ਇਹ ਘਟਨਾ ਖੇਤੀਬਾੜੀ ਮਹਿਕਮੇ ਵਿੱਚ ਫਰੀਦਕੋਟ ਵਿਖੇ ਨੌਕਰੀ ਕਰਦੇ ਸਮੇਂ ਦੀ ਹੈ। ਇੱਕ ਸ਼ਾਮ ਕੰਮ ਤੋਂ ਵਿਹਲੇ ਹੋ ਕੇ ਸ਼ਰਮਾ ਜੀ ਮੈਨੂੰ ਕਹਿਣ ਲੱਗੇ ਕਿ ਚੱਲ ਆਪਾਂ ਅੱਜ ਠੇਕੇ ਕੋਲ ਬਣੇ ਅਹਾਤੇ ਵਿੱਚ ਹੀ ਦੋ ਦੋ ਪੈਗ ਲਾ ਲੈਂਦੇ ਹਾਂ। ਰੋਟੀ ਓਦੋਂ ਅਸੀਂ ਨੰਦ ਢਾਬੇ ਤੋਂ ਹੀ ਖਾਂਦੇ ਹੁੰਦੇ ਸੀ।ਠੇਕੇ ਤੋਂ ਅੰਗਰੇਜ਼ੀ ਦਾ ਅਧੀਆ ਲਿਆ ਅਤੇ ਨਾਲ ਹੀ ਕਾਨਿਆਂ ਦੇ ਛੱਪਰ ਵਾਲੇ ਅਹਾਤੇ ਵਿੱਚ ਟੁੱਟੀਆਂ ਜਹੀਆਂ ਕੁਰਸੀਆਂ ਤੇ ਬੈਠ ਗਏ। ਓਦੋਂ ਪਾਣੀ ਦੀਆਂ ਬੋਤਲਾਂ ਨਹੀਂ ਹੁੰਦੀਆਂ ਸਨ।ਦੋ ਗਲਾਸ ਅਤੇ ਪਾਣੀ ਦਾ ਜੱਗ ਕੋਈ ਧਰ ਗਿਆ। ਅਸੀਂ ਉਸਨੂੰ ਦੋ ਆਂਡਿਆਂ ਦੀ ਭੁਰਜੀ ਦਾ ਆਰਡਰ ਦਿੱਤਾ ਅਤੇ ਨਿੱਕਾ ਨਿੱਕਾ ਪੈਗ ਪਾ ਲਿਆ ਅਤੇ ਪੀ ਲਿਆ।ਏਨੇ ਨੂੰ ਸਾਡੇ ਸਾਹਮਣੇ ਪਈ ਖਾਲੀ ਕੁਰਸੀ ਤੇ ਇੱਕ ਨਿੱਕੀਆਂ ਨਿੱਕੀਆਂ ਕੁੰਢੀਆਂ ਮੁੱਛਾਂ ਵਾਲਾ ਅਜਨਬੀ ਆਦਮੀ ਆ ਕੇ ਬੈਠ ਗਿਆ। ਅਸੀਂ ਸੋਚਿਆ ਕਿ ਇਹ ਕੋਈ ਸਾਡੇ ਵਰਗਾ ਹੀ ਘਰੋਂ ਬਾਹਰ ਦਾਰੂ ਡੱਫਣ ਵਾਲਾ ਸ਼ਖ਼ਸ ਹੋਵੇਗਾ।ਪਰ ਹੈਰਾਨੀ ਓਦੋਂ ਹੋਈ ਜਦ ਉਸ ਮੈਨੂੰ ਕਿਹਾ,”ਮੈਨੂੰ ਵੀ ਇੱਕ ਪੈਗ ਪਾਓ”। ਅਹਾਤੇ ਵਿੱਚ ਪਹਿਲੀ ਵਾਰ ਆਉਣ ਕਾਰਨ ਇਹ ਮੇਰਾ ਪਹਿਲਾ ਤਜਰਬਾ ਸੀ। ਮੈਂ ਉਸਨੂੰ ਕਿਹਾ,”ਕਿਓਂ ਤੈਨੂੰ ਕਿਓਂ ਪੈਗ ਪਾਈਏ ? ਨਾਲੇ ਸਾਡੇ ਕੋਲ ਤਾਂ ਮਸਾਂ ਆਪਣੇ ਜੋਗੀ ਹੈ”।ਉਹ ਫਿਰ ਗੁੱਸੇ ਨਾਲ ਬੋਲਿਆ,” ਆਹ ਕੁਹਾੜੀ ਦੀਹਦੀ ਐ ?” ਉਸ ਕੋਲ ਇੱਕ ਛੋਟੀ ਜਿਹੀ ਕੁਹਾੜੀ ਸੀ। ਮੈਂ ਤਾਂ ਡਰ ਗਿਆ ਪਰ ਮੇਰਾ ਦੋਸਤ ਸ਼ਰਮਾ ਬੜਾ ਦਲੇਰ ਆਦਮੀ ਸੀ।ਉਹ ਬਿਜਲੀ ਦੀ ਤਰ੍ਹਾਂ ਉਸ ਆਦਮੀ ਤੇ ਝਪਟਿਆ,ਉਸਦੀ ਕੁਹਾੜੀ ਖੋਹ ਲਈ ਅਤੇ ਕਈ ਥਪੜੇ ਉਹਦੇ ਧਰ ਦਿੱਤੇ। ਰੌਲਾ ਪੈ ਗਿਆ।ਲੋਕ ਇਕੱਠੇ ਹੋ ਗਏ।ਅਹਾਤੇ ਦਾ ਮਾਲਕ ਵੀ ਆ ਗਿਆ ਅਤੇ ਕਹਿਣ ਲੱਗਾ ਕਿ ਆਹ ਤੁਸੀਂ ਚੰਗਾ ਕੰਮ ਕੀਤਾ ਹੈ,ਇਸ ਆਦਮੀ ਦਾ ਇਹ ਨਿੱਤ ਦਾ ਕੰਮ ਹੋ ਗਿਆ ਸੀ। ਸਾਰੇ ਡਰਦੇ ਹੋਏ ਇਹਨੂੰ ਪੈਗ ਲੁਆ ਦਿੰਦੇ ਸਨ।ਇਸ ਨਾਲ ਸਾਡੇ ਅਹਾਤੇ ਦੀ ਬਦਨਾਮੀ ਵੀ ਹੋ ਰਹੀ ਸੀ।ਪਰ ਅੱਜ ਤੁਸੀਂ ਵਧੀਆ ਕੰਮ ਕੀਤਾ। ਪਤਾ ਨਹੀਂ ਉਸਤੋਂ ਬਾਅਦ ਕਦੇ ਉਹ ਕੁਹਾੜੀ ਵਾਲਾ ਆਦਮੀ ਕਦੇ ਫੇਰ ਉਥੇ ਆਇਆ ਕਿ ਨਹੀਂ ਪਰ ਆਪਾਂ ਉਸਤੋਂ ਬਾਅਦ ਹੁਣ ਤੱਕ ਕਦੇ ਅਹਾਤੇ ਵਿੱਚ ਬੈਠ ਕੇ ਪੀਣ ਦਾ ਸੁਪਨਾ ਵੀ ਨਹੀਂ ਲਿਆ।
Nice
ਵਧੀਆ
nice g