ਕਾਲਜ ਦੇ ਦਿਨਾਂ ਵਿੱਚ ਸਾਨੂੰ ਪ੍ਰੋਫ਼ੇਸਰ ਕੇ ਬੀ ਸ਼ਰਮਾ ਮੈਥ ਪੜ੍ਹਾਉਂਦੇ ਹੁੰਦੇ ਸਨ। ਕਹਿੰਦੇ ਉਹ ਟ੍ਰਿਪਲ ਐਮ ਏ ਸਨ। ਸ਼ਾਇਦ ਮੈਥ ਇੰਗਲਿਸ਼ ਤੇ ਸਟੇਟੇਟਿਕਸ। ਪੜ੍ਹਾਈ ਨੂੰ ਹੀ ਸਮਰਪਿਤ ਸਨ। ਬਾਕੀ ਕਹਿੰਦੇ ਕੰਵਾਰੇ ਵੀ ਸਨ। ਉਹਨਾਂ ਦੀ ਉਸ ਸਮੇ ਦੀ ਉਮਰ ਅਨੁਸਾਰ ਕੰਵਾਰੇ ਕਹਿਣਾ ਵੀ ਗਲਤ ਲਗਦਾ ਹੈ। ਮਤਲਬ ਉਹ ਇੱਕਲੇ ਹੀ ਸਨ। ਜਦੋਂ ਕੱਦੇ ਅਸੀਂ ਬੰਕ ਮਾਰਨ ਦੀ ਕੋਸ਼ਿਸ਼ ਕਰਦੇ ਤਾਂ ਮੈਥ ਦੇ ਪੀਰੀਅਡ ਦਾ ਬੰਕ ਬਹੁਤ ਮੁਸ਼ਕਿਲ ਹੁੰਦਾ ਸੀ।ਸਬ ਤੋਂ ਸੌਖਾ ਬੰਕ ਪ੍ਰੋ ਡੀ ਕੇ ਮਿੱਤਲ ਦੀ ਕਲਾਸ ਦਾ ਹੁੰਦਾ ਸੀ। ਸਰ ਅੱਜ ਮੂਡ ਨਹੀਂ ਪੜ੍ਹਨ ਦਾ। ਸਾਡੇ ਝੋ ਕੋਈ ਪ੍ਰੋ ਮਿੱਤਲ ਨੂੰ ਕਹਿੰਦਾ। ਫਿਰ ਇੱਥੇ ਕਿਉਂ ਖੜ੍ਹੇ ਹੋ। ਜਾਓ ਕੰਟੀਨ ਵਾਲੇ ਪਾਸੇ ਜਾਓ। ਮੈਂ ਆਪ ਪੰਜ ਮਿੰਟ ਉਡੀਕ ਕੇ ਸਟਾਫ ਰੂਮ ਚਲਾ ਜਾਵਾਂਗਾ। ਜਦੋ ਇਹੀ ਗੱਲ ਪ੍ਰੋ ਸਹਿਦੇਵ ਜੀ ਨੂੰ ਕਹਿੰਦੇ। ਤਾਂ ਜਾਓ ਫਿਰ। ਮੈਂ ਕਿਆ ਆਪਕੋ ਅਸ਼ਟਾਮ ਪੇਪਰ ਪਰ ਲਿਖ ਕਰ ਦੂੰ ।ਤੇ ਪ੍ਰੋ Kailash Bhasin ਪੀਰੀਅਡ ਤਾਂ ਨਾ ਛੱਡਦੇ। ਕਹਿੰਦੇ ਆ ਜਾਓ ਯਾਰ ਕੁਝ ਗਿਆਨ ਕੀ ਬਾਤ ਕਰੇਂਗੇ। ਚਲੋ ਪੜ੍ਹੇਗੇ ਨਹੀਂ। ਫਿਰ ਉਹ ਪੂਰਾ ਪੀਰੀਅਡ ਹਿੰਦੂਤਵ ਮਹਾਂਭਾਰਤ ਹੀ ਸੁਣਾਉਂਦੇ। ਪ੍ਰੋ Atma Ram Arora ਵੀ ਸਾਨੂੰ ਵਲਚਾ ਕੇ ਕਲਾਸ ਵਿੱਚ ਲੈ ਜਾਂਦੇ। ਚਾਰ ਕ਼ੁ ਇਧਰ ਉਧਰ ਦੀਆਂ ਗੱਲਾਂ ਮਾਰ ਕੇ ਫਿਰ ਅੰਗਰੇਜ਼ੀ ਸ਼ੁਰੂ ਕਰ ਹੀ ਲੈਂਦੇ। ਪਰ ਪ੍ਰੋ ਕੇ ਬੀ ਸ਼ਰਮਾ ਦੀ ਕਲਾਸ ਦਾ ਬੰਕ ਮਾਰਨਾ ਬਹੁਤ ਟੇਡੀ ਖੀਰ ਹੁੰਦਾ ਸੀ। ਉਹ ਸਾਡੇ ਮਗਰੇ ਹੀ ਕੰਟੀਨ ਤੱਕ ਪਹੁੰਚ ਜਾਂਦੇ। ਆਜੋ ਯਾਰ ਬਸ ਇੱਕ ਫਾਰਮੂਲਾ ਹੀ ਕਰਾਂਗੇ। ਬਸ ਸਿਰਫ ਦਸ ਪੰਦਰਾਂ ਮਿੰਟ ਹੀ ਪੜਾਂਗੇ। ਲਾਰੇ ਲੱਪੇ ਲਗਾਕੇ ਕਲਾਸ ਅੰਦਰ ਲੈ ਜਾਂਦੇ ਫਿਰ ਘੰਟੀ ਹੋਣ ਤੱਕ ਕੁਸਕਣ ਵੀ ਨਾ ਦਿੰਦੇ। ਇੱਕ ਪੀਰੀਅਡ ਦਾ ਨਹੀਂ ਪੂਰੇ ਦਿਨ ਦਾ ਕਬਾੜਾ ਕਰ ਦਿੰਦੇ।
ਬਾਦ ਵਿਚ ਕੇ ਬੀ ਸ਼ਰਮਾ ਪ੍ਰਿੰਸੀਪਲ ਬਣ ਗਏ। ਓਹਨਾ ਦਾ ਪੂਰਾ ਨਾਮ ਕ੍ਰਿਸ਼ਨ ਬਲਦੇਵ ਸ਼ਰਮਾ ਸੀ। ਵੈਸੇ ਮੇਰਾ ਮੈਥ ਵਿਚ ਹੱਥ ਜ਼ਰਾ ਤੰਗ ਸੀ। ਕੁੱਝ ਕ਼ੁ ਮਹੀਨੇ ਮੈਂ ਉਹਨਾਂ ਕੋਲੋ ਟਿਊਸ਼ਨ ਵੀ ਪੜ੍ਹੀ। ਉਹ ਸਮੇ ਦੇ ਬਹੁਤ ਪਾਬੰਦ ਸਨ। 45 ਮਿੰਟ ਬਾਅਦ ਉਹ ਕਲਮ ਛੱਡ ਦਿੰਦੇ ਸਨ।
ਪਰ ਉਹਨਾਂ ਦੀ ਆਪਣੇ ਵਿਸ਼ੇ ਤੇ ਪੂਰੀ ਪਕੜ ਸੀ।