1984_85 ਚ ਜਦੋਂ ਮੇਰੇ ਰਿਸ਼ਤੇ ਦੀ ਗੱਲ ਚੱਲੀ ਤਾਂ ਮੇਰੇ ਸਹੁਰੇ ਪਿੰਡ ਚ ਰਹਿੰਦੇ ਹਨ ਵਾਲੀ ਗੱਲ ਬਾਹਰ ਆਈ। ਕਈਆਂ ਨੇ ਇਸ ਨੂੰ ਕਮੀ ਮੰਨਿਆ। ਅਸੀਂ 1975 ਚ #ਘੁਮਿਆਰਾ ਛੱਡਕੇ #ਮੰਡੀ_ਡੱਬਵਾਲੀ ਆ ਗਏ ਸੀ। ਪਰ ਓਹ 1985 ਤੱਕ ਮਹਿਮੇ ਸਰਕਾਰੀ ਹੀ ਬੈਠੇ ਸਨ। ਖੈਰ ਸੰਯੋਗ ਪ੍ਰਬਲ ਸਨ ਤੇ ਮੈਨੂੰ ਪਿੰਡ ਸ਼ਹਿਰ ਦਾ ਬਹੁਤਾ ਵਿਚਾਰ ਨਹੀਂ ਸੀ। ਕਿਉਂਕਿ ਮੈਂ ਦਸ ਸਾਲ ਸ਼ਹਿਰ ਚ ਰਹਿਕੇ ਵੀ ਸ਼ਹਿਰੀਆਂ ਨਹੀਂ ਸੀ ਬਣ ਸਕਿਆ।
ਸੱਚੀ ਗੱਲ ਤਾਂ ਇਹ ਹੈ ਕਿ ਮੈਂ ਅੱਜ ਵੀ ਪੈਂਡੂ ਹੀ ਹਾਂ।
ਭਾਵੇਂ ਉਸਦੇ ਪੇਕੇ ਮਹਿਮੇ ਤੋਂ ਗੋਨਿਆਣੇ ਤੇ ਫਿਰ ਬਠਿੰਡਾ ਹੁੰਦੇ ਹੋਏ ਚੰਡੀਗੜ੍ਹ ਪਹੁੰਚ ਗਏ ਪਰ ਉਸ ਅੰਦਰਲਾ ਪੈਂਡੂਪੁਣਾ ਕਦੇ ਨਹੀਂ ਮਰਿਆ। ਉਸਨੇ ਆਪਣੀ ਬੀਜੀ ਤੋਂ ਰਸੋਈ ਸੰਭਾਲਣ ਦੀ ਸ਼ੁਰੂਆਤ ਕੀਤੀ ਅਤੇ ਮੇਰੀ ਮਾਂ ਦੀ ਦੇਖਰੇਖ ਹੇਠ ਉਹ ਇੱਕ ਨਿਪੁੰਨ ਕੁੱਕ ਬਣ ਗਈ। ਹੁਣ ਉਸਦੇ ਹੱਥਾਂ ਦੀ ਬਣੀ ਦਾਲ ਸਬਜ਼ੀ ਬਹੁਤ ਸੁਵਾਦ ਹੁੰਦੀ ਹੈ। ਖਾਸਕਰ ਜਦੋਂ ਇਹ ਜੀਅ ਨਾਲ ਸਾਗ ਬਣਾਉਂਦੀ ਹੈ। ਤਾਂ ਖਾਣ ਵਾਲੇ ਨੂੰ ਰੱਜ ਨਹੀਂ ਆਉਂਦਾ। ਕਹਿੰਦੇ ਔਰਤ ਦੀ ਪਰਿਵਾਰਿਕ ਕਾਮਜਾਬੀ ਦਾ ਰਸਤਾ ਉਸਦੀ ਰਸੋਈ ਵਿੱਚ ਦੀ ਹੋਕੇ ਜਾਂਦਾ ਹੈ।
ਅੱਜ ਉਸ ਦੀਆਂ ਦੋ ਬਜ਼ੁਰਗ ਭੂਆ ਉਸਨੂੰ ਮਿਲਣ ਆਈਆਂ। ਤਿੰਨਾਂ ਨੇ ਖੂਬ ਦਿਲ ਹੋਲਾ ਕੀਤਾ ਤੇ ਗੱਲਾਂ ਦੇ ਵਾਹਵਾ ਗਲੋਟੇ ਲਾਹੇ। ਸਾਡੇ ਸਭਿਆਚਾਰ ਅਨੁਸਾਰ ਭੂਆ ਭਤੀਜੀ ਦੀ ਰਮਜ਼ ਮਿਲਦੀ ਹੀ ਹੁੰਦੀ ਹੈ। ਕਿਉਂਕਿ ਇਹਨਾਂ ਦਾ ਬਚਪਣ ਇੱਕੋ ਵੇਹੜੇ ਚ ਹੀ ਬੀਤਿਆ ਹੁੰਦਾ ਹੈ ਤੇ ਫਿਰ ਸਮੇਂ ਦੇ ਨਾਲ ਇਹ ਉਸ ਘਰ ਲਈ ਬਿਗਾਨੀਆਂ ਹੋ ਜਾਂਦੀਆਂ ਹਨ। ਮਾਪਿਆਂ ਦੀ ਅਣਹੋਂਦ ਵਿੱਚ ਭਰਜਾਈਆਂ ਦੇ ਤਰਸ ਦਾ ਪਾਤਰ ਬਣ ਜਾਂਦੀਆਂ ਹਨ।
ਅੱਜ ਆਪਣੀਆਂ ਦੋਨੋਂ ਭੂਆ ਦੀ ਆਮਦ ਤੇ ਉਸਨੇ ਸਰੋਂ ਦਾ ਸਾਗ ਅਤੇ ਮੱਕੀ ਤੇ ਬਾਜਰੇ ਦੀ ਰੋਟੀ ਬਣਾਈ। ਸੁਆਦ ਨੂੰ ਪੈਂਡੂ ਰੰਗਤ ਦੇਣ ਲਈ ਨਾਲ ਅਦਰਕ ਦੀ ਚੱਟਣੀ ਤੇ ਔਲੇ ਦਾ ਅਚਾਰ ਵੀ ਰੱਖਿਆ। ਪੈਂਡੂ ਹੋਣ ਕਰਕੇ ਉਸਨੂੰ ਇਹ ਵੀ ਪਤਾ ਸੀ ਕਿ ਬਾਜਰੇ ਦੀ ਰੋਟੀ ਨਾਲ ਸ਼ੱਕਰ ਘਿਓ ਦਾ ਹੋਣਾ ਵੀ ਜਰੂਰੀ ਹੁੰਦਾ ਹੈ। ਹੁਣ ਸ਼ਹਿਰੀ ਬੀਬੀਆਂ ਨੂੰ ਇਹਨਾਂ ਗੱਲਾਂ ਦਾ ਕੀ ਗਿਆਨ। ਵੱਡੀ ਗੱਲ ਤਾਂ ਇਹ ਕਿ ਸਾਡੇ ਘਰ ਵਿੱਚ ਹਮਕੋ ਤੁਮਕੋ ਤਾਂ ਜਵਾਂ ਵੀ ਨਹੀਂ ਹੁੰਦੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
mere pake ਮਹਿਮਾ ਸਵਾਈ ਤੇ ਸਹੁਰਾ ਘਰ ਫੁੱਲੋ ਮੰਡੀ Dabwali kol hai