ਇੱਕ ਵਾਰ ਦੀ ਗੱਲ ਹੈ ਇੱਕ ਚਿੜੀ ਹੁੰਦੀ ਹੈ ਬਹੁਤ ਸੋਹਣੀ, ਪਿਆਰੀ | ਮਾਂ ਬਾਪ ਨੇ ਬਹੁਤ ਹੀ ਚਾਅ, ਲਾਡ -ਪਿਆਰ ਨਾਲ ਉਸਨੂੰ ਪਾਲਿਆ, ਫਿਰ ਜਦ ਉਹ ਚਿੜੀ ਜਵਾਨ ਹੋ ਗਈ ਤਾਂ ਉਸਦਾ ਵਿਆਹ ਕਰ ਦਿੱਤਾ ਬਹੁਤ ਸੋਹਣੇ ਤੇ ਸਾਊ ਰਾਜਕੁਮਾਰ ਨਾਲ | ਦੋਵੇਂ ਬੜੇ ਪਿਆਰ ਨਾਲ ਆਪਣੀ ਜਿੰਦਗੀ ਬਤੀਤ ਕਰਨ ਲੱਗੇ ਵਿਆਹ ਤੋਂ ਇੱਕ ਸਾਲ ਬਾਅਦ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ, ਦੋਵੇਂ ਬਹੁਤ ਖੁਸ਼ੀ – ਖੁਸ਼ੀ ਆਪਣੇ ਪੁੱਤਰ ਨੂੰ ਪਾਲ ਰਹੇ ਸਨ, ਫਿਰ ਮਸਾਂ ਹੀ ਅਜੇ ਓਹਨਾ ਦੇ ਵਿਆਹ ਨੂੰ ਤਿੰਨ ਕੁ ਸਾਲ ਹੋਏ ਸਨ ਇੱਕ ਦਿਨ ਅਚਾਨਕ ਚਿੜੀ ਦਾ ਰਾਜਕੁਮਾਰ ਉਸ ਤੋਂ ਵਿਛੜ ਗਿਆ ਰੱਬ ਨੇ ਉਸਨੂੰ ਸਦਾ ਲਈ ਆਪਣੇ ਕੋਲ ਬੁਲਾ ਲਿਆ |
ਰਾਜਕੁਮਾਰ ਦੇ ਜਾਣ ਪਿੱਛੋਂ ਚਿੜੀ ਨੇ ਆਪਣੇ ਪੁੱਤਰ ਨੂੰ ਬੜੀਆਂ ਹੀ ਔਖਾਂ ਨਾਲ ਪਾਲਿਆ, ਇੱਕਲੀ ਨੇ ਉਸਨੂੰ ਪੜ੍ਹਿਆ ਲਿਖਾਇਆ ਤੇ ਦੁਨੀਆਦਾਰੀ ਦੇ ਸਾਰੇ ਤੌਰ ਤਰੀਕੇ ਸਿਖਾਏ|
ਹੁਣ ਚਿੜੀ ਦਾ ਪੁੱਤਰ ਜਵਾਨ ਹੋ ਗਿਆ ਉਸਨੇ ਬਾਰਾਂ ਜਮਾਤਾਂ ਪੜ ਲਈਆ ਸੀ, ਚਿੜੀ ਤੋਂ ਖੁਸ਼ੀ ਨੀਂ ਸੀ ਸਾਂਭੀ ਜਾਂਦੀ, ਜਿਵੇਂ ਸਾਰੀਆਂ ਮਾਵਾਂ ਨੂੰ ਉਮੀਦਾਂ ਹੁੰਦੀਆਂ ਆਪਣੇ ਪੁੱਤਰਾਂ ਤੋਂ ਉਸ ਤਰ੍ਹਾਂ ਚਿੜੀ ਨੂੰ ਵੀ ਸੀ, ਹੁਣ ਉਸਨੂੰ ਸੀ ਵੀ ਮੇਰਾ ਪੁੱਤਰ ਜਵਾਨ ਹੋ ਗਿਆ ਮੇਰਾ ਕੰਮ ਚ ਹੱਥ ਵਟਾਇਆ ਕਰੂ, ਫਿਰ ਅਸੀਂ ਸੋਹਣਾ ਜਿਹਾ ਘਰ ਪਾਵਾਂਗੇ ਫਿਰ ਮੈਂ ਆਪਣੇ ਪੁੱਤਰ ਦਾ ਵਿਆਹ ਕਰ ਕੇ ਆਪਣੀ ਨੂੰਹ ਘਰ ਲਿਆਉ | ਫਿਰ ਮੇਰੇ ਪੋਤੇ -ਪੋਤੀਆਂ ਹੋਣ ਗੇ ਤੇ ਇਸ ਤਰ੍ਹਾਂ ਮੇਰਾ ਬੁਢਾਪਾ ਬਹੁਤ ਹੀ ਵਧੀਆ ਲੰਘੂ, ਚਲ ਜਵਾਨੀ ਚ ਤਾਂ ਕਦੇ ਸੁਖ ਦਾ ਸਾਹ ਨੀਂ ਲਿਆ ਰੱਬ ਵੈਰੀ ਬਣ ਗਿਆ ਸੀ ਹੁਣ ਦਾ ਸੁਖ ਦੇ ਦਿਨ ਆਉਣ ਗੇ, ਇਸ ਤਰ੍ਹਾਂ ਚਿੜੀ ਅਜੇ ਆਪਣੇ ਸੁਪਨੇ ਬੁਣ ਹੀ ਰਹੀ ਸੀ ਕਿ ਚਿੜੀ ਦੇ ਪੁੱਤਰ ਨੇ ਉਸਨੂੰ ਬਾਹਰੋਂ ਆਣ ਕੇ ਆਖਿਆ ਕਿ ਮਾਂ ਮੈਂ ਆਈਲੈਟਸ ਕਰਨੀ ਆ ਬਾਹਰ ਜਾਣਾ ਕਨੇਡਾ ਮੇਰੇ ਸਾਰੇ ਦੋਸਤ ਕਰ ਰਹੇ ਨੇ ਮੈਂ ਵੀ ਬਾਹਰ ਜਾਊਗਾ ਪੈਸੇ ਕਮਾਉਣ, ਇੰਨੀ ਗੱਲ ਸੁਣ ਕੇ ਮਾਂ ਘਬਰਾ ਗਈ ਉਸਨੂੰ ਆਪਣੇ ਸੁਪਨਿਆਂ ਦਾ ਮਹਿਲ ਢਹਿੰਦਾ ਦਿਸਿਆ ਤਾਂ ਮਾਂ ਨੇ ਪੁੱਤਰ ਨੂੰ ਸਮਝਾਇਆ ਕਿ ਪੁੱਤਰ ਜੇ ਤੂੰ ਬਾਹਰ ਚਲਾ ਗਿਆ ਫਿਰ ਮੇਰਾ ਇਥੇ ਕੌਣ ਖਿਆਲ ਰੱਖੇਗਾ ਮੈਂ ਕਿਸ ਦੇ ਆਸਰੇ ਜ਼ਿੰਦਗੀ ਜੀਵਾਂਗੀ ਪਰ ਮਾਂ ਦੀ ਨਸੀਅਤ ਦਾ ਪੁੱਤਰ ਤੇ ਕੋਈ ਅਸਰ ਨਾਂ ਹੋਇਆ ਉਸਨੇ ਬਸ ਬਾਹਰ ਜਾਣ ਦੀ ਹੀ ਰਟ ਲਾਈ ਹੋਈ ਸੀ, ਮਾਂ ਪੁੱਤਰ ਦੀ ਜ਼ਿੱਦ ਅੱਗੇ ਹਾਰ ਗਈ ਤੇ ਉਸਦੀ ਗੱਲ ਮਨ ਕੇ ਉਸਨੂੰ ਬਾਹਰ ਦਾ ਕੋਰਸ ਕਰਵਾ ਦਿੱਤਾ ਤੇ ਫਿਰ ਜ਼ਮੀਨ ਵੇਚ ਕੇ ਉਸਨੂੰ ਬਾਹਰ ਭੇਜ ਦਿੱਤਾ, ਆਪਣੇ ਪੁੱਤਰ ਨੂੰ ਬਾਹਰ ਭੇਜ ਕੇ ਅੱਜ ਮਾਂ ਬਹੁਤ ਦੁੱਖੀ ਸੀ ਕਿਉਕਿ ਉਹ ਅੱਜ ਇੱਕਲੀ ਰਹਿ ਗਈ ਸੀ ਬਿਲਕੁਲ ਇੱਕਲੀ |
ਬਾਹਰ ਕਨੈਡਾ ਚ ਚਿੜੀ ਦਾ ਪੁੱਤਰ ਦਿਨ ਰਾਤ ਪੜ੍ਹਾਈ ਕਰਦਾ ਫਿਰ ਕੰਮ ਤੇ ਜਾਦਾਂ ਤੇ ਕੰਮ ਤੋਂ ਆ ਕੇ ਭੁੱਖਣ ਭਾਣਾ ਸੋਂ ਜਾਦਾਂ ਕੁਝ ਸਮਾਂ ਇਸੇ ਤਰ੍ਹਾਂ ਚਲਦਾ ਰਿਹਾ ਫਿਰ ਉਹ ਬਹੁਤ ਜਿਆਦਾ ਤਨਾਹ ਚ, ਚਿੰਤਾ ਚ ਰਹਿਣ ਲੱਗਾ ਤੇ ਆਪਣੀ ਮਾਂ ਦੀਆਂ ਨਸੀਹਤਾਂ ਨੂੰ ਯਾਦ ਕਰ -ਕਰ ਰੋਂਦਾ, ਉਸਦਾ ਦਿਲ ਪਿੰਡ ਉੱਡ ਜਾਣ ਨੂੰ ਕਰਦਾ ਪਰ ਉਹ ਹੁਣਬੁਰੀ ਤਰ੍ਹਾਂ ਫਸ ਚੁੱਕਾ ਸੀ ਇੱਕ ਪਾਸੇ ਤਾਂ ਉਸਨੂੰ ਆਉਣੇ ਬਾਹਰ ਆਉਣ ਲਈ ਚੁੱਕੇ ਕਰਜ਼ ਨੂੰ ਲਾਹੁਣ ਦਾ ਫਿਕਰ ਦੂਜੇ ਪਾਸੇ ਮਾਂ ਦੀ ਯਾਦ, ਉਸਦਾ ਦਿਲ ਕਰਦਾ ਕਿ ਮੈਂ ਉੱਡ ਕੇ ਮਾਂ ਕੋਲ ਚਲਾ ਜਾਵਾਂ ਪਰ ਨਹੀਂ ਜਾਂ ਸਕਦਾ ਸੀ |ਉਧਰ ਉਸਦੀ ਮਾਂ ਦਾ ਬੁਰਾ ਹਾਲ ਇੱਕਲੀ ਉਹ ਸਾਰਾ ਦਿਨ ਪੁੱਤਰ ਦੀ ਚਿੰਤਾ ਚ ਹੀ ਬੀਤਦੀ ਜਾਂਦੀ ਸੀ ਇਸੇ ਚਿੰਤਾ ਕਾਰਨ ਉਹ ਹੁਣ ਬਿਮਾਰ ਰਹਿਣ ਲੱਗੀ ਪਰ ਉਸਨੂੰ ਦੀ ਦੇਖ ਭਾਲ ਲਈ ਕੋਈ ਨਹੀਂ ਸੀ ਕੋਲ ਇਸ ਤਰ੍ਹਾਂ ਇੱਕ ਦਿਨ ਉਹ ਰੱਬ ਨੂੰ ਪਿਆਰੀ ਹੀ ਜਾਂਦੀ ਹੈ ਉਸਦੇ ਮਰਨ ਤੇ ਉਸਦਾ ਪੁੱਤਰ ਆਉਂਦਾ ਹੈ ਉਹ ਬਹੁਤ ਰੋਂਦਾ ਹੈ ਮਾਂ -ਮਾਂ ਕਹਿਕੇ ਪੁਕਾਰਦਾ ਹੈ ਪਰ ਮਾਂ ਉਸਨੂੰ ਕਿਤੇ ਨਹੀਂ ਲੱਭਦੀ, ਹੁਣ ਉਹ ਆਪਣੇ ਕੀਤੇ ਤੇ ਪਛਤਾਅ ਰਿਹਾ ਹੁੰਦਾ ਹੈ ਉਸਨੂੰ ਮਾਂ ਦੀ ਹਰ ਲਗ ਯਾਦ ਆਉਂਦੀ ਹੈ ਕਿਵੇਂ ਉਸਦੀ ਮਾਂ ਉਸਨੂੰ ਬਾਹਰ ਨਾ ਜਾਣ ਲਈ ਤਰਲੇ ਕਰਦੀ ਸੀ ਪਰ ਉਸਨੇ ਆਪਣੀ ਮਾਂ ਦੀ ਇੱਕ ਨਾ ਸੁਣੀ, ਹੁਣ ਉਹ ਆਪਣੀ ਮਾਂ ਨੂੰ ਖੋ ਚੁੱਕਾ ਸੀ |
ਤਾਂ ਇਸ ਤੋਂ ਸਾਨੂੰ ਇਹੋ ਸਿਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਵਡਿਆ ਦੀਆਂ ਨਸੀਹਤਾਂ ਤੇ ਚਲਣਾ ਚਾਹੀਦਾ ਹੈ ਤਾਂ ਕਿ ਪਿੱਛੋਂ ਪਛਤਾਉਣਾ ਨਾ ਪਵੇ |
ਦੀਪ ਧਾਲੀਵਾਲ