ਬੱਸ ਚੱਲ ਹੀ ਪਈ, ਚੰਡੀਗੜ੍ਹ ਤੋਂ ਬੈਠਿਆ ਤਾਂ ਸਿੱਧੀ ਬਰਨਾਲੇ ਦੀ ਬੱਸ ਹੀ ਸੀ ਪਰ ਸੰਗਰੂਰ ਆਕੇ ਇਹ ਜੀਅ ਲਾ ਕੇ ਖੜ੍ਹ ਗਈ, ਪੂਰੇ ਦਸ ਮਿੰਟ ਦਾ ਸਟੋਪੇਜ। ਬੱਸ ਦੇ ਚੱਲਣ ਨਾਲ ਹਲਕਾ ਜਿਹਾ ਹਵਾ ਦਾ ਬੁੱਲ੍ਹਾ ਆਇਆ। ਮੇਰੇ ਨਾਲ ਦੀ ਸੀਟ ‘ਤੇ ਖਿੜਕੀ ਵੱਲ ਬੈਠੀ ਸਵਾਰੀ ਊਂਘ ਰਹੀ ਹੈ ਤੇ ਇਸ ਤਰ੍ਹਾਂ ਪਸਰੀ ਪਈ ਹੈ ਕਿ ਤਿੰਨ ਸਵਾਰੀਆਂ ਵਾਲੀ ਸੀਟ ‘ਤੇ ਦੋ ਜਣਿਆਂ ਨੂੰ ਬੈਠਣਾ ਔਖਾ ਹੋਇਆ ਪਿਆ ਹੈ।
ਚੱਲਦੀ ਬੱਸ ਵਿੱਚ ਇੱਕ ਸਾਧਾਰਨ ਜਿਹੀ ਦਿਖ ਵਾਲਾ ਸਾਦੇ ਜਿਹੇ ਕੱਪੜੇ ਪਾਈ ਨੌਜਵਾਨ ਤੇਜੀ ਨਾਲ ਚੜ੍ਹਿਆ । ਸਾਨੂੰ ਦੋ ਜਣਿਆਂ ਨੂੰ ਬੈਠਿਆਂ ਦੇਖ, ਉਸ ਨੇ ਅੱਖਾਂ ਦੇ ਇਸ਼ਾਰੇ ਨਾਲ ਮੈਨੂੰ ਥੋੜ੍ਹੀ ਜਗ੍ਹਾ ਲਈ ਤਰਲਾ ਜਿਹਾ ਕੀਤਾ। ਮੈਂ ਖਿਝ ਜਿਹੀ ਨਾਲ ਆਪਣੇ ਨਾਲ ਦੀ ਸਵਾਰੀ ਨੂੰ ਪਰ੍ਹਾਂ ਨੂੰ ਧਕ ਉਹਦੇ ਲਈ ਭੋਰਾ ਕੁ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕੀਤੀ। ਇਹ ਦਿਖਾਉਂਦਿਆਂ ਕਿ ਬੈਠ ਜਾ ਭਾਈ ਜਿੱਥੇ ਬੈਠ ਸਕਦਾ ਏਂ ਪਰ ਉਹ ਓਨੀ ਕੁ ਜਗ੍ਹਾ ਵਿਚ ਹੀ ਬੈਠ ਗਿਆ।
ਸਹਿਜ ਸੁਭਾਅ ਹੀ ਮੇਰਾ ਹੱਥ ਪਰਸ ਵਾਲੀ ਜੇਬ ‘ਤੇ ਚਲਿਆ ਗਿਆ ਚਾਹੇ ਉਹ ਮੈਂ ਪੈਂਟ ਦੀ ਅਗਲੀ ਜੇਬ ਵਿਚ ਹੀ ਰੱਖਦਾ ਹਾਂ। ਪਤਾ ਨਹੀਂ ਕਿਉਂ ਮੈਨੂੰ ਉਹ ਨੌਜਵਾਨ ਠੀਕ ਨਹੀਂ ਲੱਗਿਆ। ਅੱਜ ਕੱਲ੍ਹ ਇਸ ਤਰ੍ਹਾਂ ਹੀ ਸਿੱਧੇ ਸਾਦੇ ਜਿਹੇ ਬਣ ਲੋਕ ਬੱਸਾਂ ਵਿੱਚ ਪਰਸ ਮਾਰ ਲੈਂਦੇ ਨੇ ਪਰ ਉਹ ਮੇਰੇ ਵੱਲ ਝਾਕਿਆ ਤੇ ਹਲਕਾ ਜਿਹਾ ਮੁਸਕਰਾ ਪਿਆ ਜਿਵੇਂ ਮੇਰੀ ਚੋਰੀ ਫੜ੍ਹ ਲਈ ਹੋਵੇ। ਮੈਨੂੰ ਆਪਣੀ ਇਸ ਹਰਕਤ ‘ਤੇ ਸ਼ਰਮਿੰਦਗੀ ਜਿਹੀ ਮਹਿਸੂਸ ਹੋਈ।
ਬੱਸ ਨੇ ਆਪਣੀ ਰਫਤਾਰ ਫੜੀ ਹੀ ਸੀ ਕਿ ਉਹ ਬੋਲਿਆ:
“ਸਰ ਆਪ ਕਹਾਂ ਰਹਿਤੇ ਹੈਂ?
” ਬਰਨਾਲਾ ।”
” ਮੈਂ ਭੀ ਬਰਨਾਲਾ ਜਾ ਰਹਾ ਹੂੰ। “ਉਹ ਆਰਾਮ ਨਾਲ ਲੰਬਾ ਸਾਹ ਭਰਦੇ ਕਹਿਣ ਲੱਗਿਆ। ਫਿਰ ਥੋੜ੍ਹੇ ਸਮੇਂ ਬਾਅਦ
“ਸਰ ਆਪ ਕਿਆ ਕਾਮ ਕਰਤੇ ਹੈੰ।”
“ਕਿਉੰ?” ਮੈਨੂੰ ਉਸ ਵੱਲੋਂ ਨਿੱਜੀ ਸਵਾਲ ਪੁੱਛੇ ਜਾਣਾ ਚੰਗਾ ਨਹੀਂ ਲੱਗਿਆ।
“ਸਰ ਵੈਸੇ ਹੀ, ਕਿਆ ਕਾਮ ਕਰਤੇ ਹੈਂ ਆਪ ਬਤਾਈਏ ਨਾ!”
“ਪ੍ਰਾਈਵੇਟ ਕੰਮ ਕਰਦਾ ਹਾਂ।”
“ਪ੍ਰਾਈਵੇਟ ਮੇਂ ਕਿਆ?”
‘ਜਰੂਰ ਕੋਈ ਸਕੀਮ ਵੇਚਣ ਵਾਲਾ ਬੰਦਾ ਹੋਣਾ, ਅੱਜ ਕੱਲ੍ਹ ਹਰ ਕੋਈ ਨਵੀਆਂ-2 ਸਕੀਮਾਂ ਚੱਕੀ ਫਿਰਦਾ।’ ਸੋਚਦਿਆਂ ਮੈਂ ਉਸਦੀ ਗੱਲ ਨੂੰ ਅਣਗੌਲਿਆ ਕਰ ਦਿੱਤਾ।
ਕੰਡਕਟਰ ਟਿਕਟ ਕੱਟਣ ਆ ਗਿਆ ਸੀ, ਉਸ ਦਾ ਧਿਆਨ ਵੀ ਓਧਰ ਚਲਿਆ ਗਿਆ । ਮੈਂ ਉਂਈ ਸੌਣ ਦਾ ਬਹਾਨਾ ਕਰਕੇ ਸਾਹਮਣੀ ਸੀਟ ‘ਤੇ ਮੱਥਾ ਰੱਖ ਕੇ ਪੈ ਗਿਆ। ਬੱਸ ਆਪਣੇ ਸਫਰ ਵੱਲ ਦੌੜ ਰਹੀ ਸੀ। ਕਾਫੀ ਸਮੇਂ ਬਾਅਦ ਮੈਂ ਸਿਰ ਚੁੱਕ ਕੇ ਦੇਖਿਆ। ਉਹ ਕੋਈ ਕਿਤਾਬ ਪੜ੍ਹ ਰਿਹਾ ਸੀ, ਮੇਰੇ ਵੱਲ ਦੇਖ ਉਹ ਇੱਕ ਵਾਰ ਫਿਰ ਮੁਸਕਰਾਇਆ।
” ਸਰ ਕਿਤਨੇ ਬੱਚੇ ਹੈਂ ਆਪਕੇ?” ਉਹ ਕਿਤਾਬ ਬੰਦ ਕਰਦਿਆਂ ਪੁੱਛਣ ਲੱਗਾ ।
“ਦੋ” ਆਪਣੇ ਬੱਚਿਆਂ ਬਾਰੇ ਸੋਚ ਮੇਰੇ ਅੰਦਰਲਾ ਤਨਾਅ ਥੋੜ੍ਹਾ ਘਟ ਗਿਆ।
“ਬੜੀਆ, ਕਿਆ ਕਰਤੇ ਹੈੰ ਵੋਹ ਪੜ੍ਹਾਈ!”
” ਵੋ… ਕਨੇਡਾ ਪੜ੍ਹਦੇ ਨੇ ਕਨੇਡਾ।”
“ਵਾਓ ਦੇਟਸ ਗ੍ਰੇਟ। ਕਿਆ ਪੜ੍ਹਤੇ ਹੈਂ?”ਉਸਦੇ ਬੋਲਾਂ ਵਿੱਚ ਉਤਸੁਕਤਾ ਸੀ।
ਉਸਦੇ ਇਸ ਸਵਾਲ ਨੇ ਮੈਨੂੰ ਝਟਕਾ ਦਿੱਤਾ।
ਮੈਂ ਸੋਚਣ ਲੱਗਿਆ ਕਿ ਬੇਟੇ ਕੀ ਪੜ੍ਹਦੇ ਨੇ ਕਿਉਂਕਿ ਅੱਜ ਤੱਕ ਕਿਸੇ ਨੇ ਇਹ ਪੁੱਛਿਆ ਹੀ ਨਹੀਂ। ਸਭ ਤਾਂ ਇਹੋ ਪੁੱਛਦੇ ਨੇ ਕਿ ਕੀ ਕੰਮ ਕਰਦੇ ਨੇ। ਕੰਮ ਮਿਲ ਜਾਂਦਾ? ਕਿੰਨੇ ਡਾਲਰ ਕਮਾ ਲੈਂਦੇ ਨੇ। ਕੀ ਪੜ੍ਹਦੇ ਨੇ ਅਜੀਬ ਜਿਹਾ ਸਵਾਲ ਲੱਗਿਆ।
ਮੈਨੂੰ ਚੁੱਪ ਦੇਖ ਉਹ ਫਿਰ ਬੋਲਿਆ
” ਮੁਆਫ ਕਰਨਾ ਆਪਕੋ ਬੁਰਾ ਤੋ ਨਹੀਂ ਲਗਾ ਆਪਸੇ ਇਤਨੇ ਸਵਾਲ ਕਰਤਾ ਹੂੰ । ਅਸਲ ਮੇਂ ਬਾਤ ਯਹ ਹੈ ਕਿ ਮੁਝੇ ਜੋ ਵੀ ਸਮੇਂ ਮਿਲਤਾ ਹੈ ਮੈਂ ਉਸਮੇ ਲੋਗੋ ਸੇ ਬਾਤ ਕਰ ਆਪਣੀ ਨਾਲਿਜ ਬੜਾਤਾ ਰਹਿਤਾ ਹੂੰ ।”
“ਕੰਮ ਕੀ ਕਰਦਾ ਏਂ? ” ਮੈਂ ਸੀਟ ਉੱਪਰ ਥੋੜ੍ਹਾ ਜਿਹਾ ਠੀਕ ਹੋ ਕੇ ਬੈਠ ਦਾ ਪੁੱਛਣ ਲੱਗਿਆ।
” ਮੈਂ ਬੈਂਕ ਮੇਂ ਜਾਬ ਕਰਤਾ ਹੂੰ ਸਰ ਔਰ ਯੂ. ਪੀ. ਐੱਸ. ਸੀ. ਕਾ ਪਹਿਲਾ ਪੇਪਰ ਵੀ ਨਿਕਾਲੇ ਹੈਂ।” ਉਹ ਮੁਸਕਰਾਂਦਾ ਹੋਇਆ ਕਹਿਣ ਲੱਗਾ। ਮੈਂ ਹੈਰਾਨ ਹੋਇਆ ਉਸ ਵੱਲ ਦੇਖਣ ਲੱਗਾ ਕਿ ਇਹ ਸਾਧਾਰਨ ਜਿਹਾ ਨੌਜਵਾਨ ਬੈਂਕ ਵਿੱਚ ਨੌਕਰੀ ਕਰਦਾ ਤੇ ਉਸ ਤੋਂ ਉੱਪਰ ਹਾਲੇ ਅੱਗੇ ਵੀ ਤਿਆਰੀ ਕਰ ਰਿਹਾ। ਮੈਨੂੰ ਉਸ ਵਿੱਚ ਦਿਲਚਸਪੀ ਪੈਦਾ ਹੋ ਗਈ।
” ਕਿੱਥੇ ਰਹਿੰਦੇ ਹੋ?”ਮੇਰੇ ਮੂੰਹੋਂ ਆਪਣੇ ਆਪ ਉਸ ਪ੍ਰਤੀ ਸਨਮਾਨਜਨਕ ਸ਼ਬਦ ਨਿਕਲੇ।
” ਮੈਂ ਤੋ ਜੀਰਕਪੁਰ ਮੇਂ ਜਾਬ ਕਰਤਾ ਹੂੰ, ਪਾਪਾ ਬਰਨਾਲਾ ਮੇਂ ਹੀ ਹੈਂ। ਆਜ-ਕੱਲ੍ਹ ਬਿਮਾਰ ਰਹਿਤੇ ਹੈਂ, ਉਨ੍ਹੀ ਸੇ ਮਿਲਨੇ ਆਇਆ ਹੂੰ।”
“ਕੀ ਨਾਮ ਹੈ ਉਹਨਾਂ ਦਾ ਕੀ ਕੰਮ ਕਰਦੇ ਨੇ?” ਮੈਂ ਇਨਸਾਨੀਅਤ ਦੇ ਤੌਰ ‘ਤੇ ਪੁੱਛਿਆ।
” ਉਨਕਾ ਨਾਮ ਰਮੇਸ਼ ਯਾਦਵ ਹੈ, ਕੁਲਚੇ ਕੀ ਰੇਹੜੀ ਲਗਾਤੇ ਹੈਂ। ਰਮੇਸ਼ ਕੁਲਚੇ ਵਾਲਾ ਨਾਮ ਤੋ ਸੁਣਾ ਹੋਗਾ ਆਪਨੇ। ”
ਕਹਿੰਦੇ ਹੋਏ ਉਹ ਉੱਠ ਖੜ੍ਹਾ ਹੋਇਆ ਆਈ ਟੀ ਆਈ ਚੌਂਕ ਆ ਗਿਆ ਸੀ।ਉਹ ਮੇਰੇ ਵੱਲ ਹਲਕਾ ਜਿਹਾ ਦੇਖ ਇਕ ਵਾਰ ਫਿਰ ਸਤਿਕਾਰ ਨਾਲ ਮੁਸਕਰਾਇਆ ਤੇ ਬੱਸ ‘ਚੋਂ ਉਤਰ ਗਿਆ।