ਮਾਂ ਅਕਸਰ ਨਸੀਹਤਾਂ ਕਰਦੀ..ਕਿਸੇ ਮੁੱਕ ਗਏ ਦੀ ਕੋਈ ਚੀਜ ਕਦੇ ਘਰੇ ਨਹੀਂ ਰੱਖੀਦੀ..ਉਹ ਪਰਤ ਕੇ ਲੈਣ ਜਰੂਰ ਆਉਂਦਾ!
ਉਸਨੂੰ ਗੋਡਿਆਂ ਦੀ ਤਕਲੀਫ ਸੀ..ਅਮ੍ਰਿਤਸਰ ਅਮਨਦੀਪ ਹਸਪਤਾਲੋਂ ਨਵੇਂ ਪਵਾਏ..ਬੜੀ ਖੁਸ਼..ਰੋਜ ਸੈਰ ਕਰਨ ਜਾਇਆ ਕਰੇ..ਆਉਂਦੇ ਜਾਂਦੇ ਨੂੰ ਚਾਅ ਨਾਲ ਦੱਸਿਆ ਕਰਦੀ..ਪੁੱਤ ਨੇ ਪੈਸੇ ਘੱਲੇ..ਫੇਰ ਨਵੇਂ ਪਵਾਏ..!
ਭਾਪਾ ਜੀ ਮਗਰੋਂ ਕੱਲੀ ਰਹਿ ਗਈ..ਇਥੇ ਕੋਲ ਆ ਗਈ..ਫੇਰ ਬਿਮਾਰ ਰਹਿਣ ਲੱਗੀ..ਚੈਕ-ਅੱਪ ਲਈ ਵਾਪਿਸ ਜਾਣਾ ਪਿਆ..ਜਾਂਦੀ ਹੋਈ ਆਪਣਾ ਸਾਰਾ ਕੁਝ ਇੱਕ ਬੈਗ ਵਿੱਚ ਪਾ ਗਈ..ਅਖ਼ੇ ਵਾਪਿਸ ਪਰਤਾਂਗੀ ਤਾਂ ਵਰਤ ਲਵਾਂਗੀ..ਪਰ ਜਿਆਦਾ ਹੀ ਢਿੱਲੀ ਹੋ ਗਈ..ਫੇਰ ਇੱਕ ਦਿਨ ਮੁੱਕ ਗਈ..ਮੈਥੋਂ ਕਰੋਨਾ ਕਰਕੇ ਜਾਇਆ ਨਾ ਗਿਆ..!
ਅਕਸਰ ਸੋਚਦਾ ਹੁੰਦਾ ਕੇ ਜਦੋਂ ਕਦੇ ਐਸੀ ਘੜੀ ਆਈ ਤਾਂ ਉਸਦੇ ਬਣਾਉਟੀ ਗੋਡੇ ਜਰੂਰ ਵੇਖਣੇ ਪਰ ਨਾ ਵੇਖ ਸਕਿਆ..!
ਕੱਲ ਉਸਦੇ ਕਮਰੇ ਵਿੱਚ ਸੁੱਤਾ..ਅੱਧੀ ਰਾਤ ਬਿੜਕ ਹੋਈ..ਉਹ ਸੀ..ਅਖ਼ੇ ਕੁਝ ਲੈਣ ਨਹੀਂ ਸਗੋਂ ਪਤਾ ਕਰਨ ਆਈ ਹਾਂ ਕੇ ਮੇਰਾ ਬੈਗ ਰਖਿਆ ਈ ਕੇ ਦੇ ਦਿੱਤਾ ਕਿਸੇ ਨੂੰ..ਅੱਗੋਂ ਆਖਿਆ ਇਥੇ ਹੀ ਹੈ ਅਹੁ ਪਿਆ ਅਲਮਾਰੀ ਵਿੱਚ..!
ਅੱਗੋਂ ਆਖਣ ਲੱਗੀ ਦੇਵੀਂ ਨਾ ਇਸੇ ਬਹਾਨੇ ਆਉਂਦੀ ਜਾਂਦੀ ਰਹਾਂਗੀ..ਨਾਲੇ ਮਾਵਾਂ ਕੁਝ ਲੈਣ ਨਹੀਂ ਸਗੋਂ ਕੁਝ ਦੇਣ ਹੀ ਆਉਂਦੀਆਂ..!
ਮੁੜਕੇ ਜਾਗ ਖੁੱਲ ਗਈ..ਓਸੇ ਵੇਲੇ ਉਸਦਾ ਬੈਗ ਫਰੋਲਿਆ..ਕਿੰਨੇ ਸਾਰੇ ਰੁਮਾਲ ਤਹਿ ਲਾ ਕੇ ਰੱਖੇ ਸਨ..ਉਂਝ ਦੇ ਉਂਝ..ਪਰ ਇੱਕ ਬੇਤਰਤੀਬ ਜਿਹਾ..ਤਾਜਾ ਤਾਜਾ ਗਿੱਲਾ ਹੋਇਆ..ਲੱਗਦਾ ਹੁਣੇ ਹੁਣੇ ਗਿੱਲੀਆਂ ਅੱਖਾਂ ਪੂੰਝ ਉਂਝ ਹੀ ਵਾਪਿਸ ਰੱਖ ਗਈ ਸੀ..!
ਹਰਪ੍ਰੀਤ ਸਿੰਘ ਜਵੰਦਾ