ਪਾਪਾ ਚਾਹ ਲਉਗੇ ਜਾ ਕਾਫੀ ? ਬੇਟੀ ਦੇ ਸੋਹਰੇ ਘਰ ਦਿਵਾਲੀ ਦੇਣ ਗਏ ਮੈਨੂੰ ਮੇਰੀ ਬੇਟੀ ਨੇ ਪੁੱਛਿਆ।
ਬੇਟਾ ਚਾਹ ।ਕਹਿ ਕੇ ਮੈ ਮੇਜ ਤੇ ਪਿਆ ਅਖਬਾਰ ਚੁੱਕ ਲਿਆ।
ਬੇਟੀ ਮੈਨੂੰ ਵੇਖਕੇ ਬਹੁਤ ਖੁਸa ਸੀ । ਉਸ ਨੇ ਦੱਸਿਆ ਕਿ ਉਸ ਨੇ ਅੱਜ ਜਲਦੀ ਜਲਦੀ ਰਸੋਈ ਦਾ ਕੰਮ ਮੁਕਾ ਲਿਆ ਤਾਂਕਿ ਮੇਰੇ ਆਉਣ ਤੇ ਉਹ ਨਿਸਚਿੰਤ ਹੋ ਕੇ ਮੇਰੇ ਨਾਲ ਗੱਲਾਂ ਮਾਰ ਸਕੇ। ਦਿਵਾਲੀ ਵੀ ਕੀ ਸੀ ਉਸ ਦੀ ਮੰਮੀ ਨੇ ਘਰ ਦੇ ਬਣੇ ਬਿਸਕੁਟ, ਗੂੰਦ ਵਾਲੀਆਂ ਪਿੰਨੀਆਂ, ਨਿੱਕਸੁਕ ਤੋ ਇਲਾਵਾ ਥੋੜਾ ਜਿਹਾ ਫਲ ਫਰੂਟ ਆਪ ਖਰੀਦ ਕੇ ਦਿੱਤਾ ਸੀ ਉਸ ਨੂੰ ਦੇਣ ਵਾਸਤੇ। ਇਸ ਉਮਰੇ ਤਾਂ ਸਫਰ ਕਰਨਾ ਹੀ ਮੁਸਕਿਲ ਹੁੰਦਾ ਹੈ ਖਾਸਕਰ ਇਕੱਲੇ ਆਦਮੀ ਨੂੰ। ਪਰ ਉਸ ਦੀ ਮਾਂ ਦੇ ਹੁਕਮ ਨੂੰ ਮੈ ਟਾਲ ਨਾ ਸਕਿਆ। ਬਾਕੀ ਮੈਨੂੰ ਵੀ ਬੇਟੀ ਨੂੰ ਮਿਲਣ ਦੀ ਤਾਂਘ ਜਿਹੀ ਸੀ। ਬੇਟੀ ਆਈ ਤੇ ਮੇਂ ਤੇ ਨਮਕੀਨ, ਵੇਸਣ ਦੇ ਲੱਡੂ ਤੇ ਹੋਰ ਨਿੱਕ ਸੁਕ ਰੱਖ ਗਈ। ਤੇ ਫਿਰ ਚਾਹ ਦਾ ਕੱਪ ਰੱਖ ਗਈ। ਖੁਸ਼ੀ ਨਾਲ ਉਸ ਦਾ ਚੇਹਰਾ ਚਮਕ ਰਿਹਾ ਸੀ। ਤੇ ਉਸਦੇ ਪੈਰ ਜਮੀਨ ਤੇ ਨਹੀ ਸਨ ਟਿਕਦੇ । ਲੱਗਦਾ ਸੀ ਜਿਵੇ ਉਹ ਹਵਾ ਚ ਹੀ ਉਡ ਰਹੀ ਹੋਵੇ। ਮੈਂ ਕੱਪ ਚੁੱਕ ਕੇ ਘੁੱਟ ਭਰ ਲਈ ਤੇ ਚਾਹ ਮਿੱਠੀ ਸੀ ।ਮੈ ਬੋਲਣ ਹੀ ਲੱਗਿਆ ਪਰ ਚਲੋ ਕੋਈ ਨਾ ਸੋਚ ਕੇ ਚੁੱਪ ਕਰ ਗਿਆ।
ਪਾਪਾ ਆਹ ਚਾਹ ਨਾ ਪੀਉ। ਇਹ ਮਿੱਠੀ ਬਣ ਗਈ ਸੀ ਗਲਤੀ ਨਾਲ ਤੇ ਕਾਹਲੀ ਨਾਲ ਉਸ ਨੇ ਹੋਰ ਚਾਹ ਬਣਾ ਕੇ ਮੈਨੂੰ ਦੂਜਾ ਕੱਪ ਪਕੜਾ ਦਿੱਤਾ। ਤੇ ਮੇਰੇ ਰੋਕਦੇ ਰੋਕਦੇ ਹੀ ਮੇਰੇ ਹੱਥ ਵਾਲਾ ਚਾਹ ਦਾ ਕੱਪ ਫੜ੍ ਆਪ ਪੀਣ ਲੱਗ ਪਈ। ਬੇਟੀ ਦਾ ਪਿਆਰ ਵੇਖ ਕੇ ਮੇਰੀ ਅੱਖ ਤੋ ਇੱਕ ਬੂੰਦ ਟਪਕ ਪਈ। ਜੋ ਮੈਂ ਸੱਜੇ ਹੱਥ ਦੀ ਤਲੀ ਨਾਲ ਪੂੰਝ ਦਿੱਤੀ। ਤੇ ਤੁਰਨ ਲੱਗੇ ਨੂੰ ਵੀ ਉਸਨੇ ਮੈਨੂੰ ਜਾਮਣ ਦਾ ਚੂਰਨ, ਕਰੇਲੇ ਦਾ ਰਸ ਤੇ ਨਮਕੀਣ ਵਾਲਾ ਲਿਫਾਫਾ ਜਬਰੀ ਪਕੜਾ ਦਿੱਤਾ। ਵਾਪਸੀ ਵੇਲੇ ਬੱਸ ਚ ਬੈਠਾ ਵੀ ਮੈਂ ਧੀਆਂ ਬਾਰੇ ਸੋਚ ਰਿਹਾ ਸੀ ਕਿ ਕਿਵੇਂ ਲੋਕ ਧੀਆਂ ਨੂੰ ਪੱਥਰ ਆਖ ਦਿੰਦੇ ਹਨ।
ਰਮੇਸ ਸੇਠੀ ਬਾਦਲ
ਮੋ 98 766 27 233