ਖੋਰੇ ਵੱਡੀਆਂ ਵੋਟਾਂ ਸੀ ਖੋਰੇ ਛੋਟੀਆਂ ਮਤਲਵ ਵਿਧਾਨ ਸਭਾ ਯਾ ਲੋਕ ਸਭਾ ਦੀਆਂ। ਇੱਕ ਪਾਸੇ ਕਾਮਰੇਡ ਦਾਨਾ ਰਾਮ ਜੀ ਖੜੇ ਹੋਏ ਸਨ ਦੂਜੇ ਪਾਸੇ ਦਾ ਮੈਨੂੰ ਯਾਦ ਨਹੀ। ਇੱਕ ਦਾ ਚੋਣ ਨਿਸ਼ਾਨ ਦਾਤੀ ਸਿੱਟਾ ਸੀ ਤੇ ਦੂਜੀ ਦਾ ਗਾਂ ਤੇ ਬੱਛਾ ਸੀ ਹੋਰ ਮੇਰੇ ਯਾਦ ਨਹੀ। ਵਾਹਵਾ ਉਮੀਦਵਾਰ ਹੁੰਦੇ ਸਨ। ਉਮੀਦਵਾਰ ਆਪ ਖ਼ੁਦ ਜੀਪ ਚ ਬੈਠ ਕੇ ਪਿੰਡਾਂ ਵਿਚ ਆਪਣਾ ਚੋਣ ਪ੍ਰਚਾਰ ਕਰਦੇ। ਜੀਪ ਤੇ ਲੱਗੇ ਸਪੀਕਰ ਤੇ ਬਹੁਤਾ ਆਪ ਹੀ ਬੋਲਦੇ। ਬਹੁਤਾ ਸ਼ੋਰ ਸ਼ਰਾਬਾ ਨਹੀ ਸੀ ਹੁੰਦਾ। ਸਮਰਥਕ ਆਪਣੀ ਆਪਣੀ ਪਾਰਟੀ ਦੇ ਝੰਡੇ ਘਰਾਂ ਤੇ ਲਾ ਲੈਂਦੇ ਸਨ। ਪੁਲਸ ਸਿਕੀਓਰਿਟੀ ਤਾਂ ਨਾ ਮਾਤਰ ਹੀ ਹੁੰਦੀ ਸੀ। ਅਸੀਂ ਝੰਡੀਆਂ ਤੇ ਬਿੱਲਿਆਂ ਪਿਛੇ ਸਾਰਾ ਸਾਰਾ ਦਿਨ ਉਹਨਾਂ ਦੇ ਮਗਰ ਘੁੰਮਦੇ ਰਹਿੰਦੇ। ਬਿੱਲੇ ਇੱਕਠੇ ਕਰਕੇ ਬੇਲੀਆਂ ਨੂੰ ਦਿਖਾਉਂਦੇ। ਘਰਦਿਆਂ ਨੂੰ ਵੀ ਬਿੱਲਿਆਂ ਦੀ ਫਰਮਾਇਸ਼ ਪਾਉਂਦੇ ਤੇ ਓਹ ਵੀ ਮੰਗ ਕੇ ਲਿਆ ਦਿੰਦੇ। ਵੋਟਾਂ ਵਾਲੇ ਦਿਨ ਕਾਮਰੇਡ ਦਾਨਾ ਰਾਮ ਜੀ ਦੇ ਇੱਕ ਸਮਰਥਕ ਦੇ ਕਿਸੇ ਧਾਤੂ ਦਾ ਬਣਿਆ ਬਿੱਲਾ ਉਸਦੀ ਕਮੀਜ਼ ਤੇ ਲੱਗਿਆ ਹੋਇਆ ਸੀ। ਮੈ ਉਸਤੋ ਬਿੱਲਾ ਮੰਗ ਲਿਆ ਤੇ ਉਸਨੇ ਵੀ ਫੇਰ ਦੇਵਾਂਗਾ ਆਖ ਕੇ ਮੈਨੂ ਮਿੱਠਾ ਲਾਰਾ ਲਾ ਦਿੱਤਾ। ਬਸ ਫਿਰ ਕੀ ਸੀ ਉਸਦੇ ਲਾਰੇ ਨੂੰ ਮੈ ਸੱਚ ਸਮਝ ਲਿਆ ਤੇ ਉਸੇ ਕੁੱਤੇ ਝਾਕ ਚ ਬਾਰਾਂ ਵਜੇ ਤਕ ਮੈ ਉਸ ਦਾ ਕਹਿਣਾ ਮੰਨਦਾ ਰਿਹਾ। ਇੱਕ ਵਾਰੀ ਪਿੰਡ ਦੀ ਹੱਟੀ ਤੋ ਕਮਾਂਡਰ ਦੀ ਸਿਗਰੇਟ ਦੀ ਡਿੱਬੀ ਵੀ ਲਿਆ ਕੇ ਦਿੱਤੀ। ਤੇ ਇੱਕ ਵਾਰੀ ਉਸਦਾ ਕੋਈ ਹੋਰ ਕੰਮ ਵੀ ਕੀਤਾ। ਪਰ ਦੁਪਹਿਰ ਤੋ ਬਾਅਦ ਮੈਨੂ ਥੋੜੀ ਜਿਹੀ ਅਕਲ ਆ ਗਈ ਤੇ ਮੈ ਸਮਝ ਗਿਆ ਤੇ ਇਹ ਕੰਜਰ ਤਾਂ ਮੈਨੂ ਲਾਰੇ ਲਾ ਰਿਹਾ ਹੈ ਤੇ ਮੈ ਬੁਧੂ ਬਣ ਰਿਹਾਂ ਹਾਂ। ਤੇ ਮੈਨੂ ਭੁੱਖ ਵੀ ਲੱਗੀ ਹੋਈ ਸੀ ਸੋ ਮੈ ਉਸਨੁ ਗਾਲ ਕੱਢ ਕੇ ਘਰ ਦੋੜ ਗਿਆ। ਤੇ ਘਰੇ ਜਾ ਕੇ ਫੈਸਲਾ ਸੁਣਾ ਦਿੱਤਾ ਕਿ ਕਿਸੇ ਨੇ ਦਾਤੀ ਸਿੱਟੇ ਨੂੰ ਵੋਟ ਨਹੀ ਪਾਉਣੀ। ਪਤਾ ਨਹੀ ਕਿਸੇ ਨੇ ਮੇਰਾ ਕਹਿਣਾ ਮੰਨਿਆ ਜਾ ਨਹੀ। ਪਰ ਸਾਰਿਆਂ ਨੇ ਚੰਗਾ ਕਿਹ ਦਿੱਤਾ। ਅਸੀਂ ਸਿਆਣੇ ਹੋ ਗਏ ਪਰ ਇਹ ਲੀਡਰ ਅਜੇ ਵੀ ਉਸੇ ਤਰਾਂ ਲਾਰੇ ਹੀ ਲਾਉਂਦੇ ਹਨ।
ਜ਼ਮਾਨਾ ਬਦਲ ਗਿਆ ਇਹ ਲੀਡਰ ਨਹੀਂ ਬਦਲੇ।
#ਰਮੇਸ਼ਸੇਠੀਬਾਦਲ