ਮੇਰਾ ਬੇਟਾ ਸਾਡੇ ਪਰਿਵਾਰ ਦੀ ਇਸ ਪੀੜ੍ਹੀ ਵਿਚੋਂ ਪਹਿਲਾ ਬੱਚਾ ਹੈ, ਤੇ ਆਪਾਂ ਨੂੰ ਪਤਾ ਐ ਕਿ ਪਹਿਲਾ ਬੱਚਾ ਸਭ ਨੂੰ ਈ ਪਿਆਰਾ ਹੁੰਦਾ ਹੈ।ਸੋ ਮੇਰਾ ਬੇਟਾ ਵੀ ਪਰਿਵਾਰ ਚ ਮਸਾਂ ਮਸਾਂ ਸੀ,ਤੇ ਦਾਦੇ ਦਾਦੀ ਦਾ ਤਾਂ ਕੁਛ ਜਿਆਦਾ ਈ ਲਾਡਲਾ ਸੀ! ਓਹਨਾਂ ਦੇ ਸਾਹਮਣੇ ਕੋਈ ਇਹਨੂੰ ਕੁਛ ਨੀ ਸੀ ਕਹਿ ਸਕਦਾ,ਸਖਤ ਹਦਾਇਤ ਸੀ ਕਿ ਇਹਨੂੰ ਰੁਆਉਣਾ ਨਹੀਂ । ਸਾਂਝਾ ਪਰਿਵਾਰ ਸੀ ਰਲ ਮਿਲ ਕੇ ਵਧੀਆ ਸਮਾਂ ਨਿਕਲ ਗਿਆ।ਮੈਨੂੰ ਯਾਦ ਐ ਲਾਡ ਲਾਡ ਚ ਪੜ੍ਹਨ ਵੀ ਮਸਾਂ ਈ ਲਾਇਆ ਸੀ । (ਦਾਦੇ ਦਾਦੀ ਦੇ ਮੋਹ ਕਰਕੇ ) ਅਜੇ ਛੋਟੀ ਜਮਾਤ ਚ ਈ ਸੀ ਚ ਸੀ ਇੱਕ ਦਿਨ ਮੈਂ ਸਕੂਲੋਂ ਆ ਕੇ ਮਸਾਂ ਵਰਾ ਵਰੂ ਕੇ ਇਹਨੂੰ ਸਕੂਲ ਦਾ ਕੰਮ ਕਰਨ ਬਿਠਾਇਆ ! ਅੱਗੇ ਮੈਂ ਅਕਸਰ ਇਹਨੂੰ ਬਾਪੂ ਬੀਬੀ ਹੋਰਾਂ ਤੋਂ ਕਿਤੇ ਪਾਸੇ ਲਿਜਾ ਕੇ ਪੜ੍ਹਾਉਂਦੀ ਸੀ।ਪਰ ਕੁਦਰਤੀ ਓਸ ਦਿਨ ਮੈਂ ਸਾਹਮਣੇ ਕਮਰੇ ਚ ਹੀ ਬੈਠ ਕੇ ਹੀ ਹੋਮਵਰਕ ਕਰਵਾ ਰਹੀ ਸੀ।ਬੀਬੀ ਸਾਡੀ ਦਰਵਾਜ਼ੇ ਚ ਚਰਖਾ ਡਾਹੀ ਬੈਠੀ ਸੀ ਤੇ ਓਧਰੋਂ ਕਿਤੇ ਬਾਪੂ ਜੀ ਵੀ ਆ ਕੇ ਓਥੇ ਹੀ ਬੈਠ ਗਏ ਮੈਨੂੰ ਪਤਾ ਨੀ ਲੱਗਾ ਕਿਉਂਕਿ ਮੇਰਾ ਮੂੰਹ ਦੂਜੇ ਪਾਸੇ ਸੀ।ਮੈਂ ਬੇਟੇ ਨੂੰ ਹੋਮ ਵਰਕ ਚ ਮਿਲੀ ਬਿਮਾਰੀ ਦੀ ਛੁੱਟੀ ਲਈ ਅਰਜੀ ਬੋਲ ਕੇ ਲਿਖਵਾ ਰਹੀ ਸੀ,ਤੇ ਇਹ ਬੜੇ ਅਰਾਮ ਨਾਲ ਬੈਠਾ ਲਿਖ ਰਿਹਾ ਸੀ ਜਦੋਂ ਮੈ ਬੋਲਿਆ “ਬੇਨਤੀ ਹੈ ਕਿ ਮੈਂ ਬੀਮਾਰ ਹਾਂ ਇਸ ਕਰਕੇ ਮੈਂ ਅੱਜ ਸਕੂਲ ਵਿੱਚ ਹਾਜਰ ਨਹੀਂ ਹੋ ਸਕਦਾ ਕਿਰਪਾ ਕਰ ਕੇ ਮੈਨੂੰ ਇੱਕ ਦਿਨ ਦੀ ਛੁੱਟੀ ਦਿੱਤੀ ਜਾਵੇ”।ਇਹ ਵਾਕ ਕਿਤੇ ਬੀਬੀ ਦੇ ਕੰਨੀ ਪੈ ਗਿਆ ਤੇ ਬੀਬੀ ਚਰਖਾ ਛੱਡ ਸਾਡੇ ਵੱਲ ਤੁਰੀ ਆਵੇ …ਇਧਰੋ ਬੇਟੇ ਨੇ ਓਹਨੂੰ ਆਉਂਦੀ ਦੇਖ, ਚੰਗੇ ਭਲੇ ਲਿਖਦੇ 2 ਨੇ ਉੱਚੀ 2 ਚੀਕਾਂ ਛੱਡਤੀਆਂ, ਮੈ ਡਰ ਗਈ ਕਿ ਏਹਨੂੰ ਕੀ ਹੋ ਗਿਆ? ਪਰ ਬੀਬੀ ਨੂੰ ਸਾਡੇ ਵੱਲ ਆਉਂਦੀ ਦੇਖ , ਕਾਰਨ ਸਮਝ ਆ ਗਿਆ। ਬੀਬੀ ਤਾਂ ਪੂਰੀ ਲੋਹੀ ਲਾਖੀ ਤੇ ਆਉਂਦਿਆਂ ਹੀ ਬੇਟੇ ਦੀ ਬਾਂਹ ਫੜ ਕੇ ਖੜਾ ਕਰਕੇ ਬੋਲੀ ” ਫੋਟ ਨੀ ਥੋਡੀਆਂ ਐਹੋ ਜੀਆਂ ਪੜ੍ਹਾਈਆਂ ਦੇ ਚੰਗੇ ਭਲੇ ਜਵਾਕ ਨੂੰ ਬਿਮਾਰ ਕਰੀ ਜਾਨੀਓਂ, ਹੈਂ ਸੁੱਖੀਂ ਸਾਂਦੀ ਕਾਹਤੋਂ ਬਿਮਾਰ ਹੋਵੇ ਮੇਰਾ ਪੋਤਾ,ਬਿਮਾਰ ਹੋਣ ਇਹਦੇ ਦੁਸ਼ਮਣ…”! ਬਾਂਹ ਫੜੀ ਤੇ ਦਰਵਾਜ਼ੇ ਵੱਲ ਨੂੰ ਲੈ ਤੁਰੀ। ਮਾਤਾ ਜੀ ਦਾ ਐਡਾ ਕੁਇੱਕ ਰੀਐਕਸ਼ਨ ਦੇਖ ਸਾਡਾ ਸਾਰਿਆਂ ਦਾ ਹਾਸਾ ਨਿਕਲੀ ਜਾਵੇ ।ਮੈਂ ਪਿੱਛੇ ਗਈ ਕਿ ਬੀਬੀ ਬਾਪੂ ਨੂੰ ਸਮਝਾਵਾਂ ਪਰ ਕਿੱਥੇ… ਬੀਬੀ ਤਾਂ ਬਾਪੂ ਜੀ ਨੂੰ ਕਹੀ ਜਾਵੇ “ਮਖਿਆ ਜਾ ਬਗ ਜਾ ,ਬਗ ਜਾ ਜਵਾਕ ਨੂੰ ਬਿੰਦ ਝੱਟ ਬਾਹਰ ਗੇੜਾ ਕਢਾ ਲਿਆ ਨਹੀਂ ਤਾਂ ਫੇਰ ਬਹਾ ਲੈਣਗੀਆਂ ਪੜ੍ਹਨ, ਵੇਖਾਂ ਜਵਾਕ ਅੱਧਾ ਕਰ ਤਾ ਪੜ੍ਹਾ ਪੜ੍ਹਾ ਕੇ!” …..ਤੇ ਬਾਪੂ ਜੀ ਨੇ ਵੀ ਫੋਰਾ ਲਾਇਆ ਸਾਈਕਲ ਦੀ ਮੂਹਰਲੀ ,’ਛੋਟੀ ਕਾਠੀ’ ਤੇ ਪੋਤੇ ਨੂੰ ਬਿਠਾਇਆ ਤੇ ਦਾਦਾ-ਪੋਤਾ ਔਹ ਗਏ.. ਔਹ ਗਏ.. ਮੈਂ ਤਾਂ ਝਾਕਦੀ ਰਹਿਗੀ!
ਸਤਨਾਮ ਕੌਰ (Guelph, Canada) (20-10-2023)