ਖਿਲਰੀਆਂ ਜਟਾਂ, ਗਲ ’ਚ ਰੁਦਰਾਖ਼ਸ ਦੀਆਂ ਮਾਲਾਵਾਂ, ਇੱਕ ਹੱਥ ਵਿੱਚ ਚਿੱਪੀ, ਦੂਜੇ ਹੱਥ ਵਿੰਗ ਤੜਿੰਗੀ ਖੂੰਡੀ ਲਈ ਬਾਬਾ ਪੀਲੂ ਗਿਰ ਸਾਹਮਣੇ ਆ ਖੜਦੈ। ਹੱਥ ਉੱਚਾ ਕਰਕੇ ਪੰਜਾ ਵਿਖਾਉਂਦਿਆਂ ਕਹਿੰਦਾ ਐ, ‘‘ਕੋਈ ਨਾ ਪੁੱਤਰੋ! ਘਬਰਾਓ ਨਾ। ਖੁਸ਼ ਰਹੋ ਸੁਖੀ ਰਹੋ। ਖੁਸ਼ੀ ਜੀਵਨ ਹੀ ਅਸਲ ਜੀਵਨ ਐ। ਚਿੰਤਾ ਮੁਕਤ ਹੋ ਕੇ ਸਮੇਂ ਦਾ ਲੁਤਫ਼ ਲਓ।’’
ਵੱਖਰੀ ਹੀ ਕਿਸਮ ਦਾ ਸਥਾਨ ਹੈ ਬੀੜ ਬÇਲੰਗ। ਪੈਰਾ ਗਲਾਈਡਿੰਗ ਦਾ ਇਹ ਵਿਸ਼ੇਸ਼ ਕੇਂਦਰ ਐ। ਅਸੀਂ ਅੱਤ ਦੀ ਗਰਮੀ ਤੋਂ ਕੁੱਝ ਦਿਨ ਰਾਹਤ ਲੈਣ ਲਈ ਹੀ ਇੱਥੇ ਪਹੁੰਚੇ ਸਾਂ। ਇੱਕ ਉੱਚੀ ਪਹਾੜੀ ਤੋਂ ਪੈਰਾ ਗਲਾਈਡਿੰਗ ਕਰਨ ਵਾਲੇ ਉਡਾਣ ਭਰਦੇ ਤੇ ਕਲਾਬਾਜੀਆਂ ਲਾਉਂਦੇ ਇਉਂ ਲਗਦੇ ਜਿਵੇਂ ਪੰਛੀ ਪੂਰੀ ਮਸਤੀ ਵਿੱਚ ਡੁੱਬੇ ਹੋਏ ਹੋਣ। ਕੁੱਝ ਸਮੇਂ ਬਾਅਦ ਉਹ ਪਹਾੜੀਆਂ ਦੇ ਵਿਚਕਾਰ ਬਣਾਈ ਇੱਕ ਪੱਧਰੀ ਹਰੇ ਘਾਹ ਨਾਲ ਸਿੰਗਾਰੀ ਥਾਂ ਤੇ ਆ ਉਤਰਦੇ। ਸਾਨੂੰ ਅਸਮਾਨ ਵਿੱਚ ਉੱਡਦੇ ਉਹ ਬਹੁਤ ਚੰਗੇ ਵੀ ਲਗਦੇ ਤੇ ਮਨ ਵਿੱਚ ਡਰ ਜਿਹਾ ਵੀ ਲਗਦਾ। ਪਹਾੜੀਆਂ ਤੇ ਘੁੰਮ ਫਿਰ ਕੇ, ਬਜ਼ਾਰਾਂ ਦਾ ਗੇੜਾ ਲਾ ਕੇ, ਅਸੀਂ ਸ਼ਾਮ ਤੱਕ ਕਿਰਾਏ ਤੇ ਲਏ ਹੋਟਲ ਦੇ ਕਮਰੇ ਵਿੱਚ ਪਹੁੰਚ ਜਾਂਦੇ ਤੇ ਵਿਸਕੀ ਦੇ ਪੈੱਗ ਲਾ ਕੇ ਸ਼ਾਮ ਸੁਹਾਣੀ ਕਰਦੇ। ਤੀਜੇ ਦਿਨ ਦੀ ਦੁਪਹਿਰ ਢਲ ਰਹੀ ਸੀ। ਅਸੀਂ ਹੋਟਲ ਦੀ ਛੱਤ ਤੇ ਬੈਠੇ ਅਸਮਾਨ ਵੱਲ ਉੱਡਦੇ ਲੋਕਾਂ ਦੇ ਮਨਮੋਹਕ ਦ੍ਰਿਸ ਦਾ ਆਨੰਦ ਮਾਣ ਰਹੇ ਸਾਂ।
‘‘ਰੋਜ ਰੋਜ ਕਮਰੇ ’ਚ ਬੈਠ ਕੇ ਪੈੱਗ ਲਾਉਣੇ ਵੀ ਸੁਆਦ ਵਾਲੀ ਗੱਲ ਨਹੀਂ ਐ। ਚੱਲੋ ਅੱਜ ਪਹਾੜੀ ਤੇ ਖੁਲ੍ਹੇ ਮੈਦਾਨ ਵਿੱਚ ਬੈਠ ਕੇ ਸ਼ਾਮ ਦਾ ਆਨੰਦ ਮਾਣਦੇ ਹਾਂ।’’ ਇੱਕ ਦੋਸ਼ਤ ਨੇ ਸੁਝਾਅ ਦਿੱਤਾ।
ਉਸ ਵੱਲੋਂ ਵਿਚਾਰ ਪੇਸ਼ ਕਰਨ ਦੀ ਹੀ ਦੇਰ ਸੀ, ਕਿ ਬਾਕੀ ਦੋਸਤਾਂ ਨੇ ਬਹੁਸੰਮਤੀ ਵਾਲੀ ਸਰਕਾਰ ਵਾਂਗ ਝੱਟ ਮਤਾ ਪਾਸ ਕਰ ਦਿੱਤਾ। ਸੂਰਜ ਪੱਛਮ ਦੀਆਂ ਪਹਾੜੀਆਂ ਦੇ ਨਜਦੀਕ ਪਹੁੰਚ ਚੁੱਕਾ ਸੀ। ਉਸਦੀ ਤਪਸ ਘਟ ਗਈ ਸੀ। ਰੰਗ ਦੀ ਚਮਕ ਘਟ ਕੇ ਲਾਲੀ ਫੜਣ ਲੱਗੀ ਸੀ। ਅਸੀਂ ਵਿਸਕੀ, ਖਾਰੇ, ਪਾਣੀ ਦੀਆਂ ਬੋਤਲਾਂ, ਨਮਕੀਨ ਤੇ ਹੋਰ ਨਿੱਕ ਸੁੱਕ ਗੱਡੀ ਵਿੱਚ ਰੱਖਿਆ ਤੇ ਪਹਾੜੀ ਦੀ ਉਚਾਈ ਵਾਲੀ ਸੜਕ ਤੇ ਪਾ ਲਈ। ਚਾਰ ਕੁ ਕਿਲੋਮੀਟਰ ਹੀ ਗਏ ਸੀ ਕਿ ਸੰਘਣੇ ਦਰਖਤਾਂ ਨੇ ਝੁਰਮਟ ਪਾਇਆ ਹੋਇਆ ਸੀ। ਧਰਤੀ ਘਾਹ ਨਾਲ ਹਰੀ ਹਰੀ ਵਿਖਾਈ ਦੇ ਰਹੀ ਸੀ। ਹਵਾ ਤੇਜ ਚੱਲਣ ਸਦਕਾ ਛਾਂ ਛਾਂ ਦੀ ਆਵਾਜ਼ ਆ ਰਹੀ ਸੀ। ਦਰਖਤ ਝੂਮਦੇ ਹੋਏ ਇਉਂ ਲਗਦੇ ਸਨ ਜਿਵੇਂ ਇੱਕ ਦੂਜੇ ਨੂੰ ਜੱਫੀ ਪਾਉਣ ਦੇ ਯਤਨ ਕਰ ਰਹੇ ਹੋਣ। ਚਾਰੇ ਪਾਸੇ ਸੁੰਨਸਾਨ ਸੀ। ਕੋਈ ਮਨੁੱਖੀ ਆਵਾਜ਼ ਨਹੀਂ ਸੀ ਆ ਰਹੀ। ਸਾਨੂੰ ਮੌਸਮ ਬੜਾ ਸੁਹਾਵਨਾ ਲੱਗਾ ਤੇ ਜਗਾਹ ਵੀ ਖੂਬਸੂਰਤ ਜਾਪੀ।
ਅਸੀਂ ਗੱਡੀ ਸੜਕ ਦੇ ਕਿਨਾਰੇ ਖੜੀ ਕਰ ਦਿੱਤੀ ਤੇ ਇੱਕ ਡੰਡੀ ਰਾਹੀਂ ਪਹਾੜੀ ਤੋਂ ਥੋੜਾ ਹੇਠਾਂ ਨੂੰ ਉੱਤਰੇ ਤਾਂ ਸਾਨੂੰ ਇੱਕ ਥੜਾ ਵਿਖਾਈ ਦਿੱਤਾ। ਇਉਂ ਲਗਦਾ ਸੀ ਜਿਵੇਂ ਪਾਣੀ ਵਾਲੀ ਟੈਂਕੀ ਤੇ ਸੀਮਿੰਟ ਬੱਜਰੀ ਨਾਲ ਛੱਤ ਪਾਈ ਹੋਵੇ। ਅਸੀਂ ਥੜੇ ਤੇ ਜਾ ਬੈਠੇ। ਬੋਤਲ ਕੱਢੀ, ਗਿਲਾਸ ਸਜਾਏ, ਵਿਸਕੀ ਗਿਲਾਸਾਂ ਵਿੱਚ ਪਾਈ ਤੇ ਥੋੜਾ ਸੋਡਾ ਤੇ ਥੋੜਾ ਪਾਣੀ ਪਾ ਕੇ ਪੈੱਗ ਤਿਆਰ ਕਰ ਲਏ। ਨਮਕੀਨ ਦੇ ਪੈਕਟ ਖੋਹਲ ਕੇ ਥੜੇ ਤੇ ਜਚਾ ਲਏ। ਮੁਕੰਮਲ ਤਿਆਰੀ ਹੋਈ ਤਾਂ ਇੱਕ ਕੁੱਤੇ ਦੇ ਭੌਂਕਣ ਦੀ ਆਵਾਜ਼ ਸੁਣਾਈ ਦਿੱਤੀ, ਜਿਸਤੋਂ ਅੰਦਾਜ਼ਾ ਹੋਇਆ ਕਿ ਨੇੜੇ ਕੋਈ ਪਿੰਡ ਹੋਵੇਗਾ। ਪਹਾੜੀ ਪਿੰਡ ਕੁੱਝ ਕੁ ਘਰਾਂ ਦੇ ਹੀ ਹੁੰਦੇ ਹਨ, ਇਸੇ ਕਰਕੇ ਬਹੁਤਾ ਰੌਲਾ ਰੱਪਾ ਨਹੀਂ ਹੁੰਦਾ।
ਚਲੋ ਬਈ ਚੁੱਕੋ! ਇੱਕ ਨੇ ਕਿਹਾ। ਸਾਰਿਆਂ ਨੇ ਗਿਲਾਸ ਚੁੱਕ ਲਏ, ਹੱਥ ਉੱਚੇ ਕਰਕੇ ਚੀਅਰਜ਼ ਕਿਹਾ ਤੇ ਬੁੱਲ੍ਹਾਂ ਨੂੰ ਛੁਹਾਏ। ਦੋ ਦੋ ਘੁੱਟਾਂ ਲੰਘਾਈਆਂ, ਨਮਕੀਨ ਨਾਲ ਸੁਆਦ ਬਦਲਿਆ। ਗਿਲਾਸ ਖਾਲੀ ਕੀਤੇ, ਗੱਲਬਾਤ ਸੁਰੂ ਕੀਤੀ। ਗੱਲਾਂ ਵਿੱਚ ਸਿਆਸਤ, ਮੁਹੱਬਤ, ਠਰਕ, ਸਾਹਿਤ, ਸੈਰ ਸਪਾਟਾ ਆਦਿ ਰਲਿਆ ਮਿਲਿਆ ਸੀ। ਦੋ ਦੋ ਹਾੜੇ ਲੱਗੇ ਤਾਂ ਸਰੂਰ ਜਿਹਾ ਹੋ ਗਿਆ। ਬੱਗੇ ਨੇ ਥੜੇ ਤੋਂ ਉੱਠਣ ਲਈ ਥੜੇ ਤੇ ਹੱਥ ਲਾ ਕੇ ਭਾਰ ਦਿੱਤਾ ਤਾਂ ਹੱਥ ਇੱਕ ਇੱਕ ਰੁਪਏ ਦੇ ਦੋ ਢਾਲਿਆਂ ਤੇ ਲੱਗੇ। ਉਹ ਖੁਸ਼ ਹੋਇਆ, ਆਹ ਕੀ ਦੋ ਰੁਪਏ ਲੱਭੇ ਨੇ, ਇਹ ਤਾਂ ਵਧੀਆ ਸਗਨ ਐ। ਸਾਰਿਆਂ ਚਾਰ ਚੁਫ਼ੇਰੇ ਨਿਗਾਹ ਮਾਰੀ ਹੋਰ ਕੁੱਝ ਵਿਖਾਈ ਨਾ ਦਿੱਤਾ।
ਬੱਗੇ ਨੇ ਮੋਬਾਇਲ ਦੀ ਲਾਈਟ ਚਲਾਈ ਤੇ ਥੜੇ ਦੇ ਚਾਰ ਚੁਫੇਰੇ ਨੂੰ ਵੇਖਿਆ। ਉਸਨੂੰ ਹੋਰ ਤਾਂ ਕੁੱਝ ਨਾ ਲੱਭਿਆ, ਪਰ ਥੜੇ ਦੇ ਇੱਕ ਪਾਸੇ ਹਿੰਦੀ ਦੇ ਕੁੱਝ ਸ਼ਬਦ ਲਿਖੇ ਦਿਸੇ। ਨੇੜੇ ਹੋ ਕੇ ਪੜ੍ਹਿਆ ਤਾਂ ਲਿਖਿਆ ਹੋਇਆ ਸੀ, ‘‘ਸੰਤ 108 ਬਾਬਾ ਪੀਲੂ ਗਿਰ ਜੀ ਸੰਨ 1985’’ ਜਿਸਤੋਂ ਸਪਸ਼ਟ ਹੋਇਆ ਕਿ ਨੇੜਲੇ ਪਿੰਡ ਵਾਲਿਆਂ ਵੱਲੋਂ ਕਿਸੇ ਦਰਵੇਸ਼ ਬਾਬੇ ਦੀ ਸਮਾਧ ਸਥਾਪਤ ਕੀਤੀ ਹੋਈ ਹੈ। ਹੁਣ ਵੀ ਜਦੋਂ ਇਹ ਘਟਨਾ ਯਾਦ ਆਉਂਦੀ ਹੈ ਤਾਂ ਬਾਬਾ ਪੀਲੂ ਗਿਰ ਸਾਹਮਣੇ ਆ ਹਾਜ਼ਰ ਹੁੰਦਾ ਹੈ ਤੇ ਹੱਥ ਖੜਾ ਕਰਕੇ ਪਰਵਚਨ ਕਰਨ ਲੱਗ ਜਾਂਦੈ, ਖੁਸ਼ ਰਹੋ, ਸੁਖੀ ਰਹੋ।’’
ਮੋਬਾ: 098882 75913