17 ਸਤੰਬਰ 1982 ਨੂੰ ਮੈਂ ਸਕੂਲ ਵਿੱਚ ਦਫਤਰ ਕਲਰਕ ਵਜੋਂ ਆਪਣੀ ਨੌਕਰੀ ਦੀ ਸ਼ੁਰੂਆਤ ਕੀਤੀ। ਸੰਸਥਾ ਦੇ ਮੁਖੀ ਬਹੁਤ ਵਧੀਆ ਪ੍ਰਬੰਧਕ ਸਨ। ਉੱਚ ਯੋਗਤਾ ਪ੍ਰਾਪਤ ਅਤੇ ਆਪਣੇ ਅਸੂਲਾਂ ਦੇ ਪੱਕੇ ਸਨ। ਉਹਨਾਂ ਕੋਲੋਂ ਮੈਂ ਬਹੁਤ ਕੁਝ ਸਿੱਖਿਆ। ਕਿਉਂਕਿ ਦਫ਼ਤਰੀ ਕੰਮਾਂ ਵਿੱਚ ਮੈਂ ਬਿਲਕੁਲ ਕੋਰਾ ਸੀ। ਅਜੇ ਗਰੈਜੂਏਸ਼ਨ ਕਰਕੇ ਕਾਲਜ ਤੋਂ ਨਿਕਲਿਆ ਹੀ ਸੀ ਕਿ ਨੌਕਰੀ ਮਿਲ ਗਈ। ਇਸੇ ਸਮੇ ਦੌਰਾਨ ਮੇਰੀ ਪ੍ਰੋਮੋਸ਼ਨ ਹੋ ਗਈ ਤੇ ਮੈਂ ਕਲਰਕ ਤੋਂ ਸਹਾਇਕ ਬਣ ਗਿਆ। ਹੌਲੀ ਹੌਲੀ ਕੰਮ ਦੀ ਵਾਕਫੀਅਤ ਹੋ ਗਈ। ਜਿੰਦਗੀ ਦੇ ਨਾਲ ਨਾਲ ਨੌਕਰੀ ਦਾ ਤਜ਼ੁਰਬਾ ਵੀ ਹੋ ਗਿਆ। 2003 ਵਿੱਚ ਮੇਰੇ ਪਹਿਲੇ ਬੌਸ ਸੇਵਾਮੁਕਤ ਹੋ ਗਏ ਤੇ ਸੀਨੀਅਰ ਮੈਡਮ ਜੋ ਉਪ ਮੁਖੀ ਸਨ ਸੰਸਥਾ ਮੁਖੀ ਦੀ ਕੁਰਸੀ ਤੇ ਬਿਰਾਜਮਾਨ ਹੋ ਗਏ। ਉਹ ਦਿਸੰਬਰ 2017 ਤੱਕ ਇਸ ਕੁਰਸੀ ਤੇ ਰਹੇ। ਓਹਨਾ ਨਾਲ ਸਮਾਂ ਵਧੀਆ ਕੱਟਿਆ ਗਿਆ। ਜੇ ਇਹ ਸਮਾਂ ਬਹੁਤਾ ਚੰਗਾ ਨਹੀਂ ਸੀ ਤਾਂ ਮਾੜਾ ਵੀ ਨਹੀਂ ਸੀ। ਮੈਂ ਇਸ ਨੂੰ ਸੰਤੁਸ਼ਟੀ ਵਾਲਾ ਸਮਾਂ ਕਹਿਣ ਤੋਂ ਗੁਰੇਜ਼ ਨਹੀਂ ਕਰਦਾ। ਮੈਡਮ ਦਾ ਕੰਮ ਕਰਨ ਤੇ ਕਰਾਉਣ ਦਾ ਆਪਣਾ ਤਰੀਕਾ ਸੀ। ਉਹ ਚਾਣਕਿਆ ਨੀਤੀ ਤੇ ਚਲਦੇ ਸਨ। ਮੇਰੀ ਐਡਜਸਟਮੈਂਟ ਠੀਕ ਸੀ ਤੇ ਜਿਸ ਦੇ ਸਿੱਟੇ ਵਜੋਂ ਮੈਨੂੰ ਸੁਪਰਡੈਂਟ ਦਾ ਰੁਤਬਾ ਮਿਲ ਗਿਆ। ਹੁਣ ਅਗਲੇ ਮੁਖੀ ਲਈ ਸੀਨੀਅਰ ਸਟਾਫ ਮੈਂਬਰ ਦਾ ਨੰਬਰ ਸੀ ਜੋ ਮੇਰੇ ਬਹੁਤ ਕਰੀਬੀ ਸੀ। ਖੈਰ ਕੁਝ ਉਸਦੀ ਹਿੰਮਤ ਸੀ ਤੇ ਕੁਝ ਮੇਰੀ ਇੱਛਾ। ਇਹ ਕੁਰਸੀ ਉਸਨੂੰ ਜਲਦੀ ਹੀ ਮਿਲ ਗਈ। ਪਰ ਨਵੇਂ ਸਕੂਲ ਮੁਖੀ ਦਫ਼ਤਰੀ ਕੰਮ ਪੱਖੋਂ ਬਿਲਕੁਲ ਕੋਰੇ ਸੀ। ਉਸ ਵਿੱਚ ਫੈਸਲੇ ਲੈਣ ਦੀ ਘਾਟ ਸੀ। ਦੂਸਰਾ ਉਹ ਆਪਣੀ ਗੱਲ ਸਹੀ ਤਰੀਕੇ ਨਾਲ ਨਹੀਂ ਸੀ ਰੱਖ ਸਕਦੇ। ਜਦੋਂ ਨੂੰ ਉਹ ਕੋਈਂ ਜਬਾਬ ਦਿੰਦੇ ਓਦੋਂ ਨੂੰ ਗੱਡੀ ਨਿਕਲ ਚੁਕੀ ਹੁੰਦੀ ਸੀ। ਉਹ ਗੱਲ ਲਮਕਾਉਣ ਦੀ ਬਿਮਾਰੀ ਤੋਂ ਪੀੜਤ ਸਨ। ਦੂਸਰਾ ਉਹ ਮੇਰੇ ਤੇ ਹੀ ਆਪਣੇ ਨਜਾਇਜ ਹੁਕਮ ਚਲਾਉਣ ਲੱਗੇ। ਉਹ ਹਰੇਕ ਨੂੰ ਭ੍ਰਿਸ਼ਟ ਤੇ ਖੁਦ ਨੂੰ ਇਮਾਨਦਾਰ ਸਮਝਣ ਦੀ ਗਲਤ ਫਹਿਮੀ ਦਾ ਸ਼ਿਕਾਰ ਹੋ ਗਏ। ਨਵੇਂ ਤੇ ਪੁਰਾਣੇ ਸਟਾਫ ਦੇ ਵਿੱਚ ਗੱਟਬਾਜ਼ੀ ਸ਼ੁਰੂ ਹੋ ਗਈ। ਸਟਾਫ ਨੇ ਆਪਣੀਆਂ ਕੁਝ ਜਾਇਜ਼ ਮੰਗਾਂ ਰੱਖੀਆਂ। ਜੋ ਸੰਸਥਾ ਮੁਖੀ ਪੂਰੀਆਂ ਨਹੀਂ ਸੀ ਕਰ ਸਕਦਾ। ਇਸ ਵਿਰੋਧੀ ਗਰੁੱਪ ਨੂੰ ਕੁਝ ਪੁਰਾਣੇ ਤੇ ਕੁਝ ਸੀਨੀਅਰ ਸਟਾਫ ਮੈਂਬਰ ਹਵਾ ਦੇਣ ਲੱਗੇ। ਹੁਣ ਉਪਰੋਂ ਸਕੂਲ ਪ੍ਰਬੰਧਕ ਕਮੇਟੀ ਸਖਤੀ ਕਰਦੀ ਸੀ ਤੇ ਇਧਰ ਸਟਾਫ ਦਾ ਬਾਗੀ ਗਰੁੱਪ ਦਬਾਬ ਬਣਾਉਂਦਾ ਸੀ। ਸਕੂਲ ਮੁਖੀ ਸਟਾਫ ਅਤੇ ਪ੍ਰਬੰਧਕ ਕਮੇਟੀ ਦੇ ਪੁੜਾ ਵਿੱਚ ਫਸ ਗਿਆ ਸੀ। “ਇੱਕ ਸਰਕਾਰ ਬਾਝੋਂ ਫੋਜ਼ਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।” ਵਾਲੀ ਗੱਲ ਸੀ। ਸੰਸਥਾ ਮੁਖੀ ਨੇ ਵਿਰੋਧੀ ਤੋਪਾਂ ਦਾ ਮੂੰਹ ਮੇਰੀ ਤਰਫ ਕਰ ਦਿੱਤਾ। ਮੈਨੂੰ ਇਸ ਸਾਜਿਸ਼ ਦਾ ਦੇਰ ਨਾਲ ਪਤਾ ਲੱਗਿਆ। ਸੰਸਥਾ ਮੁਖੀ ਦੇ ਪਰਿਵਾਰਿਕ ਮੈਂਬਰਾਂ ਦੀ ਦਖਲਅੰਦਾਜੀ ਸੰਸਥਾ ਵਿੱਚ ਵਧ ਗਈ। ਉਹ ਹਰ ਫੈਸਲਾ ਲੈਣਾ ਤੋਂ ਪਹਿਲਾਂ ਆਪਣੀ ਫੈਮਿਲੀ ਕੈਬਨਿਟ ਵਿੱਚ ਵਿਚਾਰਦੀ। ਸੰਸਥਾ ਦੇ ਹਾਲਾਤ ਬੇਕਾਬੂ ਹੋ ਗਏ। ਕੁਝ ਸਟਾਫ ਮੈਂਬਰ ਸ਼ਰੇਆਮ ਹੁਕਮ ਅਬਦੁਲੀ ਕਰਨ ਲੱਗੇ ਤੇ ਕੁੱਝ ਕੁ ਨੇ ਮੁੱਖੀ ਨੂੰ ਆਪਣੇ ਕਾਬੂ ਕਰ ਲਿਆ। ਉਹ ਆਪਣੀ ਮਰਜੀ ਦੇ ਫੈਸਲੇ ਕਰਵਾਕੇ ਜੂਨੀਅਰ ਸਟਾਫ ਨੂੰ ਪ੍ਰੇਸ਼ਾਨ ਕਰਦੇ। ਇਹਨਾਂ ਹਾਲਾਤਾਂ ਵਿੱਚ ਮੇਰੇ ਵਰਗੇ ਬੰਦੇ ਲਈ ਕੰਮ ਕਰਨਾ ਮੁਸ਼ਕਿਲ ਸੀ। ਵਿੰਟਰ ਬ੍ਰੇਕ ਦੇ ਅੰਤਿਮ ਦਿਨ ਯਾਨੀ ਇਕੱਤੀ ਦਸੰਬਰ ਨੂੰ ਮੈਂ ਸੇਵਾਮੁਕਤ ਹੋ ਗਿਆ। ਪਰ ਮੇਰਾ ਇੱਕ ਵਾਰੀ ਇੱਕ ਜਨਵਰੀ ਨੂੰ ਕੁਰਸੀ ਤੇ ਬੈਠਣਾ ਮੇਰੀ ਇੱਜਤ ਦਾ ਸਵਾਲ ਸੀ। ਕਿਉਂਕਿ ਕੁਝ ਮੇਰੇ ਹੀ ਸਾਥੀ ਇਹ ਹੋਣ ਨਹੀਂ ਸੀ ਦੇਣਾ ਚਾਹੁੰਦੇ। ਮੈਨੂੰ ਸਰਵਿਸ ਵਿੱਚ ਵਾਧਾ ਮਿਲ ਗਿਆ ਪਰ ਮੈਂ ਦੁਬਾਰਾ ਨਿਯੁਕਤੀ ਲਈ। ਫਿਰ ਇਕੱਤੀ ਮਈ ਨੂੰ ਆਪਣੇ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਅਨੁਸਾਰ ਮੈਂ ਡਿਊਟੀ ਤੋਂ ਰਿਲੀਵ ਹੋ ਗਿਆ। ਹਾਲਾਂਕਿ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਨੇ ਮੈਨੂੰ ਪੂਰੀ ਤਨਖਾਹ ਨਾਲ ਦੋ ਸਾਲ ਦੀ ਨਿਯੁਕਤੀ, ਮੂੰਹ ਮੰਗੀ ਛੁੱਟੀ ਤੇ ਦਫ਼ਤਰੀ ਕੰਮ ਲਈ ਇੱਕ ਸਹਾਇਕ ਦੇਣ ਦੀ ਪੇਸ਼ਕਸ਼ ਕੀਤੀ। ਜਿਸ ਨੂੰ ਮੈਂ ਨਿਮਰਤਾ ਪੂਰਵਕ ਠੁਕਰਾ ਦਿੱਤਾ। ਮੈਂ ਮਾਂ ਬੋਲ਼ੀ ਪੰਜਾਬੀ ਅਤੇ ਆਪਣੀ ਪੋਤੀ ਦੀ ਸੇਵਾ ਕਰਨ ਨੂੰ ਪਹਿਲ ਦਿੱਤੀ। ਸੰਸਥਾ ਮੁਖੀ ਨੂੰ ਮੇਰਾ ਫੈਸਲਾ ਰਾਸ ਨਹੀਂ ਆਇਆ। ਇਸ ਦਾ ਗੁੱਸਾ ਉਸਨੇ ਮੈਨੂੰ ਕੋਈਂ ਵਿਦਾਇਗੀ ਪਾਰਟੀ ਨਾ ਦੇ ਕੇ ਕੱਢਿਆ। ਚਾਹੇ ਵਿਦਾਇਗੀ ਪਾਰਟੀ ਲੈਣਾ ਕਿਸੇ ਮੁਲਾਜਮ ਦਾ ਅਧਿਕਾਰ ਨਹੀਂ ਹੁੰਦਾ। ਪਰ ਫਿਰ ਵੀ ਹਰ ਸੰਸਥਾ ਵੱਲੋਂ ਵਿਦਾਇਗੀ ਦੇਣ ਲਈ ਕੁਝ ਰਕਮ ਨਿਸਚਿਤ ਹੁੰਦੀ ਹੈ। ਸਾਡੀ ਸੰਸਥਾ ਵਿੱਚ ਹਰ ਮੁਲਾਜਮ ਦੀ ਤਨਖਾਹ ਵਿਚੋਂ ਹਰ ਮਹੀਨੇ ਪੰਜਾਹ ਰੁਪਏ ਇਹਨਾਂ ਕੰਮਾਂ ਲਈ ਕੱਟੇ ਜਾਂਦੇ ਹਨ। ਜੋ ਮੈਂ ਪਿਛਲੇ ਤੀਹ ਬੱਤੀ ਸਾਲਾਂ ਤੋਂ ਕਟਵਾ ਰਿਹਾ ਸੀ। ਪਰ ਸੰਸਥਾ ਮੁਖੀ ਨੇ ਇਹਨਾਂ ਨਿਯਮਾਂ ਫਰਜ਼ਾਂ ਦੀ ਪਰਵਾਹ ਨਹੀਂ ਕੀਤੀ। ਉਹ ਸੱਤਾ ਦੇ ਨਸ਼ੇ ਵਿੱਚ ਤਾਨਾਸ਼ਾਹ ਵਾੰਗੂ ਵਿਚਰਨ ਲੱਗਿਆ। ਕੁਝ ਸੀਨੀਅਰ ਸਟਾਫ ਮੈਂਬਰਾਂ ਨੇ ਮੇਰੀ ਵਿਦਾਇਗੀ ਪਾਰਟੀ ਦੀ ਚਰਚਾ ਸਕੂਲ ਮੁਖੀ ਨਾਲ ਕੀਤੀ। ਪਰ ਉਸ ਦੇ ਮਨ ਵਿੱਚ ਡਿਊਟੀ ਨਾਲੋਂ ਨਿੱਜੀ ਰੰਜਿਸ ਜਿਆਦਾ ਭਾਰੀ ਪੈ ਗਈ। ਆਪਣੀ ਇਸ ਮੂਰਖਤਾ ਭਰੀ ਜਿੱਦ ਵਿੱਚ ਉਹ ਆਪਣੇ ਫਰਜ਼ ਭੁੱਲ ਗਈ। ਫਿਰ ਦੋ ਕੁ ਮਹੀਨੇ ਬਾਅਦ ਕਈ ਸਟਾਫ ਮੈਂਬਰ ਮਿਲਕੇ ਮੇਰੇ ਘਰ ਆਏ। ਅਸੀਂ ਆਪਣੇ ਮਨ ਹੋਲੋ ਕੀਤੇ। ਇੱਕ ਵਿਦਾਇਗੀ ਸਮਾਰੋਹ ਵਰਗੀ ਮਿਲਣੀ ਕੀਤੀ। ਜਿਸ ਨਾਲ ਮੈਨੂੰ ਕੁਝ ਰਾਹਤ ਮਿਲੀ। ਕੁਝ ਕੁ ਹਿਤੈਸ਼ੀ ਉਸਦੇ ਡਰ ਕਾਰਨ ਯ ਹੋਰ ਕਾਰਨਾਂ ਕਰਕੇ ਇਥੋਂ ਵੀ ਮਿਸ ਹੋ ਗਏ। ਪਰ ਉਹਨਾਂ ਨੇ ਫੋਨ ਕਰਕੇ ਆਪਣੀ ਮਜਬੂਰੀ ਦੱਸੀ। ਸੰਸਥਾ ਮੁਖੀ ਨੇ ਇਸ ਵਿਦਾਇਗੀ ਪਾਰਟੀ ਲਈ ਮੇਰੇ ਵਿਰੋਧੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਜਦੋ ਕਿ ਇਹਨਾਂ ਅਖੌਤੀ ਵਿਰੋਧੀਆਂ ਦੀ ਐਸੀ ਮੰਸਾ ਨਹੀਂ ਸੀ। ਇਹ ਸਭ ਉਸ ਮੁਖੀ ਦੀ ਨਿੱਜੀ ਘਟੀਆ ਸੋਚ ਦਾ ਨਤੀਜਾ ਸੀ। ਜਿਸ ਦਾ ਖਮਿਆਜਾ ਅਜਿਹੀ ਸੋਚ ਰੱਖਣ ਵਾਲਿਆਂ ਨੂੰ ਖੁਦ ਭੁਗਤਣਾ ਪਿਆ। ਉਹਨਾਂ ਨੂੰ ਪ੍ਰਬੰਧਕ ਕਮੇਟੀ ਨੇ ਮਹੀਨੇ ਦਾ ਆਖ਼ਰੀ ਦਿਨ ਵੀ ਨਹੀਂ ਉਡੀਕਣ ਦਿੱਤਾ ਪਹਿਲਾਂ ਹੀ ਘਰੇ ਜਾਣ ਦਾ ਫਰਲਾ ਪਕੜਾ ਦਿੱਤਾ। ਚਾਹ ਦਾ ਕੱਪ ਤਾਂ ਕਿਸਨੇ ਪਿਆਉਣਾ ਸੀ। ਦੂਜਿਆਂ ਲਈ ਖੱਡਾ ਪੁੱਟਣ ਵਾਲੇ ਆਪ ਉਸ ਵਿੱਚ ਸਮਾ ਗਏ। ਭਾਵੇਂ ਕਿਸੇ ਨਾਲ ਕੁਝ ਵੀ ਹੋਇਆ ਪਰ ਇਸ ਤਰ੍ਹਾਂ ਮੈਨੂੰ ਸੰਸਥਾ ਵੱਲੋਂ ਇੱਕ ਕੱਪ ਚਾਹ ਨਾ ਮਿਲਣ ਦਾ ਮਲਾਲ ਜਿੰਦਗੀ ਭਰ ਰਹੇਗਾ।
ਊਂ ਗੱਲ ਆ ਇੱਕ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ