ਇਨਸਾਨ ਦੇ ਅੰਦਰ ਬਹੁਤ ਕੁੱਝ ਹੈ। ਕਮਜ਼ੋਰੀਆਂ ਅਤੇ ਤਾਕਤਾਂ ਦਾ ਮੁਜੱਸਮਾ ਘੜੀ ਵਿੱਚ ਤੋਲ਼ਾ ਘੜੀ ਵਿੱਚ ਮਾਸਾ।
ਵੈਸੇ ਡਿਗੀ ਹੋਈ ਵਸਤੂ ਕਿਸੇ ਦੀ ਵੀ ਹੋ ਸਕਦੀ ਹੈ। ਇਹ ਜਾਣਦਿਆ ਹੋਇਆ ਕਿ ਇਹ ਵਸਤੂ ਕਿਸ ਦੀ ਹੈ, ਉਸ ਨੂੰ ਚੁੱਕ ਕੇ ਜੇਬ ਵਿੱਚ ਪਾ ਲੈਣਾ।
ਚੋਰੀ ਸਮਝਿਆ ਜਾਣਾ ਚਾਹੀਦਾ ਹੈ। ਨਾ ਜਾਣਦਿਆ ਹੋਇਆ ਕਿ ਇਹ ਕਿਸਦੀ ਹੈ। ਉਸ ਉੱਪਰ ਤਿੰਨ ਚੌਥਾਈ ਹੱਕ ਲੱਭਣ ਵਾਲੇ ਦਾ ਹੁੰਦਾ ਹੈ।
ਉਸ ਤੋਂ ਬਾਅਦ ਲੱਭੀ ਹੋਈ ਚੀਜ਼ ਦਾ ਕੀ ਕਰਨਾ ਹੈ, ਇਸ ਵਾਰੇ ਫੈਸਲਾ ਕਰਨਾ ਲੱਭਣ ਵਾਲੇ ਦਾ ਹੱਕ ਸਮਝਿਆ ਜਾਣਾ ਚਾਹੀਦਾ ਹੈ।
ਮੇਰੀ ਵੀ ਇਹੋ ਜਿਹੀ ਇੱਕ ਰਾਮ ਕਹਾਣੀ ਹੈ।
ਮੇਰਾ ਇੱਕ ਚਚੇਰਾ ਭਾਈ ਮੇਰੇ ਨਾਲ਼ੋਂ ਘੱਟ ਚੰਚਲ ਅਤੇ ਮੇਰੇ ਨਾਲ਼ੋਂ ਵੱਧ ਸੰਵੇਦਨਸ਼ੀਲ, ਇੱਕ ਵਾਰ ਮੈਨੂੰ ਕਹਿਣ ਲੱਗਾ ਕਿ ਯਾਰ ਅੱਜ ਮੈਨੂੰ ਤੁਰੇ ਆਉਂਦੇ ਨੂੰ ਸੜਕ ਦੇ ਕਿਨਾਰੇ ਤੋਂ ਕਿਸੇ ਦੀ ਤਨਖਾਹ ਦਾ ਬੰਦ ਲਿਫ਼ਾਫ਼ਾ ਲੱਭਾ।
ਮੈਂ ਉਤਸੁਕਤਾ ਨਾਲ ਪੁੱਛਿਆ ਕਿ ਫੇਰ? ਉਹ ਕਹਿੰਦਾ ਫੇਰ ਕੀ, ਲਾਗੇ ਇੱਕ ਫ਼ੈਕਟਰੀ ਸੀ। ਮੈਂ ਉਹ ਲਿਫ਼ਾਫ਼ਾ ਫ਼ੈਕਟਰੀ ਦੇ ਗੇਟ ਕੀਪਰ ਨੂੰ ਇਹ ਕਹਿੰਦਿਆਂ ਦੇ ਦਿੱਤਾ ਕਿ ਸ਼ਾਇਦ ਇਹ ਤੁਹਾਡੇ ਕਿਸੇ ਵਰਕਰ ਦਾ ਹੋ ਸਕਦਾ ਹੈ।
ਮੇਰਾ ਪਹਿਲਾ ਪ੍ਰਤਿਕਰਮ ਇਹ ਸੀ ਕਿ ਓਹ ਹੋ! ਯਾਰ ਤੈਨੂੰ ਲੱਭਾ ਸੀ ਤੂੰ ਰੱਖ ਲੈਣਾ ਸੀ। ਉਹ ਕਹਿੰਦਾ ਫੇਰ?
ਮੈਂ ਹੱਸਦਿਆਂ ਹੋਇਆ ਕਿਹਾ ਫੇਰ ਕੀ, ਮੈਨੂੰ ਬੀਅਰ ਪਿਆ ਦਿੰਦਾ। ਉਹ ਕਹਿੰਦਾ ਜ਼ਰਾ ਸੋਚ ਜਿਸ ਦਾ ਗਵਾਚਾ ਹੋਊ ਉਹ ਕੀ ਮਹਿਸੂਸ ਕਰਦਾ ਹੋਊ?
ਮੈਂ ਕਿਹਾ ਸੋ ਤੋ ਹੈ। ਪਰ ਤੈਨੂੰ ਕੀ ਪਤਾ ਉਹ ਕੌਣ ਸੀ?
ਗੱਲ ਆਈ ਗਈ ਹੋ ਗਈ।
ਹਫ਼ਤੇ ਤੋ ਉੱਪਰ ਲੰਘ ਗਿਆ। ਇੱਕ ਦਿਨ ਉਹ ਆਇਆ ਤੇ ਮੈਨੂੰ ਕਹਿੰਦਾ, ਆ ਜਾ ਤੈਨੂੰ ਬੀਅਰ ਪਿਲਾਵਾਂ। ਮੈਂ ਕਿਹਾ ਅੱਜ ਕਿਹੜੀ ਖੁਸ਼ੀ ਵਿੱਚ?
ਉਹ ਕਹਿੰਦਾ ਅੱਜ ਜਦੋਂ ਮੈਂ ਕੰਮ ਤੋਂ ਬਾਅਦ ਉਸੇ ਫ਼ੈਕਟਰੀ ਅੱਗਿਓ ਲੰਘ ਰਿਹਾ ਸੀ। ਗੇਟ ਕੀਪਰ ਨੇ ਮੈਨੂੰ ਅਵਾਜ਼ ਮਾਰ ਕੇ ਉਹ ਲਿਫ਼ਾਫ਼ਾ ਇਹ ਕਹਿੰਦਿਆਂ ਵਾਪਸ ਕਰ ਦਿੱਤਾ ਕਿ ਇਹ ਤੇਰਾ ਹੀ ਹੈ। ਮੈਂ ਕਿਹਾ ਇਹ ਕਿਵੇਂ? ਉਹ ਕਹਿੰਦਾ ਇਸ ਨੂੰ ਕਿਸੇ ਨੇ ਕਲੇਮ ਹੀ ਨਹੀਂ ਕੀਤਾ। ਸੋ ਇਸ ਨੂੰ ਤੂੰ ਹੀ ਰੱਖ।
ਸੁਣਕੇ ਮੈਂ ਫੈਸਲਾ ਨਾ ਕਰ ਸਕਿਆ ਕਿ ਕੌਣ ਕਿੰਨਾ ਸੱਚਾ ਸੀ।
ਗੋਰਾ ਗੇਟ ਕੀਪਰ ਜਾਂ ਮੇਰਾ ਚਚੇਰਾ ਭਾਈ।
ਪਹਿਲੀ ਸੱਟੇ ਕੋਈ ਵੀ ਰੱਖ ਸਕਦਾ ਸੀ॥
ਅਵਤਾਰ ਸਿੰਘ ਰਾਏ ਬਰਮਿੰਘਮ।