ਮਾਂ ਦੀ ਮਮਤਾ ਤੇ ਪਿਓ ਦਾ ਪਿਆਰ, ਬਹੁਤ ਹੀ ਨਿੱਘੇ ਅਤੇ ਅਨਮੋਲ ਅਹਿਸਾਸ ਹਨ… ਸਾਡੇ ਜਨਮਦਾਤਾ ਸਾਡੇ ਮਾਂ ਪਿਉ… ਸਾਡੇ ਗੁਰੂ ਸਾਡੇ ਪਹਿਲੇ ਅਧਿਆਪਕ ਹੁੰਦੇ ਹਨ। ਮਾਪੇ ਹੀ ਨੇ… ਜੋ ਬੱਚਿਆਂ ਨੂੰ ਜਨਮ ਦੇਣ ਦੇ ਨਾਲ- ਨਾਲ, ਸੁਨਿਹਰਾ ਭਵਿੱਖ ਵੀ ਦਿੰਦੇ ਨੇ…. ਬੱਚਿਆਂ ਦੀਆਂ ਨਿੱਕੀਆਂ ਨਿੱਕੀਆਂ ਅੱਖਾਂ ਨੂੰ, ਵੱਡੇ ਸੁਪਨੇ ਲੈਣਾ ਸਿਖਾਉੰਦੇ ਨੇ… ਅਤੇ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਗੁਰ ਦੱਸਦੇ ਨੇ….ਬੱਚਿਆਂ ਦੀ ਉਂਗਲੀ ਫੜ, ਉਹਨਾਂ ਨੂੰ ਜ਼ਿੰਦਗੀ ਜਿਊਣ ਦੇ ਰਾਹ ਦੱਸਦੇ ਨੇ…..
ਮੈਂ ਹਮੇਸ਼ਾ ਸੋਚਦੀ ਹਾਂ ਕਿ ਮੈਂ ਜੋ ਹਾਂ… ਆਪਣੇ ਮਾਤਾ-ਪਿਤਾ ਦੀ ਬਦੌਲਤ ਹਾਂ…. ਮੇਰੀ ਪੜ੍ਹਾਈ ਲਈ ਮੇਰੇ ਮਾਂ ਬਾਪ ਨੇ ਰੀਝਾਂ ਨਾਲ ਬਣਾਇਆ ਘਰ ਛੱਡ ਕੇ, ਸ਼ਹਿਰ ਆ ਡੇਰਾ ਲਾਇਆ ਸੀ…. ਸ਼ਹਿਰ ਆ ਕੇ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨ ਲਈ, ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ…. ਸਭ ਯਾਦ ਏ ਮੈਨੂੰ……. ਮਾਪਿਆਂ ਦੀ ਦੇਣ ਨੂੰ ਅਸੀਂ ਕਦੀ ਮਨਫੀ ਨਹੀਂ ਕਰ ਸਕਦੇ….
ਜ਼ਿੰਦਗੀ ਵਿਦਿਆ ਦੀ ਰੌਸ਼ਨੀ ਨਾਲ, ਰੌਸ਼ਨ ਕਰਨ ਦੇ ਨਾਲ, ਚੰਗੇ ਕਰਮ ਕਰਨ ਦੀ ਮੱਤ ਵੀ ਉਹਨਾਂ ਦੇ ਸੰਸਕਾਰਾਂ ਨੇ ਦਿੱਤੀ……
ਜੇ ਗੱਲ ਕਰਾਂ ਸਾਹਿਤ ਦੀ…. ਤਾਂ ਇਸ ਦੀ ਗੁੜ੍ਹਤੀ ਵੀ ਮਾਂ ਵੱਲੋਂ ਹੀ ਮਿਲੀ…. ਮਾਂ ਦਾ ਸਾਹਿਤ ਦੇ ਨਾਲ ਪਿਆਰ…. ਸ਼ਾਇਦ ਮੇਰੇ ਖ਼ੂਨ ਵਿਚ ਰਚਿਆ ਸੀ, ਜੋ ਸਮੇਂ ਦੇ ਨਾਲ ਕਲਮ ਰਾਹੀਂ ਕਾਗਜ਼ ਉਪਰ ਉੱਕਰਿਆ ਗਿਆ…. ਮੈਂ ਜਦ ਵੀ ਮਾਂ ਨੂੰ ਮਿਲਦੀ, ਉਹ ਹਮੇਸ਼ਾ ਪੁੱਛਦੀ ਤੂੰ ਲਿਖਣਾ ਬੰਦ ਤਾਂ ਨ੍ਹੀ ਕਰ ਦਿੱਤਾ…. ਮੈਂ ਕਹਿਣਾ ਨਹੀਂ…. ਫਿਰ ਪੁੱਛਦੀ ਕੀ ਲਿਖਿਆ… ਸੁਣਾ…. ਜਦ ਮੈਂ ਆਪਣੀ ਕੋਈ ਰਚਨਾ ਬੋਲ ਕੇ ਸੁਣਾਉਣੀ ਤਾਂ ਉਨ੍ਹਾਂ ਖੁਸ਼ ਹੋ ਜਾਣਾ…… ਕਦੀ ਕਦੀ ਕੋਈ ਰਚਨਾ ਸੁਣ ਕੇ, ਉਹਨਾਂ ਭਾਵੁਕ ਹੋ ਜਾਣਾ… ਤੇ ਖੁਸ਼ ਵੀ…. ਨਾਲ ਹੀ ਕਹਿਣਾ ਲਿਖਦੀ ਰਹੀਂ….
ਮੈਂ ਅੱਜ ਮਾਂ ਦੀ ਤਸਵੀਰ ਸਾਹਮਣੇ ਬੈਠੀ ਸੀ, ਤਾਂ ਮਨ ਵਿਚ ਇਕ ਵਿਚਾਰ ਆਇਆ ਕਿ ਜਿਸ ਸਾਹਿਤ ਨਾਲ ਪਿਆਰ ਦੀ ਗੁੜ੍ਹਤੀ ਮਾਂ ਨੇ ਦਿੱਤੀ ਐ, ਉਸ ਵਿਚ ਮਾਂ ਦਾ ਨਾਂ ਵੀ ਸ਼ਾਮਲ ਹੋਣਾ ਚਾਹੀਦਾ ਹੈ…. ਇਸ ਲਈ ਮੈਂ ਆਪਣੀਆਂ ਰਚਨਾਵਾਂ ਵਿਚ ਮਾਂ ਦਾ ਤੇ ਆਪਣਾ ਨਾਂ ਜੋੜ ਕੇ ਲਿਖਾਂਗੀ.. “ਰਣਜੀਤ ਰਤਨ”…..
ਆਸ ਕਰਦੀ ਹਾਂ ਕਿ ਤੁਹਾਨੂੰ ਮੇਰੇ ਅਹਿਸਾਸਾਂ ਦੀ ਕਦਰ ਹੋਵੇਗੀ
ਰਣਜੀਤ ਰਤਨ 🌿