#ਇੱਕ_ਦੋਸਤੀ_ਦਾ_ਕਿੱਸਾ
(ਭਾਗ1)
ਇਹ ਸ਼ਾਇਦ ਜਲਾਈ/ ਅਗਸਤ 1980 ਦੀ ਗੱਲ ਹੈ। ਸਵੇਰੇ ਸਵੇਰੇ ਇੱਕ ਅਣਦਾਹੜੀਆ, ਅੱਲ੍ਹੜ ਜਿਹਾ ਮੁੰਡਾ ਪਾਪਾ ਜੀ ਕੋਈਂ ਕੰਮ ਆਇਆ। ਪੁੱਛਣ ਤੇ ਪਤਾ ਲੱਗਿਆ ਕਿ ਉਹਨਾਂ ਨੇ ਖਾਲ ਲਈ ਕੁਝ ਜਮੀਨ ਮੁੱਲ ਲਈ ਸੀ ਜਿਸਦੇ ਇੰਤਕਾਲ ਬਾਰੇ ਪਿੱਛਲੇ ਪਟਵਾਰੀਆਂ ਨੇ ਬਹੁਤ ਖਰਾਬ ਕੀਤਾ ਸੀ। ਬਹੁਤ ਲਾਰੇ ਲਾਏ, ਪੈਸੇ ਵੀ ਲਏ ਪਰ ਕੰਮ ਵੀ ਨਾ ਕੀਤਾ। ਪਾਪਾ ਜੀ ਨੇ ਇਹ ਕੰਮ ਪਹਿਲੇ ਹੱਲੇ ਹੀ ਕਰ ਦਿੱਤਾ। ਉਹ ਉਸ ਇੰਤਕਾਲ ਦੀ ਨਕਲ ਲੈਣ ਆਇਆ ਸੀ। ਗੱਲਾਂ ਵਿੱਚ ਇਹ ਵੀ ਪਤਾ ਚੱਲਿਆ ਕਿ ਉਹ ਬੀ ਕਾਮ ਦੂਜੇ ਸਾਲ ਦਾ ਵਿਦਿਆਰਥੀ ਹੈ। ਤੇ ਮੈਂ ਵੀ ਉਸੇ ਸਾਲ ਸਰਸਾ ਤੋਂ ਬੀ ਕਾਮ ਪਾਰਟ ਵੰਨ ਕਰਕੇ ਇੱਥੇ ਆਇਆ ਸੀ। ਅਸੀਂ ਦੋਨੇ ਹੀ ਗੁਰੂ ਨਾਨਕ ਕਾਲਜ ਦੇ ਸਹਿਪਾਠੀ ਨਿਕਲੇ। ਉਸਦਾ ਨਾਮ Sham Chugh ਸੀ ਤੇ ਉਹਨਾਂ ਦਾ ਘਰ ਮੀਨਾ ਬਜ਼ਾਰ ਵਿੱਚ ਸੀ। ਉਸਨੇ ਇਹ ਵੀ ਦੱਸਿਆ ਕਿ ਓਹਨਾ ਦੀ ਪਿੰਡ ਖੂਈਆਂ ਮਲਕਾਣਾ ਅਤੇ ਦੀਵਾਨ ਖੇੜੇ ਜਮੀਨ ਹੈ ਜੋ ਉਹਨਾਂ ਨੂੰ ਅਲਾਟ ਹੋਈ ਹੈ। ਉਹਨਾਂ ਦੇ ਬਜ਼ੁਰਗਾਂ ਦਾ ਪਿੱਛਾ ਝੰਗ/ ਚਿਸਤੀਆਂ ਮੰਡੀ ਪਾਕਿਸਤਾਨ ਹੈ।ਅਗਲੇ ਦਿਨ ਤੋਂ ਅਸੀਂ ਇਕੱਠੇ ਕਾਲਜ ਜਾਣ ਲੱਗ ਪਏ। ਓਹਨਾ ਦਿਨਾਂ ਵਿੱਚ ਹੀ ਸ਼ਾਮ ਲਾਲ ਦੇ ਦਾਦਾ ਸ੍ਰੀ ਪ੍ਰੀਤਮ ਦਾਸ ਜੀ ਸ਼ਿਡਾਨਾ ਜੀ ਗੁਜ਼ਰ ਗਏ। ਸ਼ਾਮ ਲਾਲ ਨੇ ਮੈਨੂੰ ਆਪਣੇ ਦਾਦਾ ਜੀ ਦੇ ਭੋਗ ਤੇ ਬੁਲਾਇਆ ਪਰ ਮੈਂ ਜਾ ਨਾ ਸਕਿਆ। ਉਂਜ ਸਾਡੀ ਦੋਸਤੀ ਦੀ ਸ਼ੁਰੂਆਤ ਹੋ ਚੁੱਕੀ ਸੀ। ਵੈਸੇ ਮੇਰੀ ਕਰੈਕਟਰ ਵੈਰੀਫਿਕੇਸ਼ਨ ਵੀ ਕੀਤੀ ਗਈ। ਜਿਸ ਚੋ ਮੈਂ ਪਾਸ ਹੋ ਗਿਆ। ਸਾਡੀ ਦੋਸਤੀ ਮਹਿੰਗਾਈ ਵਾੰਗੂ ਵੱਧਣ ਲੱਗੀ। ਅਸੀਂ ਇਕੱਠੇ ਕਾਲਜ ਜਾਂਦੇ ਸ਼ਾਮ ਨੂੰ ਇਕੱਠੇ ਪੜ੍ਹਦੇ ਤੇ ਫਿਰ ਰਾਤ ਨੂੰ ਵੀ ਇਕੱਠੇ ਹੀ ਪੜ੍ਹਦੇ। ਇਸ ਦੋਨੇ ਬਰਾਬਰ ਹੀ ਮੇਹਨਤ ਕਰਦੇ। ਸ਼ਾਮ ਲਾਲ ਦੀ ਲਿਖਾਵਟ ਵਧੀਆ ਸੀ। ਸੋ ਲਿਖਣ ਵਾਲਾ ਮਹਿਕਮਾ ਉਸ ਕੋਲ ਹੀ ਹੁੰਦਾ ਸੀ। ਅਸੀਂ ਟੇਪ ਰਿਕਾਰਡਰ ਵਿੱਚ ਨੋਟਿਸ ਰਿਕਾਰਡ ਕਰਕੇ ਫਿਰ ਸੁਣਦੇ ਤੇ ਯਾਦ ਕਰਦੇ। ਅਸੀਂ ਇਕੱਠੇ ਹੀ ਬਾਜ਼ਾਰ ਗੇੜੀ ਮਾਰਨ ਵੀ ਜਾਂਦੇ। ਕਦੇ ਸਾਡਾ ਖਰਚੇ ਨੂੰ ਲੈਕੇ ਫਰਕ ਨਾ ਪਿਆ। ਅਸੀਂ ਅੱਗੇ ਹੋ ਹੋ ਕੇ ਖਰਚ ਕਰਦੇ। ਅਸੀਂ ਸਾਧੂ ਰਾਮ ਦੀ ਰੇਹੜੀ ਦੇ ਸਮੋਸੇ ਗੁਲਾਬ ਜਾਮੁਣ ਤੇ ਹਰਨਾਮ ਅੰਗੀ ਦੀ ਦੁਕਾਨ ਤੋਂ ਛੋਲੇ ਪੂਰੀਆਂ ਵੀ ਖਾਂਦੇ। ਮੰਗਲਵਾਰ ਨੂੰ ਪ੍ਰਸ਼ਾਦ ਦੇ ਨਾਮ ਤੇ ਬੂੰਦੀ ਲੈਕੇ ਵਿੱਚ ਭੂਜੀਆ ਮਿਲਾਕੇ ਖਾਂਦੇ। ਹੁਣ ਅਸੀਂ ਰੋਟੀ ਵੀ ਇਕੱਠੇ ਇੱਕ ਘਰੇ ਹੀ ਖਾਂਦੇ ਤੇ ਦੂਜੇ ਘਰ ਵਾਲੇ ਸਾਨੂੰ ਉਡੀਕਦੇ ਰਹਿੰਦੇ। ਹੋਲੀ ਹੋਲੀ ਅਸੀਂ ਇੱਕ ਦੂਜੇ ਦੇ ਰਿਸ਼ਤੇਦਾਰਾਂ ਦੇ ਵੀ ਜਾਣੂ ਹੋ ਗਏ। ਇੱਕ ਦੂਸਰੇ ਦੇ ਰਿਸ਼ਤੇਦਾਰ ਵੀ ਸਾਨੂੰ ਜਾਨਣ ਲੱਗੇ। ਉਸ ਸਾਲ ਮੇਰਾ ਆਰ ਐਲ ਆਇਆ। ਯਾਨੀ ਰਿਜ਼ਲਟ ਲੇਟ। ਸ਼ਾਮ ਲਾਲ ਦੇ ਪਰਿਵਾਰ ਨੇ ਉਸਦੇ ਪਾਸ ਹੋਣ ਦੀ ਵੀ ਖੁਸ਼ੀ ਨਾ ਮਨਾਈ। ਫਿਰ ਅਸੀਂ ਚੰਡੀਗੜ੍ਹ ਜਾਕੇ ਰਿਜ਼ਲਟ ਪਤਾ ਕਰਕੇ ਆਏ। ਮੇਰਾ ਰਿਜ਼ਲਟ ਵੀ ਪਾਸ ਆਉਣ ਤੇ ਸ਼ਾਮ ਲਾਲ ਦੇ ਡੈਡੀ ਜਿਨ੍ਹਾਂ ਨੂੰ ਅਸੀਂ ਸਾਰੇ ਬਾਊ ਜੀ ਆਖਦੇ ਸੀ ਸਾਡੇ ਨਾਲ ਚੰਡੀਗੜ੍ਹ ਜਾਂਦੀ ਟ੍ਰੇਨ ਦੇ ਡਰਾਈਵਰ ਨੂੰ ਲੱਡੂ ਖੁਆਕੇ ਆਏ। ਇਸੇ ਤਰ੍ਹਾਂ ਫਾਈਨਲ ਯੀਅਰ ਵਿੱਚ ਵੀ ਅਸੀਂ ਇਕੱਠੇ ਰਹੇ। ਕਿਸੇ ਪਰਿਵਾਰਿਕ ਸਮਾਜਿਕ ਤੇ ਧਾਰਮਿਕ ਸਮਾਰੋਹ ਤੇ ਇਕੱਠੇ ਹੀ ਜਾਂਦੇ। ਹੁਣ ਸ਼ਾਮ ਲਾਲ ਪਟਵਾਰ ਦੇ ਕੰਮ ਵਿੱਚ ਦਿਲਚਸਪੀ ਲੈਣ ਲੱਗ ਗਿਆ ਸੀ। ਉਸਨੇ ਪਟਵਾਰ ਦਾ ਕਾਫੀ ਕੰਮ ਸਿੱਖ ਲਿਆ। ਉਹ ਆਪੇ ਫਰਦ ਤਿਆਰ ਕਰ ਲੈਂਦਾ ਸੀ। ਉਸਨੂੰ ਜਮਾਂਬੰਦੀ, ਰੋਜਨਾਮਚੇ, ਇੰਤਕਾਲ, ਗਿਰਦਾਵਰੀ ਤੇ ਸਿਜਰੇ ਦੀ ਜਾਣਕਾਰੀ ਹੋ ਗਈ ਸੀ। ਬਹੁਤੇ ਵਾਰੀ ਉਹ ਜਿੰਮੀਦਾਰਾਂ ਦੀ ਮੰਗ ਤੇ ਫਰਦ ਬਣਾ ਦਿੰਦਾ ਤੇ ਪਾਪਾ ਜੀ ਦੇ ਦਸਖਤ ਕਰਵਾਕੇ ਉਹਨਾਂ ਨੂੰ ਦੇ ਦਿੰਦਾ। ਇਸ ਤਰ੍ਹਾਂ ਅਸੀਂ ਬੀ ਕਾਮ ਕਰ ਗਏ। ਇਹ ਤਾਂ ਅਜੇ ਦੋਸਤੀ ਦੀ ਸ਼ੁਰੂਆਤ ਹੀ ਸੀ।
ਚਲਦਾ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ