ਨਸ਼ਾ ਕੋਈ ਵੀ ਹੋਵੇ ਮਾੜਾ ਹੁੰਦਾ ਹੈ।ਆਜ਼ਾਦੀ ਤੋਂ ਬਾਅਦ ਅਫੀਮ ਤੇ ਪੋਸਤ ਨੇ ਬਹੁਤ ਲੋਕਾਂ ਦੀਆਂ ਜਮੀਨਾ ਵਿਕਾ ਦਿੱਤੀਆਂ ਸੀ ਬੜੇ ਘਰ ਪੱਟ ਦਿੱਤੇ ਸੀ।ਬਹੁਤ ਸਾਰੇ ਅਮਲੀ ਛੜੇ ਰਹਿ ਗਏ ਸੀ।ਤਾਂ ਹੀ ਸਰਕਾਰ ਨੂੰ opium act ਰੱਦ ਕਰਕੇ NDPS act ਬਣਾਉਣਾ ਪਿਆ ਸੀ।ਪੰਜਾਬੀ ਜੁਗਤਾਂ ਕਰਨ ਚ ਮਾਹਰ ਹੁੰਦੇ ਨੇ।ਨਸ਼ੇ ਨੂੰ ਮਾੜਾ,ਅੱਤ ਮਾੜਾ ਭਾਗਾਂ ਵਿਚ ਆਪਣੀ ਸਮਝ ਮੁਤਾਬਿਕ ਵੰਡ ਲਿਆ ਹੈ ਅਸੀ ਅੱਤ ਮਾੜੇ ਵਿਚੋਂ ਮਾੜੇ ਨੂੰ ਚੁਣ ਰਹੇ ਹਾਂ।ਨਸ਼ੇ ਦਾ ਹੱਲ ਅਫੀਮ ਦੀ ਖੇਤੀ ਨਹੀਂ ਹੈ।ਜੇ ਖੇਤੀ ਸ਼ੁਰੂ ਹੋ ਗਈ ਉਹਦਾ ਅੰਜਾਮ ਕੀ ਹੋਊ ਇਹ ਕੋਈ ਨਹੀਂ ਸੋਚਦਾ।ਚਿੱਟਾ(ਹੀਰੋਇਨ)ਵੀ ਤਾਂ ਅਫੀਮ ਵਿਚੋਂ ਤਿਆਰ ਹੁੰਦਾ ਹੈ ਪੰਜਾਬੀ ਕੋਈ ਨਵੀਂ ਜੁਗਤ ਲਾ ਲੈਣਗੇ।ਉਦਾਰਨ ਸਾਡੇ ਕੋਲ ਸ਼ਰਾਬ ਦੀ ਹੈ।ਬਹੁਤ ਸਾਰੇ ਲੋਕ ਦੇਸੀ ਸ਼ਰਾਬ ਦੀ ਪ੍ਰਸੰਸਾ ਕਰਦੇ ਨਹੀਂ ਥੱਕਦੇ ਔਲੇ,ਹਰਡ,ਬਹੇੜੇ ਜਿਹੀਆਂ ਜੜੀ ਬੂਟੀਆਂ ਪਾ ਕੇ ਤਿਆਰ ਕੀਤੀ ਸ਼ਰਾਬ ਨੂੰ ਚੰਗੀ ਸ਼ਰਾਬ ਦੀ ਪਰਿਭਾਸ਼ਾ ਚ ਲਿਆ ਦਿੱਤਾ।ਪਰ ਵੇਚਣ ਵਾਲੇ ਪੋਲੀਥੀਨ ਤੇ ਰਬੜ ਦੀਆਂ ਚੱਪਲਾਂ ਤੇ ਕਲੀ ਨਾਲ ਵੀ ਸ਼ਰਾਬ ਤਿਆਰ ਕਰ ਰਹੇ ਹਨ।ਨਸ਼ਾ ਭਾਂਵੇ ਸ਼ਰਾਬ,ਭੁੱਕੀ,ਭੰਗ ਜਾਂ ਕੋਈ ਹੋਰ ਹੋਵੇ ਮਾੜਾ ਹੀ ਹੁੰਦਾ।ਪਰ ਸਾਡੀ ਜੁਗਤ ਦੇਖੋ ਨਸ਼ੇ ਦੀ ਇੱਕ ਸ਼ਰੇਣੀ ਚੰਗਾ ਨਸ਼ਾ ਕਹਿਣ ਵਾਲਿਆਂ ਦੀ ਵੀ ਪੈਦਾ ਹੋ ਗਈ ਹੈ।ਚਿੱਟੇ ਵਾਲਾ ਚਿੱਟੇ ਨੂੰ ਅਫੀਮ ਦੀ ਮਾਂ ਕਹਿ ਕੇ ਵਡਿਆਉਂਦਾ ਹੈ,ਅਫੀਮ-ਭੁੱਕੀ ਖਾਣ ਵਾਲਾ ਇਹਨਾਂ ਨੂੰ ਮਾੜਾ ਨਹੀਂ ਕਹਿੰਦਾ ਸਗੋਂ ਫਾਇਦੇ ਗਿਣਾਉਣ ਲੱਗ ਜਾਂਦਾ ਹੈ।ਸ਼ਰਾਬ ਪੀਣ ਵਾਲਾ ਸ਼ਰਾਬ ਦੀ ਵਡਿਆਈ ਕਰਦਾ ਨਹੀਂ ਥੱਕਦਾ।ਅਸੀਂ ਤਾਂ ਗੀਤ-ਸੰਗੀਤ ਤੋਂ ਵੀ ਨਸ਼ੇ ਵਾਲੇ ਗੀਤਾਂ ਨਾਲ ਮਨੋਰੰਜਨ ਕਰਨ ਲੱਗ ਪਏ।ਜਦੋਂ ਨਸ਼ੇ ਦੀਆਂ ਸਿਫ਼ਤਾਂ ਹੋਣ ਲੱਗ ਪੈਣ ਤੇ ਨਸ਼ੇ ਨੂੰ ਸੱਭਿਆਚਾਰ ਵਿਚ ਸ਼ਾਮਲ ਕਰ ਲਿਆ ਜਾਵੇ ਤਾਂ ਫਿਰ ਨਤੀਜਾ ਓਹੀ ਹੋਣਾਂ ਹੁੰਦਾ ਜੋ ਅੱਜ ਅਸੀਂ ਭੁਗਤ ਰਹੇ ਹਾਂ।
ਸਤਪਾਲ ਸਿੰਘ ਦਿਓਲ