ਇੱਕ ਏਧਰ ਦਾ..ਉਮਰ ਅੱਸੀ ਸਾਲ..ਅਜੇ ਵੀ ਘੋੜੇ ਵਾਂਙ ਭੱਜਿਆ ਫਿਰਦਾ!
ਇੱਕ ਦਿਨ ਕਾਫੀ ਪੀਂਦਿਆਂ ਪੁੱਛ ਲਿਆ..ਜੇ ਕੋਈ ਅਬੀ ਨਬੀ ਨਾ ਹੋਈ ਤਾਂ ਸਾਡੇ ਕੋਲ ਅਜੇ ਵੀਹ ਪੰਝੀ ਸਾਲ ਹੋਰ ਹੈਗੇ..ਪਰ ਤੇਰੀ ਮਿਆਦ ਤੇ ਪੁੱਗ ਚੁੱਕੀ ਏ..ਕਿੱਦਾਂ ਮਹਿਸੂਸ ਹੁੰਦਾ?
ਜ਼ੋਰ ਦੀ ਹਸਿਆ ਫੇਰ ਆਖਣ ਲੱਗਾ..ਰਾਤ ਨੂੰ ਸੌਣ ਵੇਲੇ ਉਸ ਸਾਰੇ ਦਿਨ ਵਿਚ ਹੋਇਆ ਬੀਤਿਆ ਸਾਰਾ ਕੁਝ ਲਾਂਭੇ ਰੱਖ ਇੱਕ ਅਰਦਾਸ ਕਰੀਦੀ ਏ ਕੇ ਹੈ ਰੱਬਾ ਅਗਲੇ ਦਿਨ ਦੀ ਸੁਵੇਰ ਦੇਖਣ ਦੀ ਤੌਫ਼ੀਕ ਬਖਸ਼ ਦੇਵੀਂ..!
ਫੇਰ ਜਦੋਂ ਅਗਲੇ ਦਿਨ ਜਿਉਂਦਾ ਜਾਗਦਾ ਸਾਹ ਲੈਂਦਾ ਉੱਠ ਪੈਂਦਾ ਹਾਂ ਤਾਂ ਦੋਵੇਂ ਬਾਹਵਾਂ ਉੱਪਰ ਨੂੰ ਚੁੱਕ ਸ਼ੁਕਰਾਨਾ ਕਰ ਦਿੰਦਾ ਹਾਂ..ਥੈਂਕਸ ਤੂੰ ਮੈਨੂੰ ਜਿਉਂਦੇ ਰੱਖਿਆ!
ਤੇ ਫੇਰ ਮਗਰੋਂ ਉਸ ਦਿਨ ਦੀ ਪਹਿਲੋਂ ਤੋਂ ਹੀ ਕੀਤੀ ਯੋਜਨਾ ਬੰਦੀ ਨੂੰ ਅਮਲੀ ਰੂਪ ਦੇਣਾ ਸ਼ੁਰੂ ਕਰ ਦੇਈਦਾ..!
ਯੋਜਨਾਵਾਂ ਵੀ ਕੋਈ ਲੰਮੀਆਂ ਚੌੜੀਆਂ ਨਹੀਂ..ਬਸ ਮੋਟਾ-ਮੋਟਾ ਜਿਹਾ ਹਿਸਾਬ ਕਿਤਾਬ ਰੱਖਿਆ ਹੁੰਦਾ!
ਬੱਚੇ ਸੈੱਟ ਨੇ..ਨਾ ਵੀ ਹੁੰਦੇ ਤਾਂ ਕੋਈ ਪ੍ਰਵਾਹ ਨਹੀਂ..ਸਾਰੀ ਉਮਰ ਦਾ ਠੇਕਾ ਥੋੜੀ ਲਿਆ..ਹਾਂ ਪੋਤਰੇ ਪੋਤਰੀਆਂ ਨਾਲ ਥੋੜਾ ਬਹੁਤ ਮੋਹ ਜਰੂਰ ਹੈ ਬਸ..!
ਆਖਣ ਲੱਗਾ ਕੇ ਲੰਘੇ ਸਮੇ ਵਿਚ ਹੋਈਆਂ ਗਲਤੀਆਂ ਤੇ ਨਫ਼ੇ ਨੁਕਸਾਨ ਬਾਰੇ ਸੋਚ ਕਦੀ ਵੀ ਵਰਤਮਾਨ ਖਰਾਬ ਨਹੀਂ ਕਰਦਾ!
ਉਸਦੇ ਮਗਰੋਂ ਆਖੀਆਂ ਦਾ ਵਿਸ਼ਲੇਸ਼ਣ ਕੀਤਾ..ਤੱਤ ਕੱਢੇ..ਪਹਿਲਾ ਤੱਤ ਇਹ ਕੱਢਿਆ ਕੇ ਮਨੁੱਖ ਨੂੰ ਕਿੰਨੇ ਸਾਰੇ ਕੰਮ ਨੇਪਰੇ ਚਾੜਨ ਲਈ ਖੁਦ ਨੂੰ ਜਿਉਂਦੇ ਰੱਖਣਾ ਅੱਤ ਲੋੜੀਂਦਾ ਹੈ..ਜਿਉਂਦੇ ਰੱਖਣ ਲਈ ਸੌਣ ਲੱਗਿਆਂ ਅਰਦਾਸ ਅਤੇ ਉੱਠਣ ਤੇ ਸ਼ੁਕਰਾਨਾ ਬੜਾ ਜਰੂਰੀ..ਬਾਕੀ ਸਭ ਕੁਝ ਤੇ ਚਲਦੇ ਸਾਹਾਂ ਦੀ ਲੜੀ ਦੇ ਵਿਚ ਹੀ ਆ ਜਾਣਾ..!
ਪਰ ਮੇਰੀ ਤ੍ਰਾਸਦੀ..ਜਿੰਨੀ ਦੇਰ ਤੀਕਰ ਰੂਹ ਨੂੰ ਦਿਨੇ ਰਾਤ ਕੋਈ ਫਿਕਰ ਟੈਨਸ਼ਨ ਨਹੀਂ..ਲੱਗਦਾ ਹੀ ਨਹੀਂ ਕੇ ਮੈਂ ਜਿੰਦਗੀ ਜਿਉਂ ਰਿਹਾ ਹਾਂ!
ਹਰਪ੍ਰੀਤ ਸਿੰਘ ਜਵੰਦਾ