ਮਦਾਰੀ ਰਿੱਛ ਦੇ ਬੱਚੇ ਨੂੰ ਤਮਾਸ਼ੇ ਲਈ ਟਰੇਂਡ ਕਰਨ ਲਈ ਜਦੋਂ ਜੰਗਲ ਵਿਚ ਫੜਦਾ ਏ ਤਾਂ ਸਭ ਤੋਂ ਪਹਿਲਾਂ ਉਸਨੂੰ ਬਚਾਉਣ ਆਈ ਉਸਦੀ ਮਾਂ ਨੂੰ ਉਸਦੇ ਸਾਮਣੇ ਖਤਮ ਕਰ ਦਿੰਦਾ..!
ਫੇਰ ਉਸਦੇ ਨਹੁੰ ਪੁੱਟ ਦਿੱਤੇ ਜਾਂਦੇ..ਦੰਦ ਵੀ ਤੋੜ ਦਿੱਤੇ ਜਾਂਦੇ..ਫੇਰ ਨਾਸਾਂ ਵਿਚ ਦੀ ਮੋਰੀ ਕੱਢ ਨਕੇਲ ਪਈ ਜਾਂਦੀ ਏ ਫੇਰ ਉਸਨੂੰ ਲੋਹੇ ਦੀ ਇੱਕ ਤਪਦੀ ਹੋਈ ਗਰਮ ਸਲੇਟ ਤੇ ਖਲਿਆਰਿਆ ਜਾਂਦਾ..!
ਜਦੋਂ ਪੈਰ ਸੜਨ ਲੱਗਦੇ ਨੇ ਤਾਂ ਅਗਲੇ ਉਤਾਂਹ ਚੁੱਕ ਪਿਛਲੇ ਪੈਰੀਂ ਹੋ ਜਾਂਦਾ ਏ..ਫੇਰ ਪਿਛਲੇ ਪੈਰਾਂ ਨੂੰ ਸੇਕ ਪੈਂਦਾ ਤਾਂ ਕਦੀ ਸੱਜੇ ਤੇ ਕਦੀ ਖੱਬੇ ਪੈਰ ਹੁੰਦਾ ਰਹਿੰਦਾ..!
ਮਦਾਰੀ ਫੇਰ ਇਸ ਕਾਰਵਾਈ ਨੂੰ ਨਾਲ ਨਾਲ ਚੱਲਦੇ ਹੋਏ ਸੰਗੀਤ ਨਾਲ ਲੈ-ਬੱਧ ਕਰ ਦਿੰਦਾ ਏ ਤੇ ਬੱਚਾ ਰਿੱਛ ਇਸ ਕਿਰਿਆ ਦਾ ਸਦਾ ਲਈ ਆਦੀ ਹੋ ਕੇ ਰਹਿ ਜਾਂਦਾ..!
ਇੱਕ ਟਾਈਮ ਮਗਰੋਂ ਮਦਾਰੀ ਜਦੋਂ ਵੀ ਨਕੇਲ ਖਿੱਚਦਾ ਤਾਂ ਰਿੱਛ ਓਸੇ ਵੇਲੇ ਅਗਲੇ ਪੈਰ ਚੁੱਕ ਨੱਚਣ ਲੱਗ ਪੈਂਦਾ..ਵੇਖਣ ਵਾਲੇ ਤਾੜੀਆਂ ਮਾਰਨ ਲੱਗਦੇ!
ਕਿਸੇ ਵੇਲੇ ਆਪਣੇ ਹੱਕਾਂ ਲਈ ਲੜਦੇ ਕੌਂਮੀ ਪੁੱਤਾਂ ਦੇ ਮਾਪੇ ਪਰਿਵਾਰ ਸਗੇ ਸਬੰਦੀ ਅਤੇ ਧੀਆਂ ਭੈਣਾਂ ਵੀ ਇੰਝ ਹੀ ਖਤਮ ਕਰ ਦਿੱਤੀਆਂ ਗਈਆਂ..ਤਸੀਹਾ ਕੇਂਦਰਾਂ ਵਿਚ ਨਹੁੰ ਪੁੱਟੇ..ਦੰਦ ਲੱਤਾਂ ਬਾਹਵਾਂ ਅਤੇ ਹੋਰ ਵੀ ਕਿੰਨਾ ਕੁਝ ਤੋੜ ਦਿੱਤਾ..ਪ੍ਰੈੱਸਾਂ ਨਾਲ ਸਾੜੇ ਅਤੇ ਦੇਗਾਂ ਵਿਚ ਵੀ ਉਬਾਲੇ ਗਏ..!
ਫੇਰ ਕੋਸ਼ਿਸ਼ ਕੀਤੀ ਗਈ ਕੇ ਸਹਿਮਿਆਂ ਹੋਇਆ ਖਾਲਸਾ ਦਿੱਲੀ ਬੈਠੇ ਮਦਾਰੀਆਂ ਵੱਲੋਂ ਨਕੇਲ ਖਿੱਚਣ ਤੇ ਆਪ ਮੁਹਾਰੇ ਹੀ ਨੱਚਣ ਲੱਗ ਪਿਆ ਕਰੇ..!
ਪਰ ਇੰਝ ਕਦੇ ਨਾ ਹੋ ਸਕਿਆ ਕਿਓੰਕੇ ਪੰਜਾਬ ਵੱਸਦਾ ਗੁਰਾਂ ਦੇ ਨਾਮ ਤੇ..ਉਹ ਗੁਰੂ ਜਿਹਨਾਂ ਨੇ ਪੈਰ ਪੈਰ ਤੇ ਧੱਕੇ ਵਿਰੁੱਧ ਅਵਾਜ ਉਠਾਉਣ ਲਈ ਪ੍ਰੇਰਿਆ..ਇਹ ਵੀ ਆਖਿਆ ਕੇ ਜਦੋਂ ਹਰ ਹੀਲਾ ਵਸੀਲਾ ਬੇਅਸਰ ਸਾਬਿਤ ਹੋਵੇ ਤਾਂ ਓਦੋਂ ਮਜਲੂਮ ਦੀ ਰੱਖਿਆ ਅਤੇ ਜਾਬਰ ਦੀ ਭੱਖਿਆ ਲਈ ਸ਼ਮਸ਼ੀਰ ਚੁੱਕਣੀ ਜਾਇਜ ਏ!
ਧਾਲੀਵਾਲ ਸਾਬ🌹