ਦੀਵਾਲੀ ਤੋਂ ਇੱਕ ਦਿਨ ਪਹਿਲਾਂ ਘਰਾਂ ਵਿੱਚੋਂ ਲੱਗਦੇ ਸਹੁਰਿਆਂ ਦੇ ਘਰ ਜਾਣ ਦਾ ਮੂਡ ਬਣ ਗਿਆ। ਸੋਚਿਆ ਨਾਲੇ ਜੁਆਕਾਂ ਦਾ ਮੂੰਹ ਮਿੱਠਾ ਕਰਵਾ ਆਵਾਂਗੇ ਨਾਲੇ ਮਿਲ ਗਿਲ ਆਵਾਂਗੇ। ਅੱਗੇ ਉਹ ਵੀ ਹੱਥਾਂ ਦੀਆਂ ਤਲੀਆਂ ਤੇ ਘਿਓ ਦੇ ਦੀਵੇ ਜਗਾਕੇ ਇੰਤਜ਼ਾਰ ਕਰਨ ਵਾਲੇ ਮਿਲਾਪੜੇ ਹਨ। ਮੇਰੀ ਲਾਣੇਦਾਰਨੀ ਆਪਣੀ ਮਾਂ ਸਮਾਨ ਤਾਈ ਨਾਲ ਦੁੱਖ ਸੁੱਖ ਕਰ ਲੈਂਦੀ ਹੈ। ਤੇ ਮੈਂ ਤਾਈ ਜੀ ਦੁਆਰਾ ਦੋਹਾਂ ਹੱਥਾਂ ਨਾਲ ਪਲੂਸੇ ਸਿਰ ਤੇ ਮਿਲੀਆਂ ਅਸੀਸਾਂ ਨਾਲ ਜੰਨਤ ਵਰਗੀ ਖੁਸ਼ੀ ਮਹਿਸੂਸ ਕਰਦਾ ਹਾਂ । ਜੁਆਕ ਆਪਣੀ ਭੂਆ ਦਾ ਮੋਂਹ ਤਾਂ ਕਰਦੇ ਹੀ ਹਨ ਤੇ ਨਾਲ ਮੇਰੇ ਅਰਗੇ ਢੁੱਚਰ ਫੁਫਡ਼ ਨੂੰ ਵੀ ਪੂਰਾ ਮਾਣ ਬਖਸ਼ਦੇ ਹਨ। ਗੱਲ ਕੀ ਉਹ ਨਾਲ ਗਏ ਵਿਸਕੀ ਨੂੰ ਵੇਖਕੇ ਵਾਧੂ ਖੁਸ਼ ਹੋ ਜਾਂਦੇ ਹਨ। ਅਜਿਹੇ ਮੇਜਬਾਨਾਂ ਨੂੰ ਹੀ ਤਾਂ ਹੱਥੀ ਛਾਵਾਂ ਕਰਨ ਵਾਲੇ ਕਹਿੰਦੇ ਹਨ। ਅੱਗੇ ਤਾਈ ਜੀ ਦੀ ਵੱਡੀ ਨੂੰਹ ਨੇ ਸਾਨੂੰ ਦੇਣ ਲਈ ਖੋਏ ਦੇ ਪੇੜਿਆਂ ਦਾ ਡਿੱਬਾ ਲਿਆ ਰੱਖਿਆ ਸੀ। “ਭੂਆ ਜੀ ਇਸ ਵਾਰ ਤੁਸੀਂ ਆਏ ਤਾਂ ਰਾਤ ਰਹਿਕੇ ਜਾਇਓ।” ਭੂਆ ਦੇ ਭਤੀਜੇ ਦੇ ਆਖੇ ਪਿਆਰ ਭਰੇ ਬੋਲ ਵੀ ਮੇਰੇ ਜੇਹਿਨ ਵਿੱਚ ਘੁੰਮ ਰਹੇ ਸਨ। ਇੱਥੇ ਪਿਆਰ ਦੀ ਇੰਤਹਾ ਹੋ ਜਾਂਦੀ ਹੈ। ਘਰ ਦੇ ਕਮਾਊ ਆਗੂ ਤੋਂ ਸੱਖਣੇ, ਆਪਣੀ ਮਿਹਨਤ ਨਾਲ ਤਾਜ਼ੀ ਕਮਾਕੇ ਖਾਣ ਵਾਲੇ ਪਰਿਵਾਰ ਦੁਆਰਾ ਕੀਤੀ ਸੇਵਾ ਦੇਖਕੇ ਮਨ ਵੈਰਾਗ ਫੜ੍ਹ ਜਾਂਦਾ ਹੈ। ਖੁਸ਼ੀਆਂ ਦੇਈਂ, ਖੁੱਲ੍ਹਾ ਦੇਣੀ, ਰਿਜ਼ਕ ਦੀ ਕਮੀ ਨਾ ਰਹੇ ਵਰਗੀਆਂ ਦੁਆਵਾਂ ਆਪਣੇ ਆਪ ਮੂੰਹੋ ਨਿਕਲਦੀਆਂ ਹਨ।
“ਦੀਦੀ ਨਮਕੀਨ ਬਿਸਕੁਟ ਬਣਾਏ ਹਨ। ਜੇ ਆਖੋਂ ਤਾਂ ਥੌੜੇ ਜਿਹੇ ਲਿਫਾਫੇ ਵਿੱਚ ਪਾ ਦਿਆਂ?” ਮੋਹ ਭਿੱਜੀ ਭਰਜਾਈ ਨੇ ਆਪਣੀ ਨਨਾਣ ਨੂੰ ਪੁੱਛਿਆ।
“ਲ਼ੈ ਕਮਲੀ ਨਾ ਹੋਵੇ ਤਾਂ। ਪੁੱਛਣ ਆਲੀ ਕਿਹੜੀ ਗੱਲ ਆ। ਭਰਦੇ ਲਿਫ਼ਾਫ਼ਾ।” ਕੋਲ ਖੜ੍ਹੇ ਅਲੜ੍ਹ ਉਮਰ ਦੇ ਭਤੀਜੇ ਨੇ ਝੱਟ ਦਿਨੇ ਆਪਣੀ ਮਾਂ ਨੂੰ ਕਿਹਾ। ਸੱਚੀ ਸੋਂਹ ਰੱਬ ਦੀ ਉਸਦਾ ਜਬਾਬ ਸੁਣਕੇ ਪਿਆਰ ਨਾਲ ਅੱਖਾਂ ਵਿੱਚ ਹੰਝੂ ਆ ਗਏ। ਸਾਰੇ ਕਹਿੰਦੇ ਹਨ, ਬੱਗਦੂ ਦਾ ਮੁੰਡਾ ਪਿਓ ਵਾੰਗੂ ਭੋਲਾ ਹੈ। ਰੱਬਾ ਇਹੋ ਜਿਹੇ ਭੋਲੇ ਮੁੰਡੇ ਸਭ ਨੂੰ ਦੇਵੀਂ।
ਊਂ ਗੱਲ ਆ ਇੱਕ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ