ਪਿੰਡ ਵਿਚ ਰਹਿੰਦਿਆ ਅਸੀਂ ਘਰੇ ਇੱਕ ਮੱਝ ਰੱਖੀ ਹੋਈ ਸੀ ਤਾਂਕਿ ਦੁੱਧ ਘਿਓ ਘਰ ਦਾ ਹੋਵੇ। ਮੇਰੀ ਮਾਂ ਹੀ ਮੱਝ ਦੀ ਸੇਵਾ ਸੰਭਾਲ ਕਰਿਆ ਕਰਦੀ ਸੀ। ਮੈ ਸਾਇਕਲ ਤੇ ਜਾਕੇ ਖੇਤੋਂ ਪੱਠੇ ਲਿਆਉਂਦਾ। ਕਦੇ ਕਦੇ ਕੰਮ ਵਾਲੀ ਬੀਬੀ ਮਸ਼ੀਨ ਤੇ ਪੱਠੇ ਕੁਤਰਨ ਵਿਚ ਸਾਡੀ ਸਹਾਇਤਾ ਕਰਦੀ। ਉਦੋਂ ਦੁੱਧ ਵੇਚਣ ਨੂੰ ਬੁਰਾ ਮੰਨਿਆ ਜਾਂਦਾ ਸੀ। ਮੇਰੀ ਮਾਂ ਦੁੱਧ ਕਾੜ੍ਹਕੇ ਜਮਾਉਂਦੀ ਤੇ ਸਵੇਰੇ ਸਵੇਰੇ ਰਿੜਕਦੀ। ਘਰੇ ਮੱਖਣ ਵਾਧੂ ਹੁੰਦਾ ਸੀ। ਹਰ ਮੱਸਿਆ ਤੇ ਓਹ ਥਿਆਈ ਰੱਖਦੀ। ਉਸ ਦਿਨ ਦਾ ਦੁੱਧ ਰਿੜਕਿਆ ਜਾ ਵੇਚਿਆ ਨਹੀ ਸੀ ਜਾਂਦਾ। ਕਾੜਨੀ ਵਾਲੇ ਜਰਾ ਰੱਤੇ ਰੰਗ ਦੇ ਦੁਧ ਨੂੰ ਪੀਣ ਦਾ ਮਜ਼ਾ ਵੱਖਰਾ ਹੀ ਹੁੰਦਾ ਸੀ। ਮਲਾਈ ਵੀ ਖਾਣ ਵਿਚ ਸਵਾਦ ਹੁੰਦੀ ਸੀ। ਰੋਟੀ ਨਾਲ ਲੱਸੀ ਆਮ ਹੁੰਦੀ ਸੀ। ਬਹੁਤ ਲੋਕ ਲੱਸੀ ਲੈਣ ਆਉਂਦੇ ਸਾਡੇ ਘਰ। ਵੈਸੇ ਪਿੰਡ ਵਿਚ ਦੋਧੀ ਵੀ ਆਉਂਦੇ ਸਨ ਸਾਇਕਲਾਂ ਤੇ। ਤੇ ਓਹ ਵੀ ਸਾਡੀ ਰਿਸ਼ਤੇਦਾਰੀ ਵਿਚੋਂ ਹੀ ਸਨ। ਅਸੀਂ ਦੁੱਧ ਨਾ ਵੇਚਦੇ। ਅਖੇ ਦੁੱਧ ਤੇ ਪੁੱਤ ਵੇਚਣ ਲਈ ਨਹੀ ਹੁੰਦੇ। ਕਈ ਘਰ ਮਜਬੂਰੀ ਵੱਸ ਦੁੱਧ ਦੋਧੀ ਦੀ ਢੋਲੀ ਪਾ ਦਿੰਦੇ। ਆਖਿਰ ਘਰ ਦੇ ਖਰਚੇ ਵੀ ਪੂਰੇ ਕਰਨੇ ਹੁੰਦੇ ਸਨ ਤੇ ਕਈਆਂ ਦੇ ਲਵੇਰੀਆਂ ਵੀ ਦੋ ਦੋ ਤਿੰਨ ਤਿੰਨ ਹੁੰਦੀਆਂ ਸਨ। ਓਹਨਾ ਦਿਨਾਂ ਵਿਚ ਮਿਲਕ ਪਲਾਂਟ ਵਾਲਿਆਂ ਨੇ ਦੁੱਧ ਇੱਕਠਾ ਕਰਨਾ ਕੁਲੈਕਸ਼ਨ ਸੈਂਟਰ ਸ਼ੁਰੂ ਕੀਤਾ। ਓਹ ਫ਼ੈਟ ਵੇਖਕੇ ਦੁੱਧ ਦਾ ਰੇਟ ਲਾਉਂਦੇ ਸਨ। ਹਰ ਘਰ ਚੋ ਆਏ ਦੁੱਧ ਨੂੰ ਅੱਲਗ 2 ਟਿਊਬਾਂ ਵਿਚ ਪਾਕੇ ਚੱਕਰੀ ਜਿਹੀ ਘਮਾਈ ਜਾਂਦੀ ਤੇ ਆਈ ਫ਼ੈਟ ਅਨੁਸਾਰ ਰੇਟ ਲਾਇਆ ਜਾਂਦਾ। ਇੱਕ ਦਿਨ ਜਦੋਂ ਮੇਰੀ ਮਾਂ ਨੇ ਮੱਝ ਚੋਈ ਤੇ ਮੈ ਨੱਕੋ ਨੱਕ ਭਰੀ ਬਾਲਟੀ ਚੋ ਉਪਰ ਵਾਲਾ ਗਾੜ੍ਹਾ ਦੁੱਧ ਗਿਲਾਸ ਵਿਚ ਪਾਕੇ ਲੈ ਗਿਆ ਤੇ ਉਸ ਨੂੰ ਫ਼ੈਟ ਕੱਢਣ ਲਈ ਆਖਿਆ। ਕੁਦਰਤੀ ਸੀ ਸਾਡੇ ਉਸ ਦੁੱਧ ਦੀ ਫ਼ੈਟ ਬਹੁਤ ਜਿਆਦਾ ਆਈ। ਤੇ ਸਾਰੇ ਹੈਰਾਨ ਹੋ ਗਏ। ਪਰ ਜਦੋਂ ਓਹਨਾ ਦੇ ਪੁੱਛਣ ਤੇ ਮੈ ਦੱਸਿਆ ਕਿ ਮੈ ਸਾਰਾ ਦੁਧ ਹਿਲਾਕੇ ਨਹੀ ਉਪਰ ਝੱਗਵਾਲਾ ਲਿਆਇਆ ਸੀ ਤਾਂ ਓਹਨਾ ਦੀ ਸ਼ੰਕਾ ਦੂਰ ਹੋਈ। ਤੇ ਓਹ ਮੇਰੇ ਤੇ ਗੁੱਸੇ ਵੀ ਹੋਏ।ਘਰੋਂ ਦੁੱਧ ਲੈਜਾਦੇ ਨੂੰ ਮੇਰੀ ਮਾਂ ਨੇ ਖੂਬ ਗਾਲਾਂ ਦਿੱਤੀਆਂ। “ਮਰ ਜਾਣਿਆ……. ਆ ਲੈਣ ਦੇ ਤੇਰੇ ਪਾਪੇ ਨੂੰ। ਤੇਰੇ ਹੱਡ ਗੋਡੇ ਨਾ ਤੁੜਵਾਏ ਤਾਂ ਮੈਨੂ ਆਖੀ। ਕੰਜਰਾਂ…… ਲੋਕੀ ਕੀ ਆਖਣਗੇ ਸੇਠ ਦੁੱਧ ਵੇਚਦੇ ਹਨ।” ਹੁਣ ਨਾ ਮੱਝ ਰਹੀ ਤੇ ਨਾ ਮਾਂ ਰਹੀ। ਜਿਸ ਦੀਆਂ ਗਾਲਾਂ ਵੀ ਦੇਸੀ ਘਿਓ ਵਰਗੀਆਂ ਸਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ