ਦੇਖੋਂ ਜੀ ਲੜਕੀ ਤਾਂ ਸਾਡੇ ਪਸੰਦ ਹੈ। ਮੁੰਡਾ ਤੁਸੀਂ ਦੇਖ ਜੀ ਲਿਆ ਹੈ। ਹੁਣ ਫੈਸਲਾ ਤੁਹਾਡੇ ਹੱਥ ਹੈ।ਕਿਹ ਕੇ ਮੁੰਡੇ ਦਾ ਪਿਓ ਚੁੱਪ ਕਰ ਗਿਆ ਤੇ ਲੜਕੀ ਦੇ ਨਾਲ ਆਏ ਉਸਦੇ ਦੇ ਪਿਓ ਮਾਂ ਤੇ ਵੱਡੇ ਭਰਾ ਪ੍ਰਤੀਕਿਰਿਆ ਜਾਨਣ ਦੀ ਕੋਸ਼ਿਸ਼ ਕਰਨ ਲੱਗਿਆ। ਕਾਫੀ ਦੇਰ ਲੜਕੀ ਵਾਲੇ ਘੁਸਰ ਮੁਸਰ ਕਰਦੇ ਰਹੇ।ਓਹਨਾ ਲੜਕੀ ਦੀ ਰਾਏ ਵੀ ਲਈ। ਪਰ ਫੈਸਲਾ ਲੈਣ ਵਿੱਚ ਦੁਚਿੱਤੀ ਵਿੱਚ ਸਨ। ਸੇਠ ਜੀ ਸਾਨੂੰ ਵੀ ਸਭ ਠੀਕ ਹੀ ਲਗਦਾ ਹੈ। ਕੋਈ ਹੋਰ ਗੱਲ ਬਾਤ ਵੀ ਕਰੋ। ਲੜਕੀ ਦਾ ਪਿਓ ਮੁੰਡੇ ਆਲਿਆਂ ਦੀ ਵੱਡੀ ਗੱਡੀ ਵੇਖ ਬੜੇ ਨਪੇ ਤੁਲੇ ਸ਼ਬਦਾਂ ਵਿਚ ਬੋਲਿਆ। ਕੋਈ ਹੋਰ ਗੱਲ ਬਾਤ …..
ਹੋਰ ਕੋਈ ਗੱਲ ਕੀ ਹੋਣੀ ਹੈ। ਸਪਸ਼ਟ ਗੱਲ ਹੈ ਸਾਡੇ ਕੋਲ ਰੱਬ ਦਾ ਦਿੱਤਾ ਸਭ ਕੁਝ ਹੈ। ਦੋ ਗੱਡੀਆਂ ਹਨ। ਪੂਰਾ ਫਰਨੀਚਰ ਹੈ। ਕੋਠੀ ਵਿਚ ਤਿਲ ਰੱਖਣ ਨੂੰ ਵੀ ਜਗ੍ਹਾ ਨਹੀਂ। ਸਾਡੀ ਇੱਕੋ ਬੇਨਤੀ ਹੈ ਅਸੀਂ ਲੈਣਾ ਕੁਝ ਨਹੀਂ। ਨਾ ਤੁਸੀਂ ਕੁਝ ਦੇਣ ਦੀ ਕੋਸ਼ਿਸ਼ ਕਰਨੀ ਹੈ। ਬਸ ਆਹੀ ਸਾਡੀ ਸ਼ਰਤ ਹੈ।ਤੇ ਇਸਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਨਾ ਤੁਸੀਂ।
ਬਾਕੀ ਤਾਂ ਠੀਕ ਹੈ ਪਰ ਭਾਜੀ ਇੱਕ ਗੱਲ ਹੈ ਅਸੀਂ ਵੀ ਤਾਂ ਸਮਾਜ ਵਿੱਚ ਮੂੰਹ ਵਿਖਾਉਣਾ ਹੈ। ਧੀ ਨੂੰ ਖਾਲੀ ਹੱਥ ਕਿਵੇਂ ਤੋਰ ਦੇਈਏ। ਤੇ ਰਿਸ਼ਤੇਦਾਰਾਂ ਦੀਆਂ ਮਿਲਣੀਆਂ ਕਿੰਨੀਆਂ ਕਰਵਾਉਣੀਆਂ ਹਨ। ਲੜਕੀ ਦੀ ਮਾਂ ਹਲੀਮੀ ਜਿਹੀ ਨਾਲ ਬੋਲੀ।
ਮਿਲਣੀਆਂ ਜਿੰਨੀਆਂ ਮਰਜੀ ਕਰਵਾ ਲਵੋ। ਦਸ ਵੀਹ ਤੀਹ ਪੰਜਾਹ।ਉਸਨੇ ਬੜਾ ਤਿੜ ਕੇ ਕਿਹਾ। ਪਰ ਇਥੇ ਵੀ ਸਾਡੀ ਸ਼ਰਤ ਹੈ। ਤੁਸੀਂ ਮਿਲਣੀਆਂ ਵੇਲੇ ਸਾਡੇ ਰਿਸ਼ਤੇਦਾਰਾਂ ਨੂੰ ਦਿਓਂਗੇ ਓਹੀ ਕੁਝ ਅਸੀਂ ਤੁਹਾਡੇ ਰਿਸ਼ਤੇਦਾਰਾਂ ਨੂੰ ਬਰਾਬਰ ਦੇਵਾਂਗੇ। ਚਾਹੇ ਕੰਬਲ ਦੇ ਦਿਓਂ ਚਾਹੇ ਸੋਨੇ ਦੀਆਂ ਮੁੰਦਰੀਆਂ ਪਾ ਦਿਓਂ।
ਭਾਜੀ ਅਸੀਂ ਧੀ ਵਾਲੇ ਹਾਂ। ਇਹ ਕਿਵੇਂ ਹੋ ਸਕਦਾ ਹੈ ਅਸੀਂ ਤੁਹਾਡੇ ਤੋਂ ਲਾਈਏ।
ਬਸ ਬੇਟਾ ਬੇਟੀ ਤਾਂ ਬਰਾਬਰ ਹੀ ਹੁੰਦੇ ਹਨ । ਇਹੀ ਕਹਿਣ ਦੀ ਨਹੀਂ ਕਰਨ ਦੀ ਗੱਲ ਹੈ। ਇਹੀ ਦਾਜ ਹੁੰਦਾ ਹੈ।
#ਰਮੇਸ਼ਸੇਠੀਬਾਦਲ