ਪਹਿਲਾਂ ਅਸੀਂ ਕੋਈਂ ਲਵੇਰਾ ਨਹੀਂ ਸੀ ਰੱਖਿਆ। ਮੁੱਲ ਦਾ ਦੁੱਧ ਲੈਂਦੇ ਸੀ ਤੇ ਲੱਸੀ ਲਈ ਆਂਢੀਆਂ ਗੁਆਂਢੀਆਂ ਦੇ ਡੋਲੂ ਲੈਕੇ ਜਾਂਦੇ ਸੀ। ਤਕਰੀਬਨ ਸਾਰਿਆਂ ਕੋਲ ਇੱਕ ਯ ਦੋ ਲਵੇਰੀਆਂ ਹੁੰਦੀਆਂ ਸਨ। ਸਾਡੀ ਪਹਿਲ ਤਾਏ ਚਤਰੇ ਦਾ ਘਰ ਹੁੰਦਾ ਸੀ। ਤਾਈ ਸੁਰਜੀਤ ਕੌਰ ਵਾਹਵਾ ਸੁਚਿਆਰੀ ਸੀ। ਯ ਫਿਰ ਨਾਲ ਲੱਗਦੇ ਬਾਬੇ ਬਲਬੀਰ ਸਿੰਘ ਘਰੋਂ ਲੱਸੀ ਲਿਆਉਂਦੇ। ਇੱਧਰ ਚਾਚੀ ਜਸਕੁਰ ਘਰੇ ਵੀ ਲੱਸੀ ਵਧੀਆ ਹੁੰਦੀ ਸੀ। ਇਹ ਸਾਰੇ ਘਰ ਸਾਡੇ ਘਰ ਦੇ ਨੇੜੇ ਹੀ ਸਨ। ਕੁਦਰਤੀ ਜੇ ਲੱਸੀ ਇਥੋਂ ਨਾ ਮਿਲਦੀ ਤਾਂ ਅਸੀਂ ਮੇਰੇ ਦਾਦੇ ਦੇ ਘਰ ਨਾਲਦੇ ਬਾਬਾ ਬਖਤੌਰ ਸਿਹੋਂ ਦੇ ਘਰੋਂ ਲੱਸੀ ਲਿਆਉਂਦੇ। ਅੰਬੋ ਹਰਨਾਮ ਕੁਰ ਵੀ ਸਫਾਈ ਪਸੰਦ ਔਰਤ ਸੀ ਤੇ ਅੰਬੋ ਦੀ ਨੂੰਹ ਤਾਈ ਕੌੜੋ ਤਾਂ ਆਪਣੇ ਘਰ ਲਈ ਰੱਖੀ ਲੱਸੀ ਵਿਚੋਂ ਹੀ ਸਾਡਾ ਡੋਲੂ ਭਰ ਦਿੰਦੀ।ਸਾਡੇ ਘਰ ਤੋਂ ਥੋੜ੍ਹਾ ਦੂਰ ਜਾਕੇ ਬਾਬੇ ਭਾਗ ਸਿੰਘ ਕੇ ਚਾਚੇ ਰੰਗ ਸਿਹੋਂ ਦਾ ਘਰ ਸੀ। ਜਦੋਂ ਲੱਸੀ ਨਾ ਮਿਲਦੀ ਤਾਂ ਅਸੀਂ ਉਹਨਾਂ ਘਰੋਂ ਲੱਸੀ ਲਿਆਉਂਦੇ। ਚਾਚੇ ਰੰਗ ਸਿਹੋਂ ਦਾ ਮੁੰਡਾ ਦੋ ਕੁ ਸਾਲ ਦਾ ਸੀ ਤੇ ਉਸਦਾ ਰੰਗ ਬਹੁਤ ਗੋਰਾ ਸੀ। ਅਸੀਂ ਉਸ ਘਰ ਨੂੰ ਗੋਰੇ ਮੁੰਡੇ ਕੇ ਆਖਦੇ ਸੀ। ਉਹ ਵੀ ਬਹੁਤ ਮਾਣ ਦਿੰਦੇ। ਪਰ ਉਹਨਾਂ ਘਰੇ ਜਾਣ ਦੀ ਜਰੂਰਤ ਘੱਟ ਹੀ ਪੈਂਦੀ ਸੀ। ਤਾਈ ਸੁਰਜੀਤ ਕੁਰ, ਚਾਚੀ ਜਸਕੁਰ ਅਤੇ ਗੋਰੇ ਮੁੰਡੇ ਕੇ ਜਦੋਂ ਵੀ ਲੱਸੀ ਲਿਆਉਂਦੇ ਤਾਂ ਉਹ ਅਕਸਰ ਮੱਖਣ ਵੀ ਪਾ ਦਿੰਦੇ। ਭਲੇ ਜਮਾਨੇ ਸਨ ਤੇ ਆਪਸੀ ਪ੍ਰੇਮ ਪਿਆਰ ਵੀ ਸੀ। ਫਿਰ ਅਸੀਂ ਵੀ ਮੱਝ ਲ਼ੈ ਆਂਦੀ। ਜਿੰਨੀ ਦੇਰ ਮੱਝ ਦੁੱਧ ਦਿੰਦੀ ਦੁੱਧ ਦਹੀਂ ਮੱਖਣ ਲੱਸੀ ਦੀ ਮੌਜ ਬਣੀ ਰਹਿੰਦੀ। ਘਰੇ ਲਵੇਰਾ ਹੋਣ ਕਰਕੇ ਬਾਹਰ ਲੱਸੀ ਲਈ ਡੋਲੂ ਚੁੱਕ ਕੇ ਨਹੀਂ ਸੀ ਜਾਣਾ ਪੈਂਦਾ। ਅਸੀਂ ਸ਼ਹਿਰ ਆਕੇ ਵੀ ਮੱਝ ਰੱਖੀ ਹੋਈ ਸੀ। ਪਰ ਦੁੱਧ ਰਿੜਕਣ ਦਾ ਬਹੁਤਾ ਸਬੱਬ ਘੱਟ ਹੀ ਬਣਦਾ ਸੀ। ਲੱਸੀ ਲਿਆਉਣ ਦੀ ਲੋੜ ਪੈਂਦੀ ਹੀ ਰਹਿੰਦੀ ਸੀ। ਕਈ ਵਾਰੀ ਮੈਂ ਸਾਈਕਲ ਤੇ ਬਾਊ ਮੋਹਨ ਲਾਲ ਪੈਟਰੋਲ ਪੰਪ ਵਾਲ਼ੇ ਘਰੋਂ ਲੱਸੀ ਲੈਣ ਜਾਂਦਾ। ਅੰਟੀ ਬਹੁਤ ਚੰਗੀ ਔਰਤ ਸੀ। ਉਹਨਾਂ ਦੇ ਘਰੇ ਗਊਆਂ ਪਾਲੀਆਂ ਹੋਈਆਂ ਸਨ। ਗੋਕਾ ਲੱਸੀ ਬਹੁਤ ਸਵਾਦ ਹੁੰਦੀ ਹੈ। ਅੰਟੀ ਲੱਸੀ ਪੁਣ ਕੇ ਫਰਿੱਜ ਵਿੱਚ ਰੱਖਦੀ। ਉਹਨਾਂ ਦਿਨਾਂ ਵਿੱਚ ਸਾਡੇ ਫਰਿੱਜ ਨਹੀਂ ਸੀ ਹੁੰਦੀ। ਠੰਡੀ ਲੱਸੀ ਸਭ ਨੂੰ ਸਵਾਦ ਲੱਗਦੀ ਪਰ ਓਹ ਗੋਰੇ ਮੁੰਡੇ ਕੇ ਘਰੋਂ ਮਿਲੀ ਮੱਖਣ ਦੇ ਪੇੜੇ ਵਾਲੀ ਲੱਸੀ ਨਹੀਂ ਭੁੱਲਦੀ।
ਊਂ ਗੱਲ ਆ ਇੱਕ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ