ਵੱਡੀ ਨਾਨੀ ਰਿਸ਼ਤੇ ਵਿੱਚ ਭਾਵੇਂ ਵੱਡੀ ਸੀ ਪਰ ਉਮਰ ਵਿੱਚ ਮੇਰੀ ਨਾਨੀ ਤੋਂ ਕੋਈ ਦੋ ਸਾਲ ਛੋਟੀ ਸੀ। ਪਰ ਵਿਆਹ ਉਨ੍ਹਾਂ ਦਾ ਪਹਿਲਾ ਹੋਇਆ ਸੀ, ਕਿਉਂਕਿ ਉਹ ਆਪਣੇ ਨਾਨਕੇ ਰਹਿੰਦੇ ਸੀ ਤੇ ਉਨ੍ਹਾਂ ਦਾ ਵਿਆਹ ਨਾਨਕਿਆਂ ਨੇ ਕੀਤਾ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਹੀ ਮੇਰੀ ਨਾਨੀ ਦਾ ਰਿਸ਼ਤਾ ਏਸੇ ਘਰ ਲਿਆਂਦਾ ਸੀ।
ਸਮੇਂ ਦੇ ਬਦਲਾਅ ਨਾਲ ਅੱਗੇ ਨਾਨੇ ਹੁਰੀਂ ਅੱਡੋ ਅੱਡ ਹੋ ਗਏ। ਵੱਡੇ ਦੋਵੇਂ ਭਾਈਆਂ ਨੇ ਪਿੰਡ ਹੀ ਰਿਹਾਇਸ਼ ਰੱਖੀ ਤੇ ਮੇਰੇ ਨਾਨਾ ਜੀ ਆਪਣੀ ਰਿਹਾਇਸ਼ ਪਿੰਡ ਤੋਂ ਕੋਈ ਮੀਲ ਕੁ ਦੀ ਵਿੱਥ ਤੇ ਪਿੰਡੋਂ ਬਾਹਰਵਾਰ ਲੈ ਆਏ। ਮੇਰਾ ਜਨਮ ਵੀ ਮੇਰੇ ਨਾਨਕਿਆਂ ਦੇ ਇਸੇ ਘਰ ਵਿੱਚ ਹੋਇਆ। ਮੈਂ ‘ਬੀਬੀ’ ਤੇ ‘ਮਾਂ ਜੀ’ ਦੋਵੇਂ ਭੈਣਾਂ ਦਾ ਆਪਸ ਵਿੱਚ ਬਹੁਤ ਪਿਆਰ ਵੀ ਦੇਖਿਆ ਤੇ ਮਾੜੀ ਮੋਟੀ ਕਦੇ ਕਦੇ ਨੋਕ ਝੋਕ ਵੀ ਹੁੰਦੀ ਦੇਖੀ। ਬੀਬੀ ਸਾਡੀਆਂ ਸ਼ਰਾਰਤਾਂ ਤੋਂ ਤੰਗ ਆ ਕੇ ਕਦੇ ਦੋ ਚਾਰ ਸਾਡੇ ਕੰਨਾਂ ਤੇ ਧਰ ਵੀ ਦਿੰਦੀ, ਪਰ ‘ਮਾਂ ਜੀ’ ਨੇ ਸਾਨੂੰ ਕਦੇ ਕੁਝ ਨਾ ਕਹਿਣਾ ਸਗੋਂ ਸਾਡਾ ਬਚਾਅ ਕਰਨਾ। ਕਦੇ ਕਦੇ ਆਪਣਾ ਸਾਰਾ ਜ਼ੋਰ ਲਾ ਕੇ ਬੁੱਕਲ਼ ਵਿੱਚ ਘੁੱਟ ਲੈਣਾ। ਦੋਵੇਂ ਭੈਣਾਂ ਇੱਕ ਦੂਜੀ ਨੂੰ ਮਿਲਣ ਆਉਂਦੀਆਂ ਜਾਂਦੀਆਂ ਰਹਿੰਦੀਆਂ। ਦੋਵਾਂ ਦੀ ਗੱਲ-ਬਾਤ ਵਿੱਚ ਕਦੇ ਕਦੇ ਬਹਾਵਲਪੁਰੀ ਲਫ਼ਜ਼ਾਂ ਦੀ ਛੋਹ ਵੀ ਹੁੰਦੀ ਕਿਉਂਕਿ ਦੋਵਾਂ ਦਾ ਜਨਮ ਵੰਡ ਤੋਂ ਪਹਿਲਾਂ ਬਹਾਵਲਪੁਰ ਰਿਆਸਤ ਵਿੱਚ ਹੋਇਆ ਸੀ। ਦੋਵਾਂ ਦੀ ਉਮਰ ਉਨ੍ਹਾਂ ਦੇ ਹੀ ਦੱਸਣ ਮੁਤਾਬਕ ਦਸ-ਬਾਰਾਂ ਸਾਲ ਦੀ ਹੋਵੇਗੀ ਜਦੋਂ ਉਹ ਆਪਣੇ ਮਾਂ ਬਾਪ, ਹੋਰ ਛੇ ਭੈਣ-ਭਾਈਆਂ ਅਤੇ ਚਾਚੇ-ਤਾਇਆਂ ਦੇ ਟੱਬਰਾਂ ਨਾਲ ਬਹਾਵਲਪੁਰ ਤੋਂ ਪੈਦਲ ਚੱਲਕੇ ਚੜ੍ਹਦੇ ਪੰਜਾਬ ਵੱਲ ਆਈਆਂ ਸਨ। ਉਧਰੋਂ ਆਉਂਦੇ ਸ਼ਰੀਕੇ ਪਰਿਵਾਰ ਦੇ ਕੁਝ ਜੀਆਂ ਦਾ ਜਾਨੀ ਨੁਕਸਾਨ ਵੀ ਹੋਇਆ ਤੇ ਰਾਹ ਵਿੱਚ ਕੁਝ ਹੋਰ ਹੌਲਨਾਕ ਮੰਜ਼ਰ ਵੀ ਦੇਖੇ। ਜਿਸ ਕਰਕੇ ਮੇਰੇ ਪੁੱਛਣ ਤੇ ਵੀ ਕਦੇ ਜਿਆਦਾ ਕੁਝ ਨਾਂਹ ਦੱਸਦੀਆਂ।
ਇੱਕ ਵਾਰ ਨਿੱਕੇ ਹੁੰਦੇ ਮੈਂ ਨਾਨਕੇ ਘਰ ਗਿਆ ਤਾਂ ਅੱਗੋਂ ‘ਮਾਂ ਜੀ’ ਬੀਬੀ ਨੂੰ ਮਿਲਣ ਆਈ ਹੋਈ ਸੀ। ਥੋੜ੍ਹਾ ਚਿਰ ਤਾਂ ‘ਮਾਂ ਜੀ’ ਉੱਥੇ ਬੈਠੀ ਰਹੀ ਤੇ ਫੇਰ ਆਪਣੇ ਪਿੰਡ ਵਾਲੇ ਘਰ ਚਲੀ ਗਈ। ਅਗਲੇ ਦਿਨ ਸ਼ਾਮ ਵੇਲੇ ਮੈਂ ਮਾਤਾ ਜੀ ਤੇ ‘ਬੀਬੀ’ ਨਾਲ ਪਿੰਡ ਵਾਲੇ ਘਰ ਚਲਿਆ ਗਿਆ। ਜਾਂਦਿਆਂ ਸਾਰ ਹੀ ‘ਮਾਂ ਜੀ’ ਨੂੰ ਉੱਥੇ ਦੇਖਕੇ ਮੇਰੇ ਮੂੰਹੋਂ ਨਿਕਲਿਆ,”ਮਾਂ ਜੀ, ਤੇਰੇ ਕੋਈ ਦੋ ਪਿੰਡ ਆ!?” ‘ਮਾਂ ਜੀ’ ਨੇ ਮੁਸਕਰਾਉਂਦੇ ਹੋਏ ਪੁੱਛਿਆ, “ਕਿਉਂ ਬਈ ਮੇਰੇ ਦੋ ਪਿੰਡ ਕਿਵੇਂ ਹੋਏ?” ਮੈਂ ਕਿਹਾ, “ਕੱਲ੍ਹ ਤੂੰ ਉੱਥੇ ਓਸ ਘਰੇ ਸੀ ਤੇ ਅੱਜ ਐਥੇ, ਹੁਣ ਦੱਸ ਤੇਰੇ ਦੋ ਪਿੰਡ ਆ!” ਮੇਰੀ ਗੱਲ ਸੁਣਕੇ ਸਾਰੇ ਹੱਸ ਪਏ ਤੇ ‘ਮਾਂ ਜੀ’ ਨੇ ਵੀ ਪਿਆਰ ਨਾਲ ਬੁੱਕਲ਼ ਵਿੱਚ ਲੈ ਕੇ ਕਿਹਾ, “ਹਾਂ ਪੁੱਤ, ਮੇਰੇ ਦੋ ਪਿੰਡ ਆ।” ਉਸ ਸਮੇਂ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ‘ਮਾਂ ਜੀ’ ਤੇ ‘ਬੀਬੀ’ ਦੋਵੇਂ ਭੈਣਾਂ ਨੇ ਤੇ ਇੱਕ ਦੂਜੀ ਨੂੰ ਮਿਲਣ ਗਈਆਂ ਸਾਰਾ ਸਾਰਾ ਦਿਨ ਕਿਉਂ ਇਕੱਠੀਆਂ ਬੈਠੀਆਂ ਰਹਿੰਦੀਆਂ ਨੇ। ਉਦੋਂ ਇਹ ਗੱਲ ਕਿਸੇ ਭੇਦ ਵਰਗੀ ਲੱਗਦੀ, ਕੁਝ ਵੱਡੇ ਹੋਣ ਤੇ ਹੀ ਇਸ ਭੇਦ ਦਾ ਪਤਾ ਲੱਗਾ। ਫੇਰ ‘ਮਾਂ ਜੀ’ ਦੇ ਦੋ ਪਿੰਡਾਂ ਵਾਲੀ ਇਹ ਗੱਲ ਵੀ ਮੈਨੂੰ ਹੌਲੀ ਹੌਲੀ ਭੁੱਲ ਗਈ।
ਮਾਤਾ ਜੀ ਦੱਸਦੇ ਹੁੰਦੇ ਸਨ ਕਿ ‘ਮਾਂ ਜੀ’ ਦਾ ਇੱਕ ਪੁੱਤ ਤੇ ਇੱਕ ਧੀ ਛੋਟੀ ਉਮਰੇ ਹੀ ਹਾਦਸਿਆਂ ਨਾਲ ਚੱਲ ਵੱਸੇ ਸਨ। ਉਸ ਤੋਂ ਬਾਅਦ ਦੋ ਧੀਆਂ ਹੋਈਆਂ। ਫੇਰ ਉਨ੍ਹਾਂ ਨੇ ਨਾਨਾ ਨਿਰੰਜਣ ਸਿੰਘ ਦੇ ਵੱਡੇ ਪੁੱਤਰ ਨੂੰ ਆਪਣੇ ਪੁੱਤ ਵਜੋਂ ਪਾਲਿਆ। ਪਰ ਰੱਬ ਦੀ ਕਰਨੀ ਵੇਖੋ ਕਿ ‘ਮਾਂ ਜੀ’ ਤੋਂ ਪਹਿਲਾਂ ਹੀ ਉਨ੍ਹਾਂ ਦਾ ਇਹ ਪੁੱਤ ਤੇ ਇੱਕ ਧੀ ਵੀ ਆਪਣੇ ਭਰੇ ਭਰਾਏ ਟੱਬਰ ਛੱਡਕੇ ਦੁਨੀਆਂ ਤੋਂ ਰੁਖ਼ਸਤ ਹੋ ਗਏ। ਪਰ ਸਾਡੀ ਜ਼ਿੰਦਾ-ਦਿਲ ‘ਮਾਂ ਜੀ’ ਨੇ ਰੱਬ ਦੀ ਰਜ਼ਾ ਵਿੱਚ ਹੀ ਰਾਜ਼ੀ ਰਹਿਣਾ ਸਿੱਖਿਆ ਹੋਇਆ ਸੀ। ਸਖ਼ਤ ਜਾਨ ‘ਮਾਂ ਜੀ’ ਹਮੇਲਾਂ ਹੌਂਸਲੇ ਵਿੱਚ ਰਹਿੰਦੇ ਤੇ ਘਰ ਹਰ ਆਏ ਗਏ ਦਾ ਆਦਰ ਮਾਣ ਕਰਦੇ। ਸਾਡੇ ਵੱਡੇ ਹੋਣ ਤੱਕ ਵੀ ਸਾਨੂੰ ਓਵੇਂ ਹੀ ਬੁੱਕਲ਼ ਵਿੱਚ ਘੁੱਟਕੇ ਅਸੀਸਾਂ ਦੀ ਝੜੀ ਲਾ ਦਿੰਦੇ, ਜਿਵੇਂ ਸਾਨੂੰ ਛੋਟੇ ਹੁੰਦਿਆਂ ਲਾਡ ਕਰਦੇ ਸਨ। ‘ਮਾਂ ਜੀ’ ਦੀ ਸਭ ਤੋਂ ਪਹਿਲੀ ਚੰਗੀ ਗੱਲ ਜੋ ਮੈਨੂੰ ਲੱਗਦੀ ਉਨ੍ਹਾਂ ਦਾ ਗੋਰਾ ਨਿਛੋਹ ਰੰਗ ਤੇ ਮਿੱਠੀ ਬੋਲੀ ਬਾਣੀ, ਜਿਸ ਨਾਲ ਅਗਲੇ ਬੰਦੇ ਦਾ ਧਿਆਨ ਸੁਭਾਵਿਕ ਹੀ ਉਨ੍ਹਾਂ ਵੱਲ ਖਿੱਚਿਆ ਜਾਂਦਾ। ਦੂਜਾ ਉਨ੍ਹਾਂ ਦਾ ਲਿਬਾਸ, ਗਲਾਂਵੇ ਤੱਕ ਬੰਦ ਬਟਨਾਂ ਵਾਲੀ ਕੁੜਤੀ ਅਤੇ ਸਲਵਾਰ, ਸਿਰ ਤੇ ਚੁੰਨੀ ਜਿਸਨੂੰ ਕੋਈ ਕੰਮ ਕਰਦੇ ਵਕਤ ਸਿਰ ਤੇ ਰੱਖਕੇ ਪਿੱਛੇ ਲਮਕਾ ਲੈਣਾ ਤੇ ਨਿੱਕੇ ਨਿੱਕੇ ਕੰਮ ਧੰਦੇ ਕਰਦੇ ਰਹਿਣਾ।
ਹੁਣ ਪਿਛਲੇ ਕੁਝ ਸਾਲਾਂ ਤੋਂ ਆਪਣੇ ਅੱਠਾਂ ਭੈਣ ਭਾਈਆਂ ਵਿੱਚੋਂ ਵੀ ਸਿਰਫ ‘ਬੀਬੀ’ ਤੇ ‘ਮਾਂ ਜੀ’ ਹੀ ਰਹਿ ਗਈਆਂ, ਬਾਕੀ ਸਭ ਅਗਲੇ ਜਹਾਨ ਚਲੇ ਗਏ। ਵੱਧਦੀ ਉਮਰ ਦੇ ਨਾਲ ਨਾਲ ਤੁਰਨਾ ਫਿਰਨਾ ਵੀ ਕੁਝ ਘੱਟ ਗਿਆ। ਹੁਣ ਜਦੋਂ ਕਦੇ ਦੋਵੇਂ ਭੈਣਾਂ ਨੇ ਮਿਲਣਾ ਵੀ ਤਾਂ ਇੱਕ ਦੂਜੀ ਨੂੰ ਕਹਿਣਾ ਕਿ “ਪਹਿਲਾਂ ਤੂੰ ਮੈਨੂੰ ਮਿਲਣ ਕਿਉਂ ਨਾ ਆਉਂਦੀ, ਮੇਰਾ ਪਤਾ ਨਹੀਂ ਲੈਂਦੀ।” ਪਰ ਬਾਅਦ ਵਿੱਚ ਫਿਰ ਉਹੋ ਜਿਹੀਆਂ ਹੋ ਜਾਂਦੀਆਂ। ਪਿਛਲੇ ਸਾਲ ਮੈਂ ਨਾਨਕੇ ਗਿਆ ਤਾਂ ਪਤਾ ਲੱਗਾ ਕਿ ‘ਮਾਂ ਜੀ’ ਹੁਣ ਠੀਕ ਨਹੀਂ ਰਹਿੰਦੇ। ਅਗਲੇ ਹੀ ਦਿਨ ਸ਼ਾਮ ਵੇਲੇ ਮੈਂ ਨਾਨਕਿਆਂ ਦੇ ਪਿੰਡ ਵਾਲੇ ਘਰ ਚਲਾ ਗਿਆ ਤਾਂ ਮੈਨੂੰ ਵੇਖਕੇ ਜਿਵੇਂ ‘ਮਾਂ ਜੀ’ ਨੂੰ ਚਾਅ ਜਿਹਾ ਚੜ੍ਹ ਗਿਆ। ਮੈਂ ਪੁੱਛਿਆਂ, “ਮਾਂ ਜੀ, ਪਛਾਣ ਲਿਆ?” ਅੱਗੋਂ ਮਾਂ ਜੀ ਨੇ ਜਵਾਬ ਦਿੱਤਾ, ਹਾਂ.. ਪਛਾਣ ਲਿਆ, ਹੁਣ ਤੈਨੂੰ ਥੋੜ੍ਹਾ ਭੁੱਲ ਸਕਦੀ ਆ ਭਲਾ ਜੀਹਨੇ ਮੇਰੇ ਦੋ ਪਿੰਡ ਬਣਾ ਦਿੱਤੇ ਸੀ” ਤੇ ‘ਮਾਂ ਜੀ’ ਥੋੜ੍ਹਾ ਹੱਸ ਪਈ। ਮੈਨੂੰ ਵੀ ਭੁੱਲੀ ਵਿੱਸਰੀ ਉਹੀ ਗੱਲ ਯਾਦ ਆਈ ਤੇ ਮੇਰਾ ਵੀ ਹਾਸਾ ਨਿਕਲ ਗਿਆ। ਕਾਫੀ ਚਿਰ ਤੱਕ ਮੈਂ ਉੱਥੇ ਬੈਠਾ ਉਨ੍ਹਾਂ ਨਾਲ ਗੱਲਾਂ ਕਰਦਾ ਰਿਹਾ। ਇਨ੍ਹਾਂ ਗੱਲਾਂ ਬਾਤਾਂ ਵਿੱਚ ਹੀ ਉਨ੍ਹਾਂ ਨੇ ਆਪਣੇ ਵਿੱਛੜੇ ਭੈਣ ਭਾਈਆਂ ਨੂੰ ਯਾਦ ਕੀਤਾ। ਮੇਰੇ ਉੱਥੋਂ ਤੁਰਨ ਲੱਗਿਆਂ ਉਨ੍ਹਾਂ ਨੇ ਮੈਨੂੰ ਗਲ ਨਾਲ ਲਾ ਘੁੱਟਕੇ ਪਿਆਰ ਦਿੱਤਾ ਤੇ ਅਸੀਸਾਂ ਦਿੱਤੀਆਂ। ਪਰ ਮੈਨੂੰ ਤੇ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਹੁਣ ਇਹ ਸਾਡੀ ਆਖਰੀ ਮਿਲਣੀ ਹੋਵੇਗੀ। ਉਸਤੋਂ ਬਾਅਦ ਨਾ ਮੇਰਾ ਕਦੇ ਨਾਨਕਿਆਂ ਦਾ ਗੇੜਾ ਲੱਗਾ ਤੇ ਨਾ ਹੀ ‘ਮਾਂ ਜੀ’ ਨੂੰ ਮਿਲਿਆ ਗਿਆ।
ਅੱਜ ਪਤਾ ਲੱਗਾ ਕਿ ‘ਮਾਂ ਜੀ’ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ, ਉਹ ਸਾਨੂੰ ਸਭ ਨੂੰ ਛੱਡਕੇ ਚਲੇ ਗਏ। ਇਹ ਖ਼ਬਰ ਸੁਣਕੇ ਬਚਪਨ ਤੋਂ ਲੈ ਕੇ ਹੁਣ ਤੱਕ ‘ਮਾਂ ਜੀ’ ਦੀਆਂ ਸਾਰੀਆਂ ਯਾਦਾਂ ਇੱਕ ਫ਼ਿਲਮ ਵਾਂਗ ਅੱਖਾਂ ਅੱਗੇ ਆ ਗਈਆਂ। ‘ਮਾਂ ਜੀ’ ਦੇ ਦੋ ਪਿੰਡਾਂ ਵਾਲੀ ਗੱਲ ਵੀ ਯਾਦ ਆ ਗਈ ਤੇ ਸੋਚਿਆ ਕਿ ਇਸਨੂੰ ਲਿਖਕੇ ਸਭ ਨੂੰ ਦੱਸਿਆ ਜਾਵੇ। ਹੁਣ ਭਾਂਵੇ ਨਾਨਕਿਆਂ ਦੇ ਕਿੰਨੇ ਹੀ ਗੇੜੇ ਲੱਗਣ ਪਰ ‘ਮਾਂ ਜੀ’ ਨੇ ਕਦੇ ਨਹੀਂ ਮਿਲਣਾ, ਜੇ ਪਿੱਛੇ ਰਹਿ ਗਈਆਂ ਤਾਂ ਬੱਸ ਉਨ੍ਹਾਂ ਦੀਆਂ ਮਿੱਠੀਆਂ ਯਾਦਾਂ! ‘ਮਾਂ ਜੀ’ ਦੇ ਚਲੇ ਜਾਣ ਨਾਲ ਹੀ ਨਾਨਕੇ ਜਾਣ ਦੀ ਖਿੱਚ ਦੀਆਂ ਤੰਦਾਂ ਵਿੱਚੋਂ ਵੀ ਇੱਕ ਤੰਦ ਅੱਜ ਸਦਾ ਲਈ ਟੁੱਟ ਗਈ।
18 ਫਰਵਰੀ, 2023
ਲਖਵਿੰਦਰ ਜੌਹਲ ‘ਧੱਲੇਕੇ’
ਫ਼ੋਨ ਨੰਬਰ 98159 59476
ਈਮੇਲ johallakwinder@gmail.com