ਪਿੰਡ ਵਿਚ ਜਦੋ ਰਹਿੰਦੇ ਸੀ ਓਦੋ ਕੇਰਾਂ ਖੰਡ ਦਾ ਕਾਲ ਪੈ ਗਿਆ। ਲੋਕੀ ਵੈਸੇ ਵੀ ਖੰਡ ਨਹੀ ਸਨ ਵਰਤਦੇ। ਗੁੜ ਦੀ ਚਾਹ ਤੇ ਗੁੜ ਦੇ ਚੋਲ। ਸਾਡੇ ਗੁਆਂਡ ਵਿਚ ਇੱਕ ਬੁੜੀ ਹੁੰਦੀ ਸੀ ਜੋ ਉਮਰ ਦੇ ਹਿਸਾਬ ਨਾਲ ਮੇਰੇ ਪਾਪਾ ਹੁਰਿਆਂ ਦੀ ਚਾਚੀ ਲਗਦੀ ਸੀ ਤੇ ਓਹ ਵਿਧਵਾ ਸੀ. ਇਸ ਲਾਈ ਉਸ ਚਾਚੀ ਦਾ ਭਰਾ ਅਕਸਰ ਪੰਦਰਾਂ ਵੀਹ ਦਿਨਾ ਬਾਅਦ ਭੈਣ ਘਰੇ ਗੇੜਾ ਜਰੁਰ ਮਾਰਦਾ ਤੇ ਭਾਣਜਿਆਂ ਦੇ ਖੇਤੀ ਦੇ ਕਮ ਤੇ ਨਿਗਾਹ ਰਖਦਾ। ਇਹ ਹੀ ਸਾਡੀ ਸੰਸਕਰਿਤੀ ਹੈ। ਭੈਣ ਭਰਾ ਦੇ ਰਿਸ਼ਤੇ ਦਾ ਅਧਾਰ ਵੀ। ਤੇ ਇੱਕ ਭਰਾ ਦਾ ਫਰਜ਼ ਵੀ। ਜਦੋ ਓਹ ਮਿਲਣ ਅਉਂਦਾ ਤਾਂ ਓਹ ਚਾਚੀ ਸਾਡੇ ਘਰੋਂ ਖੰਡ ਦੀ ਕੋਲੀ ਉਧਾਰੀ ਲੈ ਕੇ ਜਾਂਦੀ। ਭਰਾ ਨੂ ਖੰਡ ਦੀ ਚਾਹ ਪਿਉਣ ਲਈ। ਤੇ ਹੋਲੀ ਹੋਲੀ ਉਸਦਾ ਨਾਮ ਚਾਚੀ ਖੰਡ ਵਾਲੀ ਪੈ ਗਿਆ। ਅਸੀਂ ਭੈਣ ਭਰਾ ਤੇ ਸਾਡੀ ਮਾਤਾ ਤੇ ਪਾਪਾ ਉਸਨੁ ਚਾਚੀ ਖੰਡ ਵਾਲੀ ਆਖ ਕੇ ਉਸਦਾ ਜਿਕਰ ਕਰਦੇ। ਤੇ ਉਸਦਾ ਨਾਮ ਹੀ ਚਾਚੀ ਖੰਡ ਵਾਲੀ ਪੱਕ ਗਿਆ। ਇਸੇ ਤਰਾਂ ਇੱਕ ਦਿਨ ਮੇਰੇ ਦਾਦਾ ਜੀ ਦੇ ਮੂਹੋਂ ਵੀ ਚਾਚੀ ਖੰਡ ਵਾਲੀ ਨਾ ਨਿਕਲ ਗਿਆ। ਪਰ ਅਸੀਂ ਦਾਦਾ ਜੀ ਤੋਂ ਡਰਦੇ ਹੱਸੇ ਵੀ ਨਾ। ਹਾਸੇ ਨੂ ਅੰਦਰ ਹੀ ਪੀ ਗਏ।ਚਾਚੀ ਖੰਡ ਵਾਲੀ ਸੁਭਾ ਦੀ ਬਹੁਤ ਚੰਗੀ ਸੀ। ਅਕਸਰ ਸਰੋਂ ਦਾ ਸਾਗ, ਲੱਸੀ ਤੇ ਕਦੇ ਕਦੇ ਮਝ ਵਾਸਤੇ ਪਠੇ ਵੀ ਸਾਡੇ ਘਰੇ ਭੇਜ ਦਿੰਦੀ। ਜਦੋ ਸਾਨੂ ਓਹ ਮਾਂ ਪੁਤਾਂ ਨੂ ਕੁਤਰੇ ਆਲੀ ਮਸ਼ੀਨ ਤੇ ਔਖੇ ਹੋ ਕੇ ਮਝ ਵਾਸਤੇ ਪਠੇ ਕੁਤਰਦਿਆਂ ਨੂ ਦੇਖਦੀ ਤਾਂ ਝੱਟ ਕਿਹ ਦਿੰਦੀ ਕਰਤਾਰ ਕੁਰੇ ਕਿਓਂ ਔਖੇ ਹੋਈ ਜਾਂਦੇ ਹੋ ਸਾਡੇ ਘਰੋਂ ਕੁਤਰ ਲਿਆਓ ਬਲਦਾਂ ਵਾਲੀ ਮਸ਼ੀਨ ਤੇ। ਹੁਣ ਕੋਈ ਚਾਚੀ ਖੰਡ ਆਲੀ ਵਰਗੀ ਨਹੀ ਮਿਲਦੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ