ਸ਼ਿਵ ਪਟਵਾਰੀ ਲੱਗਾ ਹੁੰਦਾ ਸੀ..ਇੱਕ ਨੰਬਰਦਾਰ ਦੇ ਸੱਦੇ ਤੇ ਉਸਦੇ ਘਰੇ ਪੁੱਜ ਗਿਆ..ਉਸਨੇ ਮਿੱਠੀ ਲੱਸੀ ਦਾ ਗਲਾਸ ਲਿਆ ਅੱਗੇ ਧਰਿਆ..ਆਖਣ ਲੱਗਾ ਇੱਕ ਕੰਮ ਅੜਿਆ..ਕਰਵਾ ਦੇ..ਕੰਮ ਗੈਰਕਨੂੰਨੀ ਸੀ..ਸ਼ਿਵ ਓਸੇ ਵੇਲੇ ਉੱਠ ਖਲੋਤਾ..ਬੋਝੇ ਫਰੋਲੇ..ਚਵਾਨੀ ਕੱਢੀ ਤੇ ਉਸਦੀ ਤਲੀ ਤੇ ਰੱਖਦਾ ਹੋਇਆ ਆਖਣ ਲੱਗਾ..ਨੰਬਰਦਾਰਾ ਆਹ ਲੈ ਫੜ ਅੰਦਰ ਪਈ ਖੰਡ ਦੀ ਕੀਮਤ ਅਤੇ ਬਾਕੀ ਰਹੀ ਗੱਲ ਲੱਸੀ ਦੀ..ਸਮਝੀਂ ਕੁੱਤਾ ਪੀ ਗਿਆ..!
ਬੰਧੀ ਸਿੰਘਾਂ ਦੀ ਪਟੀਸ਼ਨ ਸਾਈਨ ਕਰਦੇ ਪੰਥ ਰਤਨ ਦਾ ਭਾਵੇਂ ਇਸ ਵਰਤਾਰੇ ਨਾਲ ਕੋਈ ਸਿੱਧਾ ਸਬੰਧ ਨਹੀਂ ਪਰ ਸ਼ਿਵ ਦੀ ਇਮਾਨਦਾਰੀ ਦਾ ਸਿੱਧਾ ਸਬੰਧ ਜਰੂਰ ਏ..!
ਹੈਰਾਨਗੀ ਹੁੰਦੀ ਏ ਜਿਸ ਬੋਹੜ ਦੀ ਛਾਂ ਹੇਠ ਕਿਸੇ ਵੇਲੇ ਕਿੰਨੇ ਸਾਰੇ..ਸੈਣੀ..ਉਮਰਾਨੰਗਲ..ਘੋਟਣੇ..ਸੂਬੇ..ਮੱਲੀ..ਆਲਮ..ਮੁਸਤਫੇ ਅਤੇ ਬਸਰੇ ਖੱਟੜੇ ਵਰਗੇ ਕੱਟੜ ਵੈਰੀ ਪ੍ਰਵਾਨ ਚੜੇ..ਅੱਜ ਉਹੀ ਅੰਦਰ ਡੱਕਿਆਂ ਦੀ ਰਿਹਾਈ ਵਾਲਾ ਮੰਗ ਪੱਤਰ ਸਾਈਨ ਕਰ ਰਿਹਾ..!
ਇਹ ਹੈ ਸਮੇਂ ਦਾ ਚੱਕਰ..ਕਾਮਯਾਬੀ ਵਾਲਾ ਸੂਰਜ ਜਦੋਂ ਸਿਖਰ ਤੇ ਹੁੰਦਾ ਏ ਤਾਂ ਕੁਝ ਚਿਰ ਲਈ ਖੁਦ ਆਪਣਾ ਪਰਛਾਵਾਂ ਵੀ ਦਿਸਣੋਂ ਹਟ ਜਾਂਦਾ..ਫੇਰ ਇੱਕ ਐਸਾ ਦੌਰ ਆਉਂਦਾ ਜਦੋਂ ਓਹੀ ਪਰਛਾਵਾਂ ਕਦ ਨਾਲੋਂ ਵੀ ਕਈ ਗੁਣਾ ਲੰਮਾਂ ਹੋ ਕੇ ਅਖੀਰ ਚਾਰੇ ਪਾਸੇ ਇੱਕ ਐਸਾ ਘੁੱਪ ਹਨੇਰ ਪਸਾਰ ਦਿੰਦਾ ਏ ਜੋ ਇਨਸਾਨ ਨੂੰ ਅੰਨਿਆਂ ਕਰ ਠੇਡੇ ਖਾਣ ਲਈ ਮਜਬੂਰ ਕਰ ਦਿੰਦਾ..!
ਪਰ ਕੌਣ ਸਮਝਾਵੇ ਕੇ ਵੇਲੇ ਦੀ ਨਮਾਜ ਹੁੰਦੀ ਤੇ ਕੁਵੇਲੇ ਦੀਆਂ ਟੱਕਰਾਂ!
ਹਰਪ੍ਰੀਤ ਸਿੰਘ ਜਵੰਦਾ