ਬਹੁਤ ਪੁਰਾਣੀ ਗੱਲ ਹੈ ਪਾਪਾ ਜੀ ਫਤੇਹਾਬਾਦ ਦੇ ਨੇੜੇ ਹਾਂਸਪੁਰ ਬੀਰਾਂਬਦੀ ਪਟਵਾਰੀ ਲੱਗੇ ਹੋਏ ਸਨ। ਬਹੁਤਾ ਸਮਾਂ ਓਹਨਾ ਦਾ ਫ਼ਤਿਹਾਬਾਦ ਹੀ ਬੀਤਦਾ। ਓਹਨਾ ਦੀ ਤਹਿਸੀਲ ਜੋ ਸੀ। ਉਥੇ ਸਾਡੀਆਂ ਕਈ ਅੰਗਲੀਆਂ ਸੰਗਲੀਆਂ ਸਨ। ਗੁਰਬਚਨ ਭੋੜੀਏ ਵਾਲਾ ਜੋ ਮੇਰੇ ਨਾਨਕਿਆਂ ਦੀ ਗੋਤ ਦਾ ਸੀ। ਮੇਰੇ ਮਾਮੇ ਦਾ ਸਾਂਢੂ ਸੀ ਉਧਰੋਂ ਉਸ ਦਾ ਭਰਾ ਸੀਤਾ ਰਾਮ ਸਾਡੇ ਪਿੰਡ ਘੁਮਿਆਰੇ ਮੇਰੇ ਦਾਦੇ ਦੀ ਭੂਆਂ ਦੀ ਕੁੜੀ ਰਾਮ ਪਿਆਰੀ ਨਾਲ ਵਿਆਹਿਆ ਹੋਇਆ ਸੀ। ਉਹ ਗੁਰਬਚਨ ਮੇਰੀ ਮਾਂ ਨੂੰ ਬੈਣ ਆਖਦਾ ਸੀ। ਤੇ ਪਾਪਾ ਜੀ ਨੂੰ ਭਾਈਆਂ ਆਖਦਾ ਸੀ। ਪਾਪਾ ਜੀ ਦਾ ਵਾਹਵਾ ਆਉਣ ਜਾਣ ਸੀ ਗੁਰਬਚਨ ਕੋਲ।ਉਹ ਕਪੜੇ ਦੀ ਦੁਕਾਨ ਕਰਦਾ ਸੀ। ਇਸ ਲਈ ਪਾਪਾ ਜੀ ਵੀ ਮਾੜੇ ਮੋਟੇ ਗ੍ਰਾਹਕ ਭੇਜ ਦਿੰਦੇ ਸੀ। ਪੈਸਿਆਂ ਦਾ ਆਪਸੀ ਲੈਣ ਦੇਣ ਵੀ ਚਲਦਾ ਸੀ। ਕਿਸੇ ਨੂੰ ਉਧਾਰ ਦਿਵਾਉਣ ਦੇ ਚੱਕਰ ਵਿੱਚ ਜਦੋਂ ਉਹ ਪੈਸੇ ਨਾ ਆਏ ਤਾਂ ਗੁਰਬਚਨ ਪਾਪਾ ਜੀ ਤੋਂ ਲਏ ਪੈਸੇ ਦੇਣ ਵਿਚ ਆਨਾਕਾਨੀ ਕਰਨ ਲੱਗਿਆ। ਸਾਨੂੰ ਲੱਗਿਆ ਕਿ ਉਹ ਪੈਸੇ ਦੇਣੇ ਮੁਕਰ ਗਿਆ। ਪਾਪਾ ਜੀ ਨੇ ਵੀ ਚਾਲ ਖੇਡੀ। ਓਹਨਾ ਨੇ ਮੈਨੂੰ ਤੇ ਮੇਰੀ ਮਾਂ ਨੂੰ ਗੁਰਬਚਨ ਮਾਮੇ ਦੀ ਦੁਕਾਨ ਤੋਂ ਓੰਨੇ ਕ਼ੁ ਪੈਸਿਆਂ ਦਾ ਕਪੜਾ ਲੈਣ ਭੇਜ ਦਿੱਤਾ। ਸਾਨੂੰ ਇਸ ਗੱਲ ਦੀ ਤਾਕੀਦ ਕੀਤੀ ਕਿ ਜਿਹੜਾ ਕਪੜਾ ਵੀ ਮਿਲੇ। ਪਸੰਦ ਨਾਪਸੰਦ ਨੂੰ ਦਰਕਿਨਾਰ ਕਰਦੇ ਹੋਏ ਬਸ ਪੈਸੇ ਪੂਰੇ ਕਰਨ ਦੀ ਕਰਿਓ। ਤਾਂਕਿ ਪੈਸੇ ਨਿਕਲ ਆਉਣ। ਅਸੀਂ ਸੁਵੱਖਤੇ ਹੀ ਪਿੰਡੋਂ ਫਤੇਹਾਬਾਦ ਚਲੇ ਗਏ। ਅਸੀਂ ਮਾਂ ਪੁੱਤਾਂ ਨੇ ਜ਼ੋਰ ਲਾ ਲਿਆ ਭਰੀ ਦੁਕਾਨ ਵਿਚੋਂ ਅਸੀਂ ਚੌਥੇ ਹਿੱਸੇ ਦਾ ਕਪੜਾ ਵੀ ਨਹੀਂ ਖਰੀਦ ਸਕੇ। ਪਤਾ ਗੁਰਬਚਨ ਮਾਮੇ ਨੂੰ ਵੀ ਸੀ ਕਿ ਇਹ ਪੈਸੇ ਪੂਰੇ ਕਰਨ ਆਏ ਹਨ। ਪਤਾ ਸਾਨੂੰ ਮਾਂ ਪੁੱਤਾਂ ਨੂੰ ਵੀ ਸੀ ਕਿ ਅਸੀਂ ਲੈਣੇ ਪੈਸੇ ਪੂਰੇ ਕਰਨੇ ਹਨ। ਪਰ ਅਸੀਂ ਹਾਰ ਗਏ। ਅਸੀਂ ਦੋ ਹਜ਼ਾਰ ਦੀ ਥਾਂ ਛੇ ਸੱਤ ਸੌ ਦੇ ਕਪੜੇ ਲੈ ਕੇ ਸ਼ਾਮੀ ਘਰ ਪਰਤ ਆਏ। ਘਰੇ ਆਉਂਦਿਆਂ ਨੂੰ ਵਾਧੂ ਝਿੜਕਾਂ ਮਿਲੀਆਂ।
ਅਕਸਰ ਜਿੰਦਗੀ ਵਿਚ ਇਹ ਨੌਬਤ ਕਈ ਵਾਰੀ ਆਉਂਦੀ ਹੈ ਜਦੋ ਪੈਸੇ ਪੂਰੇ ਕਰਨੇ ਹੋਣ ਬੰਦਾ ਚਾਹਕੇ ਪੈਸੇ ਪੂਰੇ ਨਹੀਂ ਕਰ ਸਕਦਾ। ਵੱਧ ਵਾਲੀ ਜਾਚ ਕਿੱਥੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ