ਸ਼ਾਮੁ ਚੁੱਘ ਦੋਸਤ 2 | shaam chug dost

#ਇੱਕ_ਦੋਸਤੀ_ਦਾ_ਕਿੱਸਾ।
(2)
ਅਸੀਂ ਖੂਬ ਮੇਹਨਤ ਕਰਦੇ ਲਗਾਤਾਰ ਪੜ੍ਹਦੇ ਤੇ ਨਾਲ ਨਾਲ ਬਾਜ਼ਾਰ ਦੀ ਗੇੜੀ ਵੀ ਬਦਸਤੂਰ ਮਾਰਦੇ। ਅਕਸਰ ਫ਼ਿਲਮਾਂ ਵੀ ਦੇਖਦੇ। ਪਰ ਪੜ੍ਹਾਈ ਦਾ ਕੋਟਾ ਵੀ ਪੂਰਾ ਰੱਖਦੇ। ਸਾਡੇ ਦੋਹਾਂ ਦੇ ਘਰਦੇ ਸਾਡੇ ਤੋਂ ਖੁਸ਼ ਸਨ। ਇਸ ਤਰਾਂ ਅਸੀਂ ਦੋਨੇ ਬਿਆਸੀ ਵਿੱਚ ਬੀ ਕਾਮ ਕਰ ਗਏ। ਸਿਤੰਬਰ ਬਿਆਸੀ ਵਿੱਚ ਮੈਨੂੰ ਦਸਮੇਸ਼ ਸਕੂਲ ਬਾਦਲ ਵਿੱਚ ਨੌਕਰੀ ਮਿਲ ਗਈ ਤੇ ਸ਼ਾਮ ਲਾਲ ਐਮ ਕਾਮ ਕਰਨ ਲਈ ਸ੍ਰੀ ਗੰਗਾਨਗਰ ਚਲਾ ਗਿਆ। ਉਸਦੇ ਮਾਤਾ ਜੀ ਵੀ ਨਾਲ ਹੀ ਗਏ। ਉਹ ਰੈਗੂਲਰ ਐਮ ਕਾਮ ਕਰ ਰਿਹਾ ਸੀ ਤੇ ਮੈਂ ਵੀ ਓਥੇ ਦਾਖਿਲਾ ਲਿਆ। ਪਰ ਮੇਰੀ ਹਾਜ਼ਰੀ ਜਰੂਰੀ ਨਹੀਂ ਸੀ । ਸਾਡਾ ਮੇਲ ਮਿਲਾਪ ਉਸੇ ਤਰਾਂ ਜਾਰੀ ਸੀ। ਮੈਂ ਹਰ ਮਹੀਨੇ ਸਕੂਲ ਦਾ ਪੇ ਬਿੱਲ ਫਰੀਦਕੋਟ ਤੋਂ ਪਾਸ ਕਰਾਉਣ ਜਾਂਦਾ ਹੁੰਦਾ ਸੀ। ਕਿਉਂਕਿ ਉਸ ਸਮੇਂ ਮੁਕਤਸਰ ਸਾਹਿਬ ਜ਼ਿਲ੍ਹਾ ਨਹੀਂ ਸੀ ਬਣਿਆ। ਇੱਕ ਵਾਰੀ ਮੈਂ ਡੱਬਵਾਲੀ ਤੋਂ ਪਹਿਲਾਂ ਅਬੋਹਰ ਵਿੱਚਦੀ ਸ੍ਰੀ ਗੰਗਾਨਗਰ ਗਿਆ। ਅਗਲੇ ਦਿਨ ਸ਼ਾਮ ਲਾਲ ਨੂੰ ਨਾਲ ਲੈਕੇ ਫਰੀਦਕੋਟ ਚਲਾ ਗਿਆ ਤੇ ਸ਼ਾਮੀ ਅਸੀਂ ਫਿਰ ਗੰਗਾਨਗਰ ਆ ਗਏ। ਤੀਜੇ ਦਿਨ ਮੈਂ ਸ਼ਾਮ ਨੂੰ ਮੈਂ ਡੱਬਵਾਲੀ ਵਾਪਿਸ ਪਹੁੰਚਿਆ। ਇਸ ਤਰਾਂ ਅਸੀਂ ਮਿਲਣ ਦਾ ਕੋਈਂ ਬਹਾਨਾ ਖੁੰਝਣ ਨਾ ਦਿੰਦੇ। ਉਸੇ ਸਾਲ ਦਸੰਬਰ ਦੀ ਪੰਜ ਤਰੀਕ ਨੂੰ ਮੇਰੀ ਵੱਡੀ ਭੈਣ ਦਾ ਵਿਆਹ ਸੀ। ਮੁੰਡਾ ਦੇਖਣ ਤੋਂ ਲੈਕੇ ਦਹੇਜ ਦੀ ਖਰੀਦਦਾਰੀ ਤੱਕ ਸ਼ਾਮ ਲਾਲ ਮੋਢੇ ਨਾਲ ਮੋਢਾ ਜੋੜ ਕੇ ਮੇਰੇ ਨਾਲ ਰਿਹਾ। ਪਾਪਾ ਜੀ ਨੇ ਉਸਨੂੰ ਖਜਾਨਚੀ ਬਣਾ ਦਿੱਤਾ। ਹੁਣ ਪੈਸੇ ਟਕੇ ਦਾ ਹਿਸਾਬੀ ਉਸ ਕੋਲ ਸੀ। ਵਿਆਹ ਦਾ ਹਰ ਛੋਟਾ ਵੱਡਾ ਕੰਮ ਅਸੀਂ ਦੋਨਾਂ ਨੇ ਮਿਲਕੇ ਕੀਤਾ। ਭੈਣ ਦੇ ਵਿਆਹ ਦਾ ਦਾਰੋਮਦਾਰ ਮੇਰੇ ਨਾਲੋਂ ਵੱਧ ਸ਼ਾਮ ਲਾਲ ਤੇ ਸੀ। ਇਸ ਤਰਾਂ ਨਾਲ ਸ਼ਾਮ ਲਾਲ ਨੇ ਇੱਕ ਭਰਾ ਦੇ ਪੂਰੇ ਫਰਜ਼ ਨਿਭਾਏ। ਸ਼ਾਮ ਲਾਲ ਦੇ ਆਪਣੀ ਕੋਈਂ ਭੈਣ ਨਹੀਂ ਹੈ। ਭੈਣ ਦੀ ਵਿਦਾਈ ਦਾ ਦੁੱਖ ਵੀ ਸ਼ਾਮ ਲਾਲ ਨੇ ਹੰਝੂਆਂ ਰਾਹੀਂ ਬਿਆਨ ਕੀਤਾ। ਵਿਆਹ ਵੇਲੇ ਪਾਪਾ ਜੀ ਨੇ ਸ਼ਗਨ ਨੋਟ ਕਰਨ ਵਾਲੀ ਡਾਇਰੀ ਤੇ ਬੈਗ ਵੀ ਸ਼ਾਮ ਲਾਲ ਦੇ ਹਵਾਲੇ ਕਰ ਦਿੱਤਾ। ਫਿਰ ਮੇਰੇ ਅਤੇ ਮੇਰੇ ਛੋਟੇ ਭਰਾ ਦੇ ਵਿਆਹ ਮੌਕੇ ਵੀ ਇਹ ਬੈਗ ਸ਼ਾਮ ਲਾਲ ਦੇ ਹਵਾਲੇ ਹੀ ਰਿਹਾ। ਕੁਦਰਤੀ ਮੇਰੇ ਦੋਨੇ ਬੇਟਿਆਂ ਦੇ ਵਿਆਹ ਵੇਲੇ ਵੀ ਮੈਂ ਇਹ ਰਸਮ, ਚਾਹੇ ਥੌੜੇ ਸਮੇਂ ਲਈ ਹੀ, ਸ਼ਾਮ ਲਾਲ ਕੋਲੋਂ ਨਿਭਵਾਈ। ਮੈਨੂੰ ਬਹੁਤ ਚੰਗਾ ਲੱਗਿਆ। ਇਹ ਵੀ ਇੱਕ ਮਾਣ ਹੁੰਦਾ ਹੈ ਤੇ ਇਸ ਦੇ ਯੋਗ ਬੰਦੇ ਨੂੰ ਬਖਸ਼ਿਆ ਜਾਂਦਾ ਹੈ। ਨਹੀਂ ਤਾਂ ਮੇਰੇ ਵਰਗੇ ਨੂੰ ਕੋਈਂ ਲੱਡੂਆਂ ਦੀ ਰਾਖੀ ਨਹੀਂ ਬਿਠਾਉਂਦਾ।
ਕੱਲ੍ਹ ਆਏ ਇੱਕ ਫੋਨ ਨੇ ਪੁੱਛਿਆ ਕਿ ਸ਼ਾਮ ਲਾਲ ਚੁੱਘ ਦੇ ਦਾਦਾ ਜੀ ਦਾ ਨਾਮ ਸ੍ਰੀ ਪ੍ਰੀਤਮ ਦਾਸ ਸਿਡਾਨਾ ਕਿਵੇਂ ਹੋ ਗਿਆ। ਹਾਂ ਇਹ ਮੈਂ ਲਿਖਣਾ ਭੁੱਲ ਗਿਆ ਸੀ ਕਿ ਸ਼ਾਮ ਲਾਲ ਸ੍ਰੀ ਪ੍ਰੀਤਮ ਦਾਸ ਸਿਡਾਨਾ ਦੇ ਇਕਲੋਤੇ ਬੇਟੇ ਸ੍ਰੀ ਲੱਖਮੀ ਚੰਦ ਦੇ ਛੇ ਬੇਟਿਆਂ ਚੋ ਸਭ ਤੋਂ ਵੱਡਾ ਪੋਤਾ ਹੈ। ਪਰ ਲੱਖਮੀ ਚੰਦ ਦੀ ਵੱਡੀ ਭੈਣ ਭਿਰਾਵਾਂ ਬਾਈ ਨੂੰ ਦੇਸ਼ ਦੀ ਵੰਡ ਤੋਂ ਬਾਅਦ ਉਸਦੇ ਸਹੁਰਿਆਂ ਦੇ ਨਾਮ ਤੇ ਇਧਰ ਕਾਫੀ ਜਮੀਨ ਅਲਾਟ ਹੋਈ ਸੀ। ਪਰ ਉਸਦੇ ਵਾਰਿਸ ਕੋਈਂ ਨਹੀਂ ਸੀ। ਸੋ ਇੱਕ ਭੈਣ ਨੇ ਭਰਾ ਦਾ ਬੇਟਾ ਗੋਦ ਪਾ ਲਿਆ। ਜਿਸ ਕਰਕੇ ਸ਼ਾਮ ਲਾਲ ਸਿਡਾਨਾ ਤੋਂ ਸ਼ਾਮ ਚੁੱਘ ਬਣ ਗਿਆ। ਇਹ ਭੈਣ ਭਰਾ ਦੇ ਪਿਆਰ ਤੇ ਪਰਿਵਾਰਿਕ ਇਤਫ਼ਾਕ ਦੀ ਬਹੁਤ ਵੱਡੀ ਮਿਸਾਲ ਹੈ। ਸ਼ਾਮ ਲਾਲ ਦੇ ਦੂਸਰੇ ਭਰਾ ਸੁਦੇਸ਼ ਅਸ਼ੋਕ ਦਵੇਂਦਰ ਸੁਨੀਲ ਤੇ ਰਾਜੀਵ ਆਪਣੇ ਨਾਮ ਮਗਰ ਸਿਡਾਨਾ ਹੀ ਲਿਖਦੇ ਹਨ।
ਓਹਨਾ ਦਿਨਾਂ ਵਿੱਚ ਹੀ ਅਸੀਂ ਡੱਬਵਾਲੀ ਵਿੱਚ ਪੰਜਾਬ ਕੇਸਰੀ ਅਖਬਾਰ ਦੁਆਰਾ ਸਪਾਂਸਰਡ ਤਰੁਣ ਸੰਗਮ ਦੀ ਸਥਾਪਨਾ ਕੀਤੀ। ਅਸੀਂ ਕਈ ਸਭਿਆਚਾਰਕ ਪ੍ਰੋਗਰਾਮ ਵੀ ਕਰਵਾਏ। ਸਾਡੀਆਂ ਮੀਟਿੰਗਾਂ ਲਾਲਾ ਪ੍ਰੀਤਮ ਦਾਸ ਦੀ ਧਰਮਸ਼ਾਲਾ ਵਿੱਚ ਹੀ ਹੁੰਦੀਆਂ। ਇਹ ਸੰਗਮ ਨੇ ਵੀ ਕਾਫ਼ੀ ਨਾਮਣਾ ਖੱਟਿਆ। ਇਸ ਦਾ ਮੁੱਖ ਸਿਹਰਾ ਵੀ ਸ਼ਾਮ ਲਾਲ ਨੂੰ ਹੀ ਜਾਂਦਾ ਸੀ। ਸਾਡੇ ਪ੍ਰੋਗਰਾਮਾਂ ਦੀ ਸੂਚਨਾ ਤੇ ਫੋਟੋ ਪੰਜਾਬ ਕੇਸਰੀ ਵਿੱਚ ਛੱਪਦੀ। ਚਾਹੇ ਤਰੁਣ ਸੰਗਮ ਵੀ ਸਾਲ ਕੁ ਬਾਅਦ ਦਮ ਤੋੜ ਗਿਆ। ਪਰ ਸਾਡੀ ਦੋਸਤੀ ਦੀ ਕਾੰਟੋ ਫੁੱਲਾਂ ਤੇ ਸੀ।
ਚਲਦਾ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *