ਕਈ ਲੋਕਾਂ ਨੂੰ ਚੀਜਾਂ ਸੰਭਾਲ ਕੇ ਰੱਖਣ ਦੀ ਕੁਝ ਜ਼ਿਆਦਾ ਈ ਆਦਤ ਹੁੰਦੀ ਕਿਉਂ ਕਿ ਕਈ ਚੀਜ਼ਾਂ ਨਾਲ ਆਪਣਿਆਂ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੁੰਦੀਆਂ…ਮੈਨੂੰ ਵੀ ਇਹੋ ਆਦਤ ਏ…ਕੋਈ ਵੀ ਨਵੀ ਚੀਜ਼ ਨੂੰ ਜਲਦੀ ਪੁਰਾਣੀ ਕਰਨ ਦਾ ਦਿਲ ਨਹੀਂ ਕਰਦਾ…ਆਪ ਭਾਵੇਂ ਪੁਰਾਣੇ ਹੋਈ ਜਾਨੇ ਆਂ…ਦਾਜ ਵਾਲੀਆਂ ਚਾਦਰਾਂ ਕਿੰਨਾ ਚਿਰ ਪੇਟੀ ਚੋਂ ਕੱਢੀਆਂ ਈ ਨਹੀਂ ਤੇ ਜਦੋਂ ਕਿੰਨੇ ਸਾਲ ਬਾਅਦ ਕੱਢੀਆਂ ਤਾਂ ਰੰਗ ਬਦਲ ਗਿਆ ਸੀ …ਹੌਲੀ ਹੌਲੀ ਇਹ ਆਦਤ ਤਾਂ ਹੱਟ ਗਈ ਪਰ ਹੁਣ ਵੀ ਕੋਈ ਚੀਜ਼ ਗਿਫ਼੍ਟ ਮਿਲਦੀ ਏ ਤਾਂ ਇਹ ਸੋਚ ਕੇ ਰੱਖ ਦੇਈਦੀ ਕਿ ਬੱਚਿਆਂ ਦੇ ਕੰਮ ਆਊਗੀ…ਏਦਾਂ ਈ ਯੂ ਪਿੰਨ ਨਾਲ ਬੜਾ ਸੋਹਣਾ ਡਰੈਸਿੰਗ ਟੇਬਲ ਦਾ ਕਵਰ ਬਣਾਇਆ ਸੀ …ਇਹ ਸੋਚ ਕਿ ਵਰਤਿਆ ਨਹੀਂ ਕਿ ਬੇਟੀ ਨੂੰ ਦੇ ਦੇਵਾਂਗੀ ਪਰ ਹੁਣ ਨਾ ਤਾਂ ਡਰੈਸਿੰਗ ਟੇਬਲ ਦਾ ਰਿਵਾਜ ਰਿਹਾ ਤੇ ਹੁਣ ਬਾਹਰ ਇਹੋ ਜਿਹੀਆਂ ਚੀਜ਼ਾਂ ਕਿੱਥੇ ਚਲਦੀਆਂ ਨੇ…..ਏਦਾਂ ਈ ਸਾਡੀ ਗੁਆਂਢਣ ਨੇ ਗੱਲ ਸੁਣਾਈ ….ਕਹਿੰਦੀ ਮੇਰੀ ਸੱਸ ਦੀਆਂ ਪੇਟੀਆਂ ਭਰੀਆਂ ਹੋਈਆਂ ਸੀ ਦਰੀਆਂ ਨਾਲ …ਹੋਰ ਵੀ ਕਿੰਨਾ ਈ ਸਮਾਨ ਸੀ…. ਪਤਾ ਨਈਂ ਲੋੜ ਨਹੀਂ ਪਈ ਕਿ ਉਂਝ ਈ ਉਹਨੇ ਕਦੇ ਸਮਾਨ ਬਾਹਰ ਨਹੀਂ ਕੱਢਿਆ ….ਇੱਕ ਵਾਰ ਬਰਸਾਤ ਬਹੁਤ ਪਈ ਤੇ ਪਾਣੀ ਲੋਕਾਂ ਦੇ ਘਰਾਂ ਚ ਵੜ ਗਿਆ… ਸਾਡਾ ਵੀ ਮਕਾਨ ਨੀਵਾਂ ਸੀ …ਪਾਣੀ ਸਾਰੇ ਕਮਰਿਆਂ ਚ ਫਿਰੇ..ਥੋੜ੍ਹੇ ਕੁ ਦਿਨਾਂ ਬਾਅਦ ਜਦੋਂ ਪਾਣੀ ਘਟਿਆ ਤਾਂ ਕਹਿੰਦੀ ਮੇਰੀ ਸੱਸ ਰੋਵੇ ….” ਹਾਏ ਮੇਰੇ ਦਾਜ ਦਾ ਸਮਾਨ .”..ਅੱਗੋਂ ਮੇਰਾ ਸਹੁਰਾ ਗਾਲ ਕੱਢ ਕੇ ਕਹਿੰਦਾ…ਜੇ ਵਰਤਣਾ ਨਹੀਂ ਹਾਈ ਤਾਂ ਲਿਆਂਦਾ ਕਿਉਂ ਹਈ..
ਕੁਲਵਿੰਦਰ ਕੌਰ