ਮੈਂ ਤੇ ਭਿੰਦਰ ਹਮ ਉਮਰ ਸੀ ਤੇ ਇੱਕੋ ਜਮਾਤ ਵਿੱਚ ਪੜ੍ਹਦੇ ਸੀ, ਭਿੰਦਰ ਦੀ ਭੈਣ ਰਮਨ ਸਾਡੇ ਤੋਂ ਵੀਹ ਕੁ ਵਰ੍ਹੇ ਵੱਡੀ ਹੋਵੇਗੀ, ਅਸੀਂ ਸਕੂਲੋਂ ਘਰ ਆ ਕੇ ਕਦੇ ਇਹ ਨਹੀਂ ਸੀ ਸੋਚਿਆ ਕਿ ਰੋਟੀ ਕਿੱਧਰ ਖਾਣੀ ਆ,ਸਾਂਝੀ ਕੰਧ ਤੋਂ ਹੀ ਸਬਜ਼ੀ ਦੀਆਂ ਕੌਲੀਆਂ ਏਧਰ ਓਧਰ ਘੁੰਮਦੀਆਂ ਸਨ , ਸਾਨੂੰ ਸਕੂਲ ਦਾ ਕੰਮ ਰਮਨ ਭੈਣ ਹੀ ਕਰਾਉਂਦੀ ਤੇ ਸਾਡੇ ਜੂੜੇ ਕਰਕੇ ਪਟਕੇ ਵੀ ਓਹੀ ਬੰਨਦੀ।
ਇੱਕ ਦਿਨ ਸਕੂਲੋਂ ਘਰ ਆਇਆ ਨੂੰ ਦਾਦੀ ਨੇ ਦੱਸਿਆ ਕਿ ਐਤਵਾਰ ਨੂੰ ਤੁਹਾਡੀ ਰਮਨ ਭੈਣ ਦਾ ਵਿਆਹ ਹੈ, ਮੁੰਡਾ ਬਾਹਰ ਤੋਂ ਵਿਆਹੁਣ ਆ ਰਿਹਾ, ਸਾਨੂੰ ਚਾਅ ਸੀ ਕਿ ਵਿਆਹ ‘ਤੇ ਲੱਡੂ, ਜਲੇਬੀਆਂ ਖਾਂਵਾਗੇ, ਨਵੇਂ ਕੱਪੜੇ ਪਾਵਾਂਗੇ |
ਵਿਆਹ ਦਾ ਦਿਨ ਆ ਗਿਆ, ਗੁਰਦੁਆਰਾ ਸਾਹਿਬ ‘ਚ ਲਾਵਾਂ ਹੋਈਆਂ, ਲੋਕਾਂ ਨੂੰ ਏਹ ਕਹਿੰਦਿਆਂ ਸੁਣਿਆ, ਭਾਈ ਮੁੰਡੇ ਦੀ ਉਮਰ ਕੁੜੀ ਨਾਲੋਂ ਕਾਫੀ ਵੱਡੀ ਆ, ਲਾਵਾਂ ਵੇਲੇ ਵੀ ਉਸ ਨੂੰ ਫੜ ਕੇ ਹੀ ਲਾਵਾਂ ਕਰਵਾਈਆਂ ਗਈਆਂ, ਇੱਕ ਵਾਰੀ ਤਾਂ ਉਹ ਡਿੱਗਣੋਂ ਮਸਾਂ ਹੀ ਬਚਿਆ, ਪਿੰਡ ਦੇ ਜਗਨੇ ਤਾਏ ਨੇ ਇਹ ਕਹਿ ਕੇ ਗੱਲ ਬਦਲ ਦਿੱਤੀ ਕਿ ਹੋ ਸਕਦਾ ਕਿ ਪ੍ਰਾਹੁਣੇ ਦੀ ਲੱਤ ਚ ਕੋਈ ਨੁਕਸ ਹੋਵੇ | ਖੈਰ ਭੈਣ ਵਿਦਾ ਹੋਣ ਲੱਗੀ ਤਾਂ ਬੀਬੀ ਤੇ ਚਾਚੀ ਨੂੰ ਰੋਂਦਿਆਂ ਦੇਖ ਮੈਂ ਤੇ ਭਿੰਦਰ ਵੀ ਭੈਣ ਨੂੰ ਜੱਫੀ ਪਾ ਕੇ ਉੱਚੀ ਉੱਚੀ ਰੋਣ ਲੱਗੇ ਤੇ ਉਸ ਨੇ ਸਾਨੂੰ ਦੋਵਾਂ ਨੂੰ ਕਲਾਵੇ ਵਿੱਚ ਭਰ ਲਿਆ ਤੇ ਆਪ ਰੋਂਦੀ ਹੋਈ ਸਾਡੇ ਹੰਝੂ ਪੂੰਝਕੇ ਸਾਨੂੰ ਚੁੱਪ ਕਰਾਕੇ ਡੋਲੀ ਵਾਲੀ ਕਾਰ ‘ਚ ਬੈਠ ਕੇ ਚਲੀ ਗਈ।
ਸਮਾਂ ਆਪਣੀ ਚਾਲ ਚਲਦਾ ਰਿਹਾ, ਅਸੀਂ ਵੀ ਕਾਲਜ ਪੜ੍ਹਨ ਲੱਗ ਪਏ, ਇੱਕ ਦਿਨ ਭਿੰਦਰ ਨੇ ਕਿਹਾ ਕਿ ਆਪਾਂ ਦਿੱਲੀ ਏਅਰਪੋਰਟ ਜਾਣਾ ਰਮਨ ਭੈਣ ਆ ਰਹੀ ਆ ਚਾਅ ਸੀ ਕਿ ਵੀਹ ਸਾਲਾਂ ਬਾਅਦ ਭੈਣ ਨੂੰ ਮਿਲਾਂਗੇ,
ਏਅਰਪੋਰਟ ਪਹੁੰਚੇ ਰਮਨ ਭੈਣ ਦਾ ਜਹਾਜ਼ ਉਤਰਿਆਂ, ਆਪਣਾ ਸਮਾਨ ਵਗੈਰਾ ਲੈਣ ਤੋਂ ਬਾਅਦ ਭੈਣ ਬਾਹਰ ਆਈ ਤੇ ਅਸੀਂ ਭੈਣ ਨੂੰ ਉਵੇਂ ਹੀ ਘੁੱਟ ਕੇ ਜੱਫੀ ਪਾਈ ਜਿਵੇਂ ਬਚਪਨ ਵਿੱਚ ਪਾਉਂਦੇ ਸੀ ਤੇ ਉਹਨੇ ਵੀ ਸਾਨੂੰ ਦੋਵਾਂ ਨੂੰ ਆਪਣੀਆਂ ਬਾਹਵਾਂ ਵਿੱਚ ਘੁੱਟ ਲਿਆ, ਏਅਰਪੋਰਟ ਤੋਂ ਬਾਹਰ ਆ ਕੇ ਰਮਨ ਭੈਣ ਨੇ ਦੋਵੇਂ ਹੱਥ ਜੋੜ ਕੇ ਧਰਤੀ ਨੂੰ ਮੱਥਾ ਟੇਕਿਆ ਤੇ ਮਿੱਟੀ ਚੁੱਕ ਕੇ ਆਪਣੇ ਮੱਥੇ ਨੂੰ ਲਗਾਈ, ਰਾਹ ਵਿੱਚ ਜੋ ਵੀ ਮੰਗਤਾ ਮਿਲਦਾ ਰਮਨ ਭੈਣ ਓਸਨੂੰ ਘੱਟੋ- ਘੱਟ 100, 200, 500 ਰੁਪਏ ਜਰੂਰ ਦਿੰਦੀ ਤੇ ਨਾਲ ਹੀ ਹੱਥ ਜੋੜਦੀ, ਭਿੰਦਰ ਬੋਲਿਆ ਭੈਣ ਤੂੰ 10 ਜਾਂ 20 ਰੁਪਏ ਵੀ ਦੇ ਸਕਦੀ ਆ, ਏਨੇ ਦੇਣ ਦੀ ਕੀ ਲੋੜ ਏ, ਤਦ ਰਮਨ ਭੈਣ ਬੋਲੀ, ਮੇਰੇ ਵੀਰਿਓ ਪੈਸਾ ਜਿੰਦਗੀ ਵਿੱਚ ਸਭ ਕੁਝ ਨਹੀਂ ਹੁੰਦਾ ਅਹਿਮੀਅਤ ਤਾਂ ਰਿਸ਼ਤਿਆਂ ਦੀ ਹੁੰਦੀ ਆ।
ਅਸੀਂ ਭੈਣ ਨੂੰ ਘਰ ਲੈ ਆਏ, ਬਾਪੂ ਜੀ ਤੇ ਬੀਬੀ ਨੂੰ ਮਿਲਕੇ ਓਹ ਬਹੁਤ ਖੁਸ਼ ਹੋਈ, ਇੱਕ ਦਿਨ ਭਿੰਦਰ ਕਿਸੇ ਰਿਸ਼ਤੇਦਾਰੀ ਵਿੱਚ ਗਿਆ ਸੀ ਤੇ ਭੈਣ ਨੂੰ ਸ਼ਹਿਰ ਕੋਈ ਕੰਮ ਸੀ, ਓਸ ਨੇ ਮੈਨੂੰ ਨਾਲ ਜਾਣ ਲਈ ਕਿਹਾ। ਮੈਂ ਤੇ ਭੈਣ ਸ਼ਹਿਰ ਜਾ ਰਹੇ ਸੀ, ਕਾਰ ਚਲਾਉਦਿਆਂ ਮੈਂ ਭੈਣ ਤੋਂ ਓਹੀ ਰਿਸ਼ਤਿਆਂ ਦੀ ਅਹਿਮੀਅਤ ਵਾਲੀ ਗੱਲ ਪੁੱਛੀ, ਭੈਣ ਬੋਲੀ ਕਿ ਮੇਰਿਆ ਨਿੱਕਿਆ ਵੀਰਿਆ ਹੋਰਨਾਂ ਕੁੜੀਆਂ ਵਾਂਗੂੰ ਮੇਰੇ ਦਿਲ ਵਿੱਚ ਵੀ ਵਿਆਹ ਨੂੰ ਲੈ ਕੇ ਕਾਫੀ ਚਾਅ ਸਨ, ਪਰ ਦਸਤੂਰ ਏ ਕਿ ਮਾਪੇ ਜੋ ਵੀ ਫੈਸਲਾ ਕਰਦੇ ਉਹ ਧੀਆਂ ਮਨਜੂਰ ਹੁੰਦਾ, ਇੰਝ ਹੀ ਮੇਰੇ ਨਾਲ ਵਾਪਰਿਆ, ਤੇਰੇ ਜੀਜਾ ਜੀ ਉਮਰ ਵਿੱਚ ਤਾਂ ਮੇਰੇ ਨਾਲੋਂ ਕਾਫੀ ਵੱਡੇ ਸਨ ਹੀ ਪਰ ਉਹ ਮੈਂਟਲੀ ਅੱਪਸੈੱਟ ਵੀ ਸਨ ਤੇ ਕਈ ਕਈ ਸਾਲ ਮੈਂਟਲ ਹਸਪਤਾਲ ਵਿੱਚ ਇਲਾਜ ਲਈ ਰਹਿੰਦੇ। ਪਹਿਲਾਂ – ਪਹਿਲਾਂ ਤਾਂ ਮੈਂ ਬਹੁਤ ਰੋਦੀਂ ਸੀ, ਪਰ ਫੇਰ ਰੱਬ ਦਾ ਭਾਣਾ ਮੰਨ ਕੇ ਆਪਣੇ ਆਪ ਨੂੰ ਕਨੇਡਾ ਅਨੁਸਾਰ ਢਾਲ ਲਿਆ, ਹੁਣ ਬੇਸ਼ਕ ਮੇਰੇ ਕੋਲ ਪੈਸੇ ਬਹੁਤ ਨੇ ਪਰ ਉਹ ਰਿਸ਼ਤੇ ਨਹੀਂ ਜੋ ਮੈਂ ਮਾਨਣੇ ਚਾਹੁੰਦੀ ਸਾਂ, ਜਿਊਣੇ ਲੋਚਦੀ ਸਾਂ, ਰਮਨ ਭੈਣ ਨੇ ਦੋਵੇਂ ਹੱਥ ਜੋੜਦਿਆਂ ਕਿਹਾ ਕਿ ਹੇ ਵਾਹਿਗੁਰੂ ਜੀ, ਜੇ ਕੋਈ ਅਗਲਾ ਜਨਮ ਹੁੰਦਾ ਏ ਤਾਂ ਮੈਨੂੰ ਮੇਰੇ ਹੀ ਦੇਸ਼ ‘ਚ ਆਪਣੇ ਰਿਸ਼ਤਿਆਂ ਦਾ ਨਿੱਘ ਮਾਨਣ ਲਈ ਭੇਜਣਾ ਨਾ ਕਿ ਪ੍ਰਦੇਸੀ ਰਿਸ਼ਤਿਆਂ ਵਿੱਚ ਰੁਲਣ ਲਈ, ਹੁਣ ਮੇਰੀਆਂ ਅੱਖਾਂ ‘ ਚੋਂ ਹੰਝੂਆਂ ਦੀ ਧਾਰਾ ਵਹਿ ਰਹੀ ਸੀ ਤੇ ਰਮਨ ਭੈਣ ਮੈਨੂੰ ਪਲੋਸ ਕੇ ਚੁੱਪ ਕਰਾ ਰਹੀ ਸੀ।
✒️ ਜਗਮੋਹਨ ਕੌਰ,
ਬੱਸੀ ਪਠਾਣਾਂ।✒️