ਜਿਵੇਂ ਹੀ ਟ੍ਰੇਨ ਸਟੇਸ਼ਨ ਤੇ ਰੁਕੀ, ਧੱਕਾ ਮੁੱਕੀ ਰਸ਼…ਸਭ ਨੂੰ ਚੜਨ ਦੀ ਕਾਹਲ, ਉੱਤੋ ਸਮਾਨ ਵੇਚਣ ਵਾਲਿਆਂ ਦਾ ਰੌਲਾ…ਉਤਰਨ ਵਾਲੇ ਨੂੰ ਉਤਰਨ ਦਾ ਮੌਕਾ ਹੀ ਨਹੀਂ ਮਿਲ ਰਿਹਾ ਸੀ। ਸਨੇਹਾ ਆਪਣੀ ਸੀਟ ਤੇ ਬੈਠੀ ਬਾਹਰ ਦੇਖ ਰਹੀ ਸੀ। ਕ ਅਚਾਨਕ ਇੱਕ ਬਜੁਰਗ ਉਸਦੇ ਪੈਰਾਂ ਦੇ ਕੋਲ ਆ ਕੇ ਡਿੱਗਾ। ਸਨੇਹਾ ਨੇ ਫਟਾਫਟ ਉਸਨੂੰ ਬਾਹਾਂ ਦਾ ਸਹਾਰਾ ਦੇ ਕੇ ਉਠਾਇਆ। ਚਿੱਟੀ ਦਾਹੜੀ ਮੈਲੀ ਹੋਈ ਪਈ ਸੀ ਕੱਪੜੇ ਵੀ ਗੰਦੇ ਸਨ। ਸਨੇਹਾ ਨੇ ਓਹਨਾਂ ਨੂੰ ਫੜ ਕੇ ਖੜੇ ਕਰ ਦਿੱਤਾ।
“ਤੁਹਾਨੂੰ ਕਿਤੇ ਸੱਟ ਤੇ ਨਹੀਂ ਲੱਗੀ? ਸਨੇਹਾ ਨੇ ਪੁੱਛਿਆ
ਉਸਨੇ ਨਾਂਹ ਵਿੱਚ ਸਿਰ ਹਿਲਾਇਆ, ਸਨੇਹਾ ਵੱਲ ਗੌਰ ਨਾਲ ਦੇਖਣ ਲੱਗਾ।
ਸਨੇਹਾ ਨੂੰ ਥੋੜਾ ਅਟਪਟਾ ਲੱਗਾ।
ਉਹ ਫਿਰ ਵੀ ਦੇਖਦਾ ਰਿਹਾ, ਜਿਵੇ ਪਹਿਚਾਣ ਰਿਹਾ ਹੋਵੇ। ਸਨੇਹਾ ਨੂੰ ਵੀ ਲੱਗਾ ਜਿਵੇ ਕਿਤੇ ਦੇਖਿਆ ਹੈ।
“ਤੁਸੀ ਮੈਨੂੰ ਜਾਣਦੇ ਹੋ? ਸਨੇਹਾ ਨੇ ਪੁੱਛਿਆ
ਫਿਰ ਉਹ ਬਿਨਾਂ ਬੋਲੇ ਅੱਗੇ ਵੱਧ ਗਿਆ। ਪਰ ਫਿਰ ਮੁੜ ਕੇ ਦੇਖਿਆ। ਸਨੇਹਾ ਨੇ ਵੀ ਧਿਆਨ ਨਾਲ ਦੇਖਿਆ। ਉਸਨੂੰ ਫਿਰ ਲੱਗਾ ਕੋਈ ਜਾਣਿਆ ਪਹਿਚਾਣਿਆ ਚੇਹਰਾ ਹੈ।
ਫਿਰ ਉਹ ਆਪਣੀ ਸੀਟ ਤੇ ਬੈਠ ਗਈ। ਬਜ਼ੁਰਗ ਦਾ ਚੇਹਰਾ ਉਸ ਦੇ ਦਿਮਾਗ ਵਿਚ ਰਹਿ ਗਿਆ। ਟ੍ਰੇਨ ਚਲ ਪਈ। ਸਨੇਹਾ ਬਾਹਰ ਦੇਖਦੀ ਹੋਈ ਸੋਚਦੀ ਰਹੀ। ਫਿਰ ਇਕ ਦਮ ਜਿਵੇਂ ਯਾਦ ਆਇਆ।
ਡੈਡੀ ਜੀ ? ਉਹ ਹਾਂ ਇਹ ਤਾਂ ਡੈਡੀ ਜੀ ਸੀ। ਸਨੇਹਾ ਨੇ ਆਪਣੀ ਨਾਲ ਵਾਲੀ ਔਰਤ ਨੂੰ ਸਮਾਨ ਦਾ ਧਿਆਨ ਰੱਖਣ ਲਈ ਕਿਹਾ ਤੇ ਉੱਠ ਕੇ ਓਧਰ ਗਈ, ਜਿਧਰ ਉਹ ਗਏ ਸਨ…. ਪਰ ਉਹ ਕਿਤੇ ਨਹੀਂ ਦਿਸੇ। ਅਗਲੇ ਦੋ ਡੱਬੇ ਵੀ ਦੇਖ ਲਏ, ਪਰ ਕਿਤੇ ਨਜਰ ਨਹੀਂ ਆਏ। ਹਾਰ ਕੇ ਸਨੇਹਾ ਵਾਪਸ ਆ ਗਈ। ਪ੍ਰੇਸ਼ਾਨ ਜਿਹੀ ਵੀ ਹੋ ਗਈ।
ਡੈਡੀ ਜੀ ਇਸ ਹਾਲਤ ਵਿੱਚ? ਇਹ ਕਿਵੇ ਹੋ ਸਕਦਾ ਹੈ? ਪੁਲਿਸ ਵਿੱਚ ਵੱਡੇ ਅਹੁਦੇ ਤੇ ਤਾਇਨਾਤ ਇਨਸਾਨ ਇਸ ਹਾਲਤ ਵਿੱਚ ਕਿਵੇਂ? ਡੈਡੀ ਮਤਲਬ ਉਸਦੇ ਸਹੁਰਾ ਸਾਬ ਬਾਰੇ ਸੋਚਦੀ, ਉਹ ਪੰਦਰਾਂ ਸਾਲ ਪਿੱਛੇ ਚਲੀ ਗਈ। ਜਦ ਵਿਆਹ ਕੇ ਆਈ ਸੀ, ਬਹੁਤ ਰੋਹਬ ਸੀ ਉਸਦੇ ਸਹੁਰੇ ਦਾ…. ਵਿਆਹ ਨੂੰ ਸਾਲ ਹੀ ਹੋਇਆ ਸੀ ਉਸਦਾ ਪਤੀ ਇਕ ਐਕਸੀਡੈਂਟ ਵਿਚ ਪੂਰਾ ਹੋ ਗਿਆ। ਸਨੇਹਾ ਦਾ ਦੇਵਰ ਓਸਤੇ ਗੰਦੀ ਨਿਗ੍ਹਾ ਰੱਖਦਾ ਸੀ। ਜਿਸ ਬਾਰੇ ਆਪਣੀ ਸੱਸ ਸਹੁਰੇ ਨੂੰ ਦੱਸ ਚੁੱਕੀ ਸੀ। ਸੱਸ ਦੀ ਤਾਂ ਘਰ ਵਿਚ ਚਲਦੀ ਨਹੀਂ ਸੀ। ਸਹੁਰੇ ਦਾ ਜਵਾਬ ਸੀ, ਤੂੰ ਹੀ ਕੋਈ ਇਸ਼ਾਰੇ ਕਰਦੀ ਹੋਣੀ ਹੈ। ਪੇਕਿਆ ਤੋਂ ਵੀ ਸਨੇਹਾ ਦਾ ਸਾਥ ਦੇਣ ਵਾਲਾ ਕੋਈ ਨਹੀਂ ਸੀ। ਉਹ ਆਪਣੇ ਦੇਵਰ ਤੋਂ ਬਚਦੀ ਰਹਿੰਦੀ। ਪਰ ਇਕ ਦਿਨ ਮੌਕਾ ਪਾ ਕੇ ਉਸਦੇ ਦੇਵਰ ਨੇ ਦਬੋਚ ਲਿਆ। ਓਸਨੇ ਬਚਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਆਪਣਾ ਆਪ ਨਾ ਬਚਾ ਪਾਈ। ਘਰ ਵਿਚ ਕਿਸੇ ਨੇ ਸਾਥ ਨਾ ਦਿੱਤਾ। ਫਿਰ ਖੁਦ ਹੀ ਸਨੇਹਾ ਨੇ ਪੁਲਿਸ ਸਟੇਸ਼ਨ ਜਾ ਕੇ ਦੇਵਰ ਖਿਲਾਫ ਐੱਫ ਆਈ ਆਰ ਦਰਜ ਕਰਵਾ ਦਿੱਤੀ। ਸਹੁਰੇ ਨੇ ਆਪਣੇ ਰੁਤਬੇ ਦਾ ਫਾਇਦਾ ਲੈਂਦੇ ਹੋਏ…
ਸਨੇਹਾ ਤੇ ਬਹੁਤ ਘਟੀਆ ਤੇ ਗੰਦੇ ਇਲਜ਼ਾਮ ਲਗਾ ਕੇ ਕੇਸ ਆਪਣੇ ਹੱਕ ਵਿਚ ਕਰ ਲਿਆ। ਉਸਨੂੰ ਸ਼ਹਿਰ ਤੋਂ ਦੂਰ ਬਾਹਰ ਜਾਣ ਲਈ ਮਜਬੂਰ ਕਰ ਦਿੱਤਾ। ਸਨੇਹਾ ਨੇ ਉਸਨੂੰ ਆਪਣੀ ਹੋਣੀ ਮੰਨ ਲਿਆ ਤੇ ਬਹੁਤ ਦੂਰ ਚਲੀ ਗਈ।ਅੱਜ ਏਨੇ ਸਾਲ ਬਾਅਦ ਡੈਡੀ ਜੀ ਇਸ ਹਾਲ ਵਿੱਚ??
ਸਨੇਹਾ ਦੇ ਮਨ ਵਿੱਚ ਬਹੁਤ ਸਵਾਲ ਆਏ।
ਇਹ ਕਿਵੇ ਹੋਇਆ?
ਬਾਕੀ ਸਭ ਕਿੱਥੇ ਨੇ?
ਘਰ ਤੋਂ ਏਨੀ ਦੂਰ ਇਥੇ ਕਿਵੇ?
ਪਰ ਜਵਾਬ ਕਿਸ ਤੋਂ ਲਵੇ?
ਏਨੇ ਨੂੰ ਇਕ ਮੰਗਤਾ ਆਇਆ, ਜਿਸ ਦੇ ਗੀਤ ਵਿਚ ਸਨੇਹਾ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ
” ਜਿਹਾ ਬੀਜੋਗੇ ਓਹੋ ਵੱਢੋਗੇ,
ਚੰਗਾ ਕਰਮ ਕਰੋ ਪਿਆਰਿਓ,
ਜ਼ਿੰਦਗੀ ਚਾਰ ਦਿਨਾਂ ਦਾ ਮੇਲਾ
ਬੂਟਾ ਪਿਆਰ ਦਾ ਲਾਓ ਪਿਆਰਿਓ।
ਰਜਿੰਦਰ ਕੌਰ