ਜਦੋਂ ਵੀ ਸਟਾਫ ਪਾਰਟੀ ਹੁੰਦੀ ਤਾਂ ਇੱਕ ਜੁੰਡਲੀ ਸ਼ਰਾਰਤ ਨਾਲ ਫੁਲਕਿਆਂ ਵਾਲੀ ਸੇਵਾ ਮੇਰੇ ਜ਼ੁੰਮੇ ਪਾ ਦਿਆ ਕਰਦੀ..ਓਹਨਾ ਨੂੰ ਪਤਾ ਸੀ ਕੇ ਮੈਨੂੰ ਫੁਲਕੇ ਲਹੁਣੇ ਨਹੀਂ ਸਨ ਆਉਂਦੇ..ਜੇ ਕਦੇ ਕੋਸ਼ਿਸ਼ ਕਰਦੀ ਵੀ ਤਾਂ ਕੱਚੇ ਰਹਿ ਜਾਂਦੇ ਤੇ ਜਾਂ ਫੇਰ ਕਦੇ ਗੋਲ ਹੀ ਨਾ ਬਣਦੇ..!
ਫੇਰ ਕੋਲ ਖਲੋਤਾ ਚਰਨ ਸਿੰਘ ਚਪੜਾਸੀ ਬੋਲ ਪਿਆ ਕਰਦਾ ਕੇ ਆਹ ਫੁਲਕਿਆਂ ਵਾਲੀ ਸੇਵਾ ਮੇਰੇ ਪੇਟੇ ਪਾ ਦਿਓ..!
ਏਨਾ ਸੁਣ ਪਹਿਲੋਂ ਵਾਹਿਗੁਰੂ ਦਾ ਸ਼ੁਕਰ ਕਰਦੀ ਤੇ ਮਗਰੋਂ ਚਰਨ ਸਿੰਘ ਦਾ..ਉਹ ਅਗਿਓਂ ਸਿਰ ਤੇ ਹੱਥ ਫੇਰ ਦਿੰਦਾ!
ਵਿਆਹ ਮਗਰੋਂ ਫੇਰਾ ਪਉਣ ਆਈ ਤਾਂ ਬੀਜੀ ਨੇ ਸਟਾਫ ਵੱਲੋਂ ਦਿੱਤਾ ਇੱਕ ਸਾਂਝਾ ਗਿਫ਼੍ਟ ਸਾਮਣੇ ਲਿਆ ਧਰਿਆ..ਇੱਕ ਵੱਖਰਾ ਹੋਰ ਵੀ ਸੀ..ਹੈਰਾਨ ਹੋਈ..ਨਾਮ ਪੜਿਆ ਤਾਂ ਚਰਨ ਸਿੰਘ ਲਿਖਿਆ ਸੀ..ਖੋਲਿਆ ਤਾਂ ਅੰਦਰੋਂ ਫੁਲਕੇ ਪਕਾਉਣ ਵਾਲੀ ਮਸ਼ੀਨ..ਹਾਏ ਐਡਾ ਮਹਿੰਗਾ..ਓਸੇ ਵੇਲੇ ਫੋਨ ਲਾਇਆ ਤੇ ਪੁੱਛਿਆ ਅੰਕਲ ਕੀ ਲੋੜ ਸੀ ਏਡੇ ਮਹਿੰਗੇ ਗਿਫ਼੍ਟ ਦੀ..ਅੱਧੀ ਤਨਖਾਹ ਤੇ ਤੁਸਾਂ ਇਸੇ ਤੇ ਹੀ ਲਾ ਦਿੱਤੀ ਹੋਣੀ..!
ਆਖਣ ਲੱਗਾ ਧੀਏ ਬਾਕੀਆਂ ਨੂੰ ਬਥੇਰਾ ਆਖਿਆ ਸੀ ਕੇ ਉਸਨੂੰ ਫੁਲਕੇ ਲਹੁਣੇ ਨਹੀਂ ਆਉਂਦੇ..ਅਗਲੇ ਘਰ ਜਾ ਕੇ ਔਖੀ ਹੋਵੇਗੀ ਪਰ ਕੋਈ ਨਾ ਮੰਨਿਆਂ..ਸੋ ਮੈਂ ਇਹ ਸੋਚ ਇਹ ਮਸ਼ੀਨ ਵੱਖਰੀ ਪੈਕ ਕਰਵਾ ਲਈ ਕੇ ਹੁਣ ਬੁੱਢਾ ਹੋ ਗਿਆ ਚਰਨ ਸਿੰਘ ਤੇਰੇ ਨਾਲ ਹਰੇਕ ਥਾਂ ਤੇ ਤਾਂ ਨਹੀਂ ਜਾ ਸਕਦਾ..!
ਏਨੀ ਗੱਲ ਸੁਣ ਬਿੰਦ ਕੂ ਲਈ ਸੁੰਨ ਹੋ ਗਈ..ਮਗਰੋਂ ਸਾਰੇ ਸਰੀਰ ਵਿਚ ਛਿੜ ਗਿਆ ਇੱਕ ਅਜੀਬ ਤਰਾਂ ਦਾ ਕਾਂਬਾ ਪਤਾ ਨਹੀਂ ਕਿਸੇ ਖੁਸ਼ੀ ਦਾ ਸੀ ਕੇ ਹੈਰਾਨਗੀ ਦਾ..!
ਉਹ ਹੈਲੋ ਹੈਲੋ ਕਰਦਾ ਰਿਹਾ ਪਰ ਮੈਥੋਂ ਅੱਗਿਓਂ ਗੱਲ ਨਾ ਹੋਈ..ਗੱਚ ਭਰਿਆ ਗਿਆ..ਇੰਝ ਲੱਗਾ ਦੂਰ ਬੈਠੇ ਦਾਰ ਜੀ ਨੇ ਇੱਕ ਅਣਮੁੱਲੀ ਸ਼ੈ ਘੱਲ ਦਿੱਤੀ ਹੋਵੇ..ਨਿੱਕੀ ਹੁੰਦੀ ਰੋਟੀ ਪਕਾਉਂਦੀ ਨੂੰ ਉਠਾ ਕੇ ਪੜਨ ਲਈ ਅੰਦਰ ਜੂ ਘੱਲ ਦਿਆ ਕਰਦੇ ਸਨ!
ਅੱਜ ਅਰਸਾ ਹੋ ਗਿਆ..ਕਦੇ ਖਰਾਬ ਨਹੀਂ ਹੋਈ..ਪਿੱਛੇ ਜਿਹੇ ਹੀ ਸਦੀਵੀਂ ਸਫ਼ਰ ਤੇ ਤੁਰ ਗਏ ਚਰਨ ਸਿੰਘ ਨੇ ਸ਼ਾਇਦ ਪੱਕੀ ਕਰ ਕੇ ਘੱਲੀ ਸੀ ਕੇ ਕੋਈ ਉਲਾਂਹਮਾਂ ਨਾ ਦਵਾਈਂ..!
ਅੱਜਕੱਲ ਦੀ ਭੱਜ ਦੌੜ ਵਿਚ ਵਾਕਿਆ ਹੀ ਕਿਥੇ ਮਿਲਦੀਆਂ ਐਸੀਆਂ ਵਡਮੁੱਲੀਆਂ ਸ਼ੈਵਾਂ..ਜਿਹਨਾਂ ਤੇ ਆਪਣੇਪਣ ਦੀ ਪੱਕੀ ਮੋਹਰ ਲੱਗੀ ਹੁੰਦੀ ਏ!
ਹਰਪ੍ਰੀਤ ਸਿੰਘ ਜਵੰਦਾ