ਦਸਾਂ ਕੂ ਸਾਲਾਂ ਦਾ ਉਹ ਜਵਾਕ ਮੇਰੀ ਅਕੈਡਮੀਂ ਵਿਚ ਸਭ ਤੋਂ ਵਧੀਆ ਭੰਗੜਾ ਪਾਇਆ ਕਰਦਾ..!
ਜਿਹੜਾ ਸਟੈੱਪ ਵੀ ਸਿਖਾਉਂਦਾ..ਝੱਟ ਸਿੱਖ ਜਾਂਦਾ..ਮਾਂ ਛੱਡਣ ਆਇਆ ਕਰਦੀ..ਪੰਘੂੜੇ ਵਿਚ ਪਈ ਨਿੱਕੀ ਭੈਣ ਚੁੱਪ ਚਾਪ ਉਸ ਵੱਲ ਵੇਖਦੀ ਰਹਿੰਦੀ..!
ਇੱਕ ਦਿਨ ਦੱਸਣ ਲੱਗਾ ਕੇ ਅਗਲੇ ਹਫਤੇ ਮੇਰੇ ਡੈਡ ਨੇ ਮੇਰਾ ਭੰਗੜਾ ਵੇਖਣ ਆਉਣਾ..ਉਸ ਦਿਨ ਮੈਂ ਪਹਿਲਾਂ ਕੱਲਾ ਹੀ ਭੰਗੜਾ ਪਾਊਂ ਫੇਰ ਸਾਰੇ ਗਰੁੱਪ ਨਾਲ!
ਮਨਪਸੰਦ ਗੀਤਾਂ ਦੀ ਲਿਸਟ ਵੀ ਫੜਾ ਦਿੱਤੀ..!
ਨਾਲਦਿਆਂ ਨੂੰ ਵੀ ਰੋਜ ਬੜੇ ਚਾਅ ਨਾਲ ਆਖਿਆ ਕਰੇ ਕੇ ਫਲਾਣੇ ਦਿਨ ਵਧੀਆ ਭੰਗੜਾ ਪਾਇਓ..ਥੱਕਿਓ ਬਿਲਕੁਲ ਵੀ ਨਾ!
ਮਿੱਥੇ ਦਿਨ ਪੂਰੇ ਜੋਸ਼ ਨਾਲ ਸ਼ੁਰੂਆਤ ਕੀਤੀ!
ਪਰ ਪਾਸੇ ਬੈਠੇ ਬਾਪ ਦੇ ਹੱਥ ਵਿਚ ਫੜਿਆ ਸੈੱਲ ਫੋਨ..ਚੱਲਦੇ ਭੰਗੜੇ ਵਿਚ ਕਦੀ ਬਾਹਰ ਚਲਾ ਜਾਇਆ ਕਰੇ..ਕਦੇ ਫੋਨ ਤੇ ਵੱਜਦੀਆਂ ਉਂਗਲਾਂ ਨਾਲ ਏਨੀ ਗੱਲ ਭੁੱਲ ਜਾਇਆ ਕਰਦਾ ਕੇ ਉਹ ਇਥੇ ਆਇਆ ਕਿਸਨੂੰ ਵੇਖਣ ਹੈ..!
ਅਜੇ ਆਈਟਮ ਪੂਰੀ ਵੀ ਨਹੀਂ ਸੀ ਹੋਈ ਕੇ ਮੇਰੇ ਕੋਲ ਆਇਆ..ਆਖਣ ਲੱਗਾ ਇਸਦੀ ਮਾਂ ਨੂੰ ਭੇਜਦਾ ਹਾਂ..ਮੈਨੂੰ ਕੋਈ ਜਰੂਰੀ ਕੰਮ ਆਣ ਪਿਆ ਏ..!
ਡੈਡ ਨੂੰ ਇੰਝ ਬਾਹਰ ਜਾਂਦੇ ਨੂੰ ਵੇਖ ਉਹ ਚੱਲਦੇ ਭੰਗੜੇ ਵਿਚੋਂ ਹੀ ਬਾਹਰ ਆ ਗਿਆ..ਅਤੇ ਫੇਰ ਮੇਰੇ ਕੋਲ ਹੀ ਗੋਡਿਆਂ ਵਿਚ ਸਿਰ ਦੇ ਕੇ ਬੈਠ ਗਿਆ..ਮੈਨੂੰ ਪਤਾ ਲੱਗ ਗਿਆ ਪਰ ਫੇਰ ਵੀ ਸਿਰ ਤੇ ਹੱਥ ਫੇਰ ਪੁੱਛ ਲਿਆ ਕੇ ਕੀ ਗੱਲ ਹੋਈ..ਪਰ ਸਿਵਾਏ ਗਿੱਲੀਆਂ ਅੱਖੀਆਂ ਦੇ ਮੈਨੂੰ ਹੋਰ ਕੁਝ ਵੀ ਨਾ ਦਿਸਿਆ!
ਮੁੜ ਕਿੰਨੇ ਦਿਨ ਪ੍ਰੈਕਟਿਸ ਤੇ ਨਾ ਆਇਆ..ਮਾਂ ਦੱਸਣ ਲੱਗੀ ਕੇ ਆਖਦਾ ਮੇਰਾ ਭੰਗੜਾ ਪਾਉਣ ਨੂੰ ਜੀ ਨਹੀਂ ਕਰਦਾ..!
ਅੱਕੇ ਹੋਏ ਨੇ ਇੱਕ ਦਿਨ ਉਸਦੇ ਬਾਪ ਨੂੰ ਫੋਨ ਲਾ ਲਿਆ..!
ਪੰਜ ਛੇ ਵਾਰ ਮਗਰੋਂ ਅਖੀਰ ਫੋਨ ਚੁੱਕ ਹੀ ਲਿਆ..ਇਸ ਬਾਰੇ ਗੱਲ ਕੀਤੀ ਤਾਂ ਉਲਟਾ ਮੈਨੂੰ ਹੀ ਆਖਣ ਲੱਗਾ ਕੇ ਏਡੀ ਵੀ ਕਿਹੜੀ ਵੱਡੀ ਗੱਲ ਹੋ ਗਈ..ਕਾਰੋਬਾਰਾਂ ਵਿਚ ਥੋੜੀ ਬਹੁਤ ਉੱਨੀ ਇੱਕੀ ਤੇ ਹੋ ਹੀ ਜਾਇਆ ਕਰਦੀ..ਸਮਝਾ-ਬੁਝਾ ਕੇ ਉਸਨੂੰ ਮਨਾ ਲਵੋ..ਬੇਸ਼ੱਕ ਫੀਸ ਵੱਜੋਂ ਸੌ ਦੋ ਸੌ ਵੱਧ ਵੀ ਲੈ ਲੈਣਾ!
ਉਸ ਦਿਨ ਪਹਿਲੀ ਵੇਰ ਆਪੇ ਤੋਂ ਬਾਹਰ ਹੁੰਦੇ ਨੇ ਸਾਫ ਸਾਫ ਆਖ ਦਿੱਤਾ ਕੇ ਅੱਜ ਤੂੰ ਬੇਸ਼ੱਕ “ਬਾਪ ਦੇ ਪਿਆਰ” ਵਾਲੇ ਢੱਠੇ ਹੋਏ ਇੱਕ ਕੀਮਤੀ ਮੁਜੱਸਮੇਂ ਨੂੰ ਦੋਬਾਰਾ ਉਸਾਰਨ ਲਈ ਮੈਨੂੰ ਕੁਝ ਕੂ ਡਾਲਰ ਪੇਸ਼ਕਸ਼ ਵੱਜੋਂ ਜਰੂਰ ਆਖ ਦਿੱਤੇ ਪਰ ਉਹ ਦਿਨ ਦੂਰ ਨਹੀਂ ਜਦੋਂ ਤੇਰੇ ਕੋਲ ਪੈਸੇ ਅਤੇ ਕਾਰੋਬਾਰ ਦੇ ਢੇਰਾਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੋਵੇਗਾ ਅਤੇ ਔਲਾਦ ਨੂੰ ਮਾਰੀ ਅਵਾਜ ਜਦੋਂ ਤੇਰੇ ਵੱਡੇ ਘਰ ਦੀਆਂ ਕੰਧਾਂ ਨਾਲ ਵੱਜ ਮੁੜ ਤੇਰੇ ਆਪਣੇ ਕੰਨਾਂ ਅੰਦਰ ਦਾਖਿਲ ਹੋਊ ਤਾਂ ਤੂੰ ਠੀਕ ਇੰਝ ਹੀ ਤੜਪ ਉਠੇਂਗਾ ਜਿਦਾਂ ਅੱਜ ਤੇਰਾ ਪੁੱਤਰ ਤੜਫਿਆ..!
ਅੱਗਿਓਂ ਕੋਈ ਜੁਆਬ ਨਾ ਦਿੱਤਾ..ਸ਼ਾਇਦ ਪਹਿਲੀ ਵੇਰ ਭਵਿੱਖ ਦੀ ਕਿਸੇ ਭਿਆਨਕ ਹਕੀਕਤ ਨਾਲ ਰੂਬਰੂ ਜੋ ਹੋ ਗਿਆ ਸੀ!
ਹਰਪ੍ਰੀਤ ਸਿੰਘ ਜਵੰਦਾ