ਆਜ਼ਾਦੀ ਘੁਲਾਈਏ ਤੇ ਪ੍ਰਸਿੱਧ ਕਾਂਗਰਸੀ ਆਗੂ ਸ੍ਰੀ ਗੁਰਦੇਵ ਸਿੰਘ ਸ਼ਾਂਤ ਦੁਆਰਾ ਰੋਜ਼ਗਾਰ ਤੇ ਰੋਜ਼ੀ ਰੋਟੀ ਦੇ ਜੁਗਾੜ ਲਈ ਇੱਕ ਪ੍ਰਿੰਟਿੰਗ ਪ੍ਰੈਸ ਲਗਾਈ ਗਈ ਤੇ ਨਾਲ ਹੀ ਪੰਦਰਾਂ ਰੋਜ਼ਾ ਟਾਇਮਸ ਆਫ ਡੱਬਵਾਲੀ ਨਾਮਕ ਅਖਬਾਰ ਸ਼ੁਰੂ ਕੀਤਾ ਗਿਆ। ਕਿਉਂਕਿ ਸ਼ਾਂਤ ਸਾਹਿਬ ਉਰਦੂ ਦੇ ਗਿਆਤਾ ਸਨ ਤੇ ਹਿੰਦੀ ਵਿਚ ਉਹਨਾਂ ਦਾ ਹੱਥ ਤੰਗ ਸੀ। ਅਖਬਾਰ ਲਈ ਉਹਨਾਂ ਨੇ ਮੈਨੂੰ ਆਨਰੇਰੀ ਐਡੀਟਰ ਰੱਖ ਲਿਆ। ਇਸ ਤਰਾਂ ਨਾਲ ਅਖਬਾਰ ਵੀ ਰੁੜ ਪਿਆ ਤੇ ਸ਼ਾਂਤ ਸਾਹਿਬ ਵੀ ਆਹਰੇ ਲੱਗ ਗਏ। ਹਰ ਪੰਚਾਇਤ ਵਿਚ ਅਤੇ ਪਾਰਟੀ ਦੀਆਂ ਮੀਟਿੰਗਾਂ ਵਿੱਚ ਹਰ ਵੱਡੇ ਆਗੂ ਨੂੰ ਖਰੀਆਂ ਖਰੀਆਂ ਸੁਣਾਉਣ ਵਾਲੇ ਸ਼ਾਂਤ ਸਾਹਿਬ ਹੁਣ ਟਿੱਕ ਕੇ ਪ੍ਰੈਸ ਤੇ ਬੈਠਦੇ ਤੇ ਗ੍ਰਾਹਕਾਂ ਨਾਲ ਮਗਜਮਾਰੀ ਕਰਦੇ। ਸਾਰਾ ਦਿਨ ਵੇਹਲੀ ਲੀਡਰੀ ਕਰਨ ਦੀ ਜਗ੍ਹਾ ਆਪਣੇ ਰੋਜ਼ਗਾਰ ਨੂੰ ਸਮਰਪਿਤ ਹੋ ਗਏ। ਪਰ ਇਹ ਕੰਮ ਥੋੜੀ ਦੇਰ ਹੀ ਚੱਲਿਆ। ਇਮਾਨਦਾਰੀ ਤੇ ਈਗੋ ਵਾਲਾ ਕੀੜਾ ਜਲਦੀ ਹੀ ਰੰਗ ਵਿਖਾਉਣ ਲੱਗਿਆ। ਅਖਬਾਰ ਲਈ ਸਾਨੂੰ ਖਬਰਾਂ ਬਹੁਤ ਘੱਟ ਮਿਲਦੀਆਂ। ਦੂਜਾ ਅਸੀਂ ਸਰਕਾਰ ਵਿਰੁੱਧ ਨਹੀਂ ਸੀ ਲਿਖ ਸਕਦੇ। ਚੋਂ ਭਜਨ ਲਾਲ ਮੁੱਖ ਮੰਤਰੀ ਸਨ। ਤੇ ਉਹ ਸ਼ਾਂਤ ਸਾਹਿਬ ਦੇ ਚੰਗੇ ਵਾਕਿਫ ਸਨ। ਅਖਬਾਰ ਸਰਕਾਰ ਦੇ ਗੁਣ ਗਾਉਣ ਨਾਲ ਨਹੀਂ ਚਲਦੇ। ਖਬਰਾਂ ਨੂੰ ਵਜ਼ਨਦਾਰ ਬਣਾਉਣ ਲਈ ਲੋਕਾਂ ਦੀਆਂ ਸਮੱਸਿਆਵਾਂ ਅਤੇ ਸਰਕਾਰ ਦੇ ਜ਼ੁਲਮ ਖਿਲਾਫ ਲਿਖਣਾ ਹੁੰਦਾ ਹੈ। ਡੱਬਵਾਲੀ ਦੇ ਇਹ ਸੂਅਰ। ਹੈਡਿੰਗ ਹੇਠ ਮੈਂ ਗਲੀਆਂ ਵਿੱਚ ਘੁੰਮਦੇ ਅਵਾਰਾ ਸੂਰਾਂ ਬਾਰੇ ਜਬਰਦਸਤ ਖਬਰ ਛਾਪੀ। ਮੁੱਖ ਪੇਜ ਤੇ ਛਪੀ ਮੇਰੀ ਉਸ ਖ਼ਬਰ ਵਿੱਚ ਸਿਰਫ ਸੂਰਾਂ ਦੀ ਸਮੱਸਿਆ ਦਾ ਜ਼ਿਕਰ ਸੀ। ਕਿਉਂਕਿ ਇਹ ਸ਼ਾਂਤ ਸਾਹਿਬ ਦਾ ਅਖਬਾਰ ਸੀ ਹੈਡਿੰਗ ਵੇਖਕੇ ਲਗਦਾ ਸੀ ਕਿ ਪਤਾ ਨਹੀਂ ਸ਼ਾਂਤ ਸਾਹਿਬ ਨੇ ਡੱਬਵਾਲੀ ਦੇ ਕਿਹੜੇ ਸੂਰਾਂ ਦਾ ਜ਼ਿਕਰ ਕੀਤਾ ਹੋਵੇਗਾ। ਕੀ ਯਾਰ ਖੋਦਿਆ ਪਹਾੜ ਨਿਕਲੀ ਚੂਹੀਆ। ਜੋ ਵੀ ਮਿਲਦਾ ਇਹੀ ਗੱਲ ਕਹਿੰਦਾ। ਯਾਰ ਮੈਂ ਸਾਰੀ ਖਬਰ ਬਹੁਤ ਉਕਸੁਕਤਾ ਨਾਲ ਪੜ੍ਹੀ ਸੀ ਪਰ ਇਹ ਤਾਂ ਗਲੀ ਵਾਲੇ ਸੂਰਾਂ ਦੀ ਗੱਲ ਨਿਕਲੀ। ਹੁਣ ਕੌਣ ਸਮਝਾਏ ਕਿ ਜੇ ਅਸੀਂ ਵੱਡੇ ਸੂਰਾਂ ਬਾਰੇ ਲਿਖਾਂਗੇ ਤਾਂ ਸਾਨੂੰ ਇਸ਼ਤਿਹਾਰ ਕੌਣ ਦੇਵੇਗਾ।ਪਰ ਫਿਰ ਵੀ ਜਲਦੀ ਹੀ ਸਾਡਾ ਅਖਬਾਰ ਇਮਾਨਦਾਰੀ ਦੀ ਮਾਰ ਨਾ ਝੱਲਦਾ ਹੋਇਆ ਦਮ ਤੋੜ ਗਿਆ।
ਲੋਕਲ ਅਖਬਾਰ ਬਲੈਕ ਮੇਲਿੰਗ ਨਾਲ ਜਿਆਦਾ ਚਲਦੇ ਹਨ। ਯ ਇਸ਼ਤਿਹਾਰ ਲੈਣ ਦੀ ਕਲਾ ਅਖਬਾਰੀ ਮਾਲਿਕ ਕੋਲੇ ਹੋਵੇ। ਇਹ ਦੋਂਨੋ ਗੁਣਾਂ ਤੋਂ ਸ਼ਾਂਤ ਸਾਹਿਬ ਵਾਂਝੇ ਸਨ। ਸੱਚ ਬੋਲਕੇ ਆਇਆ ਗ੍ਰਾਹਕ ਵੀ ਭਜਾ ਦਿੰਦੇ ਸਨ।
ਉਂਜ ਜਵਾਂ ਸੱਚ ਬੋਲ ਕੇ ਅਖਬਾਰ ਨਹੀਂ ਚੱਲਦੇ।
ਊਂ ਇੱਕ ਗੱਲ ਆ।
#ਰਮੇਸ਼ਸੇਠੀਬਾਦਲ