ਕਾਲਜ ਦੀ ਪੜਾਈ ਪੂਰੀ ਕਰਨ ਤੋਂ ਹਰਜੀਤ ,ਸਤਨਾਮ ,ਰਾਜਨ ਤੇ ਇੰਦਰ ਨੇ ਆਪੋ ਆਪਣੀ ਰਾਹ ਫੜ ਲਈ ਤੇ ਨੌਕਰੀ ਲੱਭਣ ਲਗ ਗਏ …3 ਸਾਲ ਹੋ ਚਲੇ ਸੀ ਕਾਲਜ ਖਤਮ ਹੋਇਆ ਪਰ ਕਿਸੇ ਕੋਲ ਕੋਈ ਕੰਮ ਨੀ ਸੀ …ਹਰਜੀਤ ਤੇ ਸਤਨਾਮ ਨੇ ਵਿਦੇਸ਼ ਦੀ ਰਾਹ ਫੜ ਲਈ ਤੇ ਓਧਰ ਹੀ ਪੱਕੇ ਹੋ ਗਏ ..ਰਾਜਨ ਨੇ ਆਪਣੀ ਪਿਓ ਵਾਲੀ ਦੁਕਾਨ ਸਾਂਭ ਲਈ ਤੇ ਇੰਦਰ ਇਕ ਨਿਜੀ ਕੰਪਨੀ ਵਿਚ ਛੋਟੀ ਜਿਹੀ ਨੌਕਰੀ ‘ਤੇ ਗੁਜ਼ਾਰਾ ਕਰਨ ਲਗ ਪਿਆ ਪਰ ਛੇਤੀ ਹੀ ਉਸ ਦਾ ਦਿਲ ਚੱਕਿਆ ਗਿਆ ਤੇ ਉਸ ਨੇ ਆਪਣਾ ਕੰਮ ਖੋਲਣ ਦੀ ਸੋਚੀ .ਉਸ ਦਾ ਹੱਥ ਗੱਡੀਆਂ ਦੀ ਰਿਪੇਅਰ ‘ਤੇ ਬਹੁਤ ਸਾਫ ਸੀ,ਉਪਰੋਂ ਮਿਹਨਤੀ ਵੀ ਪੂਰਾ ਤੇ ਘਰ ਦੀ ਆਰਥਿਕ ਹਾਲਤ ਬਹੁਤੀ ਠੀਕ ਨੀ ਸੀ ,ਸੋ ਉਸ ਨੇ ਗੈਰਜ ਖੋਲਣ ਦੀ ਸੋਚੀ ….
ਇਸ ਕੰਮ ਲਈ ਉਸ ਨੂੰ ਪੈਸੇ ਦੀ ਲੋੜ ਸੀ …ਥੋੜਾ ਉਸ ਕੋਲ ਸੀ ਤੇ ਬਾਕੀ ਲਈ ਉਸ ਨੇ ਆਪਣੇ ਯਾਰਾਂ ਦੋਸਤਾਂ ਨੂੰ ਪੁੱਛਿਆ ..ਸਭ ਨੇ ਮਦਦ ਕਰਨ ਦਾ ਭਰੋਸਾ ਦਿੱਤਾ..ਹਰਜੀਤ ਤੇ ਸਤਨਾਮ ਨੇ ਨਕਦ ਮਦਦ ਦੀ ਪੇਸ਼ਕਸ਼ ਕੀਤੀ ਤੇ ਰਾਜਨ ਨੇ ਉਸ ਨੂੰ ਕਰਜਾ ਦਿਵਾਉਣ ਵਿਚ ਪੂਰੀ ਮਦਦ ਕਰਨ ਦਾ ਵਾਇਦਾ ਕੀਤਾ …
ਇੰਦਰ ਥੋੜਾ ਨਿਸ਼ਚਿੰਤ ਹੋ ਗਿਆ ਪਰ ਇਕ ਮਹੀਨਾ ਗੁਜਰ ਗਿਆ ਤੇ ਇੰਦਰ ਦੀ ਆਰਥਿਕ ਹਾਲਤ ਹੋਰ ਪਤਲੀ ਹੋ ਗਈ …ਉਸਨੇ ਹਰਜੀਤ ਤੇ ਸਤਨਾਮ ਨੂੰ ਫੋਨ ਲਾਇਆ ਪਰ ਕਿਸੇ ਨਾ ਚੱਕਿਆ ,ਮੈਸਜ ਵੀ ਕੀਤਾ ਪਰ ਕੋਈ ਜੁਆਬ ਨੀ ਆਇਆ ..ਰੋਜ ਰੋਜ ਕਾਲ ਕਰਕੇ ਕੰਨ ਖਾਣ ਵਾਲੇ ਰਾਜਨ ਨੇ ਵੀ ਜਿਵੇਂ ਮੂੰਹ ਸੀ ਲਿਆ ਸੀ ,ਕੋਈ ਜਵਾਬ ਨੀ …ਇਕ ਸਮਾਂ ਸੀ ਜਦੋ ਗਰੁੱਪ ਕਾਲ ਵੀ 2-2 ਘੰਟੇ ਖਤਮ ਈ ਨੀ ਸੀ ਹੁੰਦੀ ਪਰ ਹੁਣ ਤਾਂ ਸੁਖ ਸਾਂਦ ਪੁੱਛਣ ਵਾਲੇ ਮੈਸਜ ਦਾ ਵੀ ਕੋਈ ਜੁਆਬ ਨੀ ਸੀ ਆਉਂਦਾ …
ਸਮਾਂ ਆਪਣੀ ਤੋਰੇ ਤੁਰਦਾ ਗਿਆ ..3 ਮਹੀਨੇ ਬੀਤ ਗਏ…ਅਚਾਨਕ ਇਕ ਦਿਨ ਰਾਜਨ ਕਿਸੇ ਰਿਸ਼ਤੇਦਾਰ ਨੂੰ ਮਿਲਣ ਗਿਆ ਤਾਂ ਓਥੇ ਕਿਸੇ ਨਵੀਂ ਖੁਲੀ ਮੋਟਰ ਗੱਡੀਆਂ ਦੀ ਵਰਕਸ਼ਾਪ ਦੇਖੀ,ਜਿਥੇ ਕੰਮ ਬੜੇ ਜ਼ੋਰ ਨਾਲ ਚਲ ਰਿਹਾ ਸੀ …ਦੇਖਦੇ ਹੋਏ ਅਚਾਨਕ ਨਿਗਾ ਇੰਦਰ ਤੇ ਪੲੀ ਜੋ ਗੱਡੀ ਦਾ ਇੰਜਣ ਸੁਆਰ ਕੇ ਹਟਿਆ ਸੀ ..ਦੋਨਾਂ ਦੀ ਨਜ਼ਰ ਮਿਲੀ ਤੇ ਰਾਜਨ ਨੂੰ ਇੰਦਰ ਵਲ ਆਉਣਾ ਪਿਆ ..”ਅੱਛਾ ਤਾਂ ਇਥੇ ਕੰਮ ਮਿਲਿਆ ਹੁਣ ਇਹਨੂੰ,ਚਲੋ ਚੰਗਾ ਹੀ ਆ ,ਹੁਣ ਪੈਸੇ ਤਾਂ ਨਾ ਮੰਗੂ ”
ਉਸ ਮਨ ਹੀ ਮਨ ਸੋਚਿਆ ਤੇ ਇੰਦਰ ਨੂੰ ਦੁਆ ਸਲਾਮ ਕੀਤੀ ..ਇੰਦਰ ਨੇ ਬੜੀ ਹਲੀਮੀ ਨਾਲ ਜਵਾਬ ਦਿੱਤਾ ਤੇ ਦੱਸਿਆ ਕਿ ਉਹਨਾਂ ਦੀ ਪਿੰਡ ਵਾਲੀ ਜਮੀਨ ਦਾ ਝਗੜਾ ਮੁਕ ਗਿਆ ਤੇ ਉਸ ‘ਤੇ ਕਰਜਾ ਚੁੱਕ ਕੰਮ ਸ਼ੁਰੂ ਕੀਤਾ ਸੀ ਤੇ 4 ਮਹੀਨਿਆਂ ਚ ਹੀ ਚੰਗਾ ਚਲ ਨਿਕਲਿਆ ਸੀ …
ਰਾਜਨ ਨੇ ਕੱਚਾ ਜੇਹਾ ਹੋ ਗੱਲ ਬਦਲੀ ਕਿ ਤੂੰ ਓਪਨਿੰਗ ‘ਤੇ ਨੀ ਬੁਲਾਇਆ ਮੈਨੂੰ ??
ਇੰਦਰ ਕੋਲ ਜਵਾਬ ਤਿਆਰ ਸੀ ,”ਏਨੇ ਫੋਨ ਤਾਂ ਕੀਤੇ ਸੀ ,ਮੈਸਜ ਵੀ ਕੀਤੇ ਪਰ ਤੂੰ ਹੀ ਜੁਆਬ ਨੀ ਦਿੱਤਾ ਤੇ ਓਦਾਂ ਵੀ ਨੀ ਮਿਲਿਆ ਕਦੇ ..ਤੇ ਬਾਕੀ ਸਤਨਾਮ ਹੋਣਾ ਨੇ ਵੀ ਪਾਸਾ ਹੀ ਵੱਟ ਲਿਆ,ਕੋਈ ਬੋਲਦਾ ਹੀ ਨਹੀਂ ਹੁਣ.. ??”
ਰਾਜਨ ਹੁਣ ਸ਼ਰਮਿੰਦਾ ਸੀ ਕਿ ਇੰਦਰ ਨੇ ਤਾਂ ਸੱਦਾ ਦੇਣ ਲਈ ਫੋਨ ਕੀਤੇ ਹੋਣੇ ਪਰ ਉਹ ਹੀ ਜਾਣ ਬੁਝ ਅਣਦੇਖਿਆਂ ਕਰਦਾ ਰਿਹਾ ਤਾਂ ਜੋ ਕੀਤੇ ਇੰਦਰ ਪੈਸੇ ਨਾ ਮੰਗ ਲਏ ਤੇ ਇਸੇ ਕਰਕੇ ਮੈਸੇਜ ਵੀ ਬਿਨਾਂ ਪੜੇ ਹੀ ਮਿਟਾ ਦਿੰਦਾ ਸੀ …
ਕਹਾਣੀ ਦਾ ਸਾਰ ਏਹੀ ਆ ਕਿ ਪਰਮਾਤਮਾ ਸਭ ਦਾ ਸਾਰ ਦਿੰਦਾ,ਔਖਾ ਸਮਾਂ ਵੀ ਲੰਘ ਜਾਂਦਾ…. ਬਸ ਜੇ ਕੋਈ ਮਾੜੇ ਸਮੇਂ ਮਦਦ ਮੰਗੇ ਜਾਂ ਕਿਸੇ ਨੂੰ ਮਦਦ ਕਰਨ ਦਾ ਵਾਦਾ ਕਰੋ ਤਾਂ ਪਿੱਛੇ ਨਾ ਹਟੋ ਜੇ ਸਾਰ ਸਕਦੇ ਅਗਲੇ ਦਾ …
ਜਰੂਰੀ ਨੀ ਪੈਸੇ ਨਾਲ ਹੀ ਮਦਦ ਹੋਵੇ ..ਕਿਸੇ ਨੂੰ ਮਾੜੇ ਵਕ਼ਤ ਦਿੱਤਾ ਹੌਸਲਾ ਪੈਸੇ ਦੇ ਮਦਦ ਨਾਲੋਂ ਵੀ ਜਿਆਦਾ ਮਾਇਨੇ ਰੱਖਦਾ ….
****************
ਗੁਲਜਿੰਦਰ ਕੌਰ