ਮਾਸਟਰ ਦਿਆਲ ਸਿੰਘ ਮੈਨੂੰ ਪਹਿਲੇ ਪੀਰਿਯਡ ਹੀ ਕੰਨ ਫੜਾ ਦਿੰਦਾ..ਮੈਂ ਸਕੂਲੋਂ ਭੱਜਣਾ ਸ਼ੁਰੂ ਕਰ ਦਿੱਤਾ..ਘਰੋਂ ਸਕੂਲੇ ਜਾਂਦਾ ਪਰ ਰਾਹ ਵਿਚ ਚਕੇਰੀ ਵਾਲੇ ਸਾਧ ਦੇ ਡੇਰੇ ਬਲੌਰ ਅਤੇ ਹੋਰ ਖੇਡਾਂ ਖੇਡ ਮੁੜ ਆਉਂਦਾ..ਘਰੇ ਉਲ੍ਹਾਮਾਂ ਜਾਂਦਾ..ਮਾਂ ਬਾਪ ਨੂੰ ਚਿੱਠੀ ਲਿਖ ਘੱਲਦੀ..ਉਸ ਨੂੰ ਉਚੇਚਾ ਛੁੱਟੀ ਲੈ ਘਰੇ ਅਉਣਾ ਪੈਂਦਾ..ਗੁੱਸੇ ਹੁੰਦਾ ਦਬਕਾਉਂਦਾ ਮਗਰੋਂ ਵਾਸਤੇ ਪਾਉਣ ਲੱਗਦਾ..ਤੇਰੀਆਂ ਦੋ ਨਿੱਕੀਆਂ ਭੈਣਾਂ ਅਤੇ ਮੇਰੀਆਂ ਵੀ ਦੋ ਨਿੱਕੀਆਂ ਵਿਹਾਉਣ ਜੋਗੀਆ..ਮੈਂ ਕੱਲਾ ਕੀ ਕੀ ਕਰੂੰ..ਜੁੰਮੇਵਾਰੀ ਸਮਝ..ਪਰ ਮਾੜੀ ਸੰਗਤ..ਮੈਂ ਭੋਰਾ ਵੀ ਨਾ ਸੁਧਰਿਆ..!
ਇੱਕ ਵੇਰ ਉਸਦਾ ਐਕਸੀਡੈਂਟ ਹੋ ਗਿਆ..ਟਰੱਕ ਚਲਾ ਰਿਹਾ ਸੀ..ਖੱਡ ਵਿਚ ਜਾ ਪਿਆ..ਕਲੀਨਰ ਮਰ ਗਿਆ..ਇਸਦੇ ਬਚਣ ਦੀ ਉਮੀਦ ਵੀ ਨਾ ਰਹੀ..ਉੱਤੋਂ ਕਿੰਨੇ ਮਹੀਨੇ ਤਨਖਾਹ ਵੀ ਡੱਕੀ ਰੱਖੀ..ਭੂਆ ਦਾ ਵਿਆਹ ਧਰਿਆ ਹੋਇਆ ਸੀ..ਕੱਲੀ ਮਾਂ ਘਬਰਾ ਗਈ..ਇੱਕ ਵੇਰ ਵੇਖਿਆ ਅੰਦਰ ਦੋਵੇਂ ਭੈਣਾਂ ਨੂੰ ਕਲਾਵੇ ਵਿਚ ਲੈ ਉੱਚੀ ਉੱਚੀ ਰੋ ਰਹੀ ਸੀ..ਮੇਰੇ ਮਨ ਤੇ ਇਸਦਾ ਬਹੁਤ ਅਸਰ ਹੋਇਆ..ਇੱਕਦਮ ਜੁੰਮੇਵਾਰੀ ਦਾ ਇਹਸਾਸ ਜਿਹਾ ਜਾਗ ਪਿਆ..ਮਾੜੇ ਪਾਸਿਓਂ ਤੌਬਾ ਕਰ ਲਈ..!
ਫੇਰ ਭੂਆ ਦਾ ਵਿਆਹ ਦੋਹਾਂ ਨੇ ਨੇਪਰੇ ਚੜਿਆ..ਆੜਤੀਏ ਦੇ ਵੀ ਛੇਤੀ ਹੀ ਮੋੜ ਦਿੱਤੇ..ਡੈਡੀ ਠੀਕ ਹੋ ਗਿਆ ਪਰ ਬਾਂਹ ਨੁਕਸਾਨੀ ਗਈ..ਜਦੋਂ ਕੋਈ ਬਲਕਾਰ ਟੁੰਡਾ ਆਖ ਸੱਦਦਾ ਤਾਂ ਜੀ ਕਰਦਾ ਗਾਟਾ ਲਾਹ ਦਿਆ..ਕੇਰਾਂ ਉਹ ਉਚੇਚਾ ਸਕੂਲੇ ਆਇਆ..ਮਾਸਟਰ ਦਿਆਲ ਸਿੰਘ ਨੇ ਬੜੀ ਸਿਫਤ ਕੀਤੀ..ਪਿਓ ਨੇ ਮੈਨੂੰ ਕਲਾਵੇ ਵਿਚ ਲੈ ਲਿਆ ਤੇ ਨਾਲ ਹੀ ਫਿੱਸ ਪਿਆ..ਬਹੁਤੀ ਖੁਸ਼ੀ ਵੀ ਇਨਸਾਨ ਨੂੰ ਜਜਬਾਤੀ ਕਰ ਦਿੰਦੀ!
ਥੋੜਾ ਕਦ ਕੱਢਿਆ ਤਾਂ ਮੈਂ ਫੌਜ ਵਿਚ ਭਰਤੀ ਹੋ ਗਿਆ..ਅੱਜ ਖੁਦ ਦੀ ਔਲਾਦ ਮੇਰੇ ਬਰੋਬਰ ਆਣ ਖਲੋਤੀ..ਜਦੋਂ ਕਦੇ ਵੀ ਗਰਾਰੀ ਅੜ੍ਹ ਜਾਵੇ ਤਾਂ ਬਾਪ ਨੂੰ ਯਾਦ ਕਰ ਲਈਦਾ..ਮੋਏ ਮਾਪਿਆਂ ਦੀ ਸਲਾਹ ਵੀ ਬੜੀ ਸਟੀਕ ਹੁੰਦੀ ਏ..ਮਸਲਾ ਝੱਟ ਹੀ ਹੱਲ ਹੋ ਜਾਂਦਾ!
ਵਾਕਿਆ ਹੀ ਕਈ ਵੇਰ ਕੱਲੇ ਹੋਣਾ ਤੇ ਕੱਲੇ ਰੋਣਾ ਇਨਸਾਨ ਨੂੰ ਬੜਾ ਜਿਆਦਾ ਮਜਬੂਤ ਬਣਾ ਦਿੰਦੇ ਨੇ!
ਹਰਪ੍ਰੀਤ ਸਿੰਘ ਜਵੰਦਾ