ਸ਼ਰਮਿੰਦਾ | sharminda

ਦੀਵਾਲੀ ਦਾ ਦਿਨ ਸੀ ਮੈਂ ਬੱਚਿਆਂ ਨਾਲ ਆਤਿਸ਼ਬਾਜ਼ੀ ਕਰਨ ਲਈ ਪਟਾਕੇ ਲੈਣ ਦੀ ਸਲਾਹ ਬਣਾਈ ਬੱਚੇ ਚੰਗੇ ਸਕੂਲ ਵਿੱਚ ਪੜ੍ਹਦੇ ਸਨ ਉਹ ਪਟਾਕੇ ਨਾ ਲੈ ਕੇ ਖਿਡੌਣੇ ਲੈਣ ਦੀ ਮੰਗ ਕਰਦੇ ਰਹੇ ਪਰ ਮੈਂ ਜ਼ਬਰਦਸਤੀ ਪਟਾਕਿਆਂ ਵਾਲੀ ਦੁਕਾਨ ਤੇ ਲੈ ਗਿਆ ਤਕਰੀਬਨ ਸੱਤ ਹਜ਼ਾਰ ਦੇ (7000)ਪਟਾਕੇ ਜਿਸ ਦੇ ਵਿੱਚ ਹਵਾਈਆਂ, ਪਟਾਕੇ ,ਫੁੱਲ ਝੜੀਆਂ, ਬੰਬ, ਅਨਾਰ, ਸ਼ੁਰਲੀਆਂ, ਸਾਰਾ ਕੁਛ ਸੀ | ਬੇਸ਼ੱਕ ਬੱਚੇ ਖੁਸ਼ ਨਹੀਂ ਸਨ ਪਰ ਮੈਂ ਖ਼ਰੀਦਦਾਰੀ ਬੜੇ ਸ਼ੌਕ ਨਾਲ ਕੀਤੀ ਕਿਉਂਕਿ ਮੈਂ ਸ਼ੁਰੂ ਤੋਂ ਇਸ ਦਿਨ ਨੂੰ ਬੜਾ ਇੰਜਾਏ ਕਰਦਾ ਆਇਆ ਸੀ|
ਸਮਾਂ ਬੀਤਿਆ ਰਾਤ ਹੋਈ ਮੈਂ ਦੋ ਤਿੰਨ ਲੰਡੂ ਜਿਹੇ ਵਿਸਕੀ ਦੇ ਪੈੱਗ ਲਾਏ ਫਿਰ ਸਾਰੇ ਪਟਾਕੇ ਤੇ ਬੱਚਿਆਂ ਨੂੰ ਲੈ ਕੋਠੇ ਚੜ੍ਹ ਗਿਆ ਤੇ ਆਤਿਸ਼ਬਾਜ਼ੀ ਸ਼ੁਰੂ ਕੀਤੀ ….ਹੌਲੀ ਹੌਲੀ ਬੱਚੇ ਵੀ ਸੁਰਲੀਆਂ ਅਤੇ ਅਨਾਰ ਚਲਾਉਣ ਲੱਗੇ ਮੈਂ ਪੈੱਗ ਦੇ ਨਸ਼ੇ ਵਿੱਚ ਬੰਬ ਹੱਥ ਵਿੱਚ ਫੜ ਫੜ ਦੂਰ ਰੁੱਖਾਂ ਵਿੱਚ ਸੁੱਟਣ ਲੱਗਾ ਰੁੱਖਾਂ ਵਿੱਚ ਜਦੋਂ ਬੰਬ ਫਟਦਾ ਤਾਂ ਮੈਨੂੰ ਬੜਾ ਮਜ਼ਾ ਆਉਂਦਾ ਮੈਂ ਹਵਾਈਆਂ ਚਲਾਈਆਂ ਬੰਬ ਚਲਾਏ ਤਕਰੀਬਨ ਚਾਰ ਪੰਜ ਘੰਟੇ ਲਗਾਤਾਰ ਬੰਬਾਰੀ ਕਰਦਾ ਰਿਹਾ ਸਾਮਾਨ ਖਤਮ ਹੋਣ ਵਾਲਾ ਸੀ ਕਿ ਹੇਠੋਂ ਘਰਵਾਲੀ ਦੀ ਅਵਾਜ਼ ਆਈ “ਹੇਠਾਂ ਆ ਕੇ ਰੋਟੀ ਖਾ ਲੋ ਹੁਣ ” ਰਾਤ ਬਹੁਤ ਹੋ ਗਈ ਏ ਬੱਸ ਕਰੋ… ਰੋਟੀ ਪਾਣੀ ਖਾ ਮੈ ਬੱਚਿਆਂ ਨੂੰ ਨਾਲ ਲੈ ਕੇ ਸੌ ਗਿਆ|
ਅਚਾਨਕ ਬੰਬਾਰੀ ਸ਼ੁਰੂ ਹੋ ਗਈ ਵੱਡੇ ਵੱਡੇ ਬੰਬ ਚੱਲਣ ਲੱਗੇ ਠਾਹ ਠਾਹ ਬੱਚੇ ਸਹਿਮ ਗਏ ਮੈਂ ਇੱਕ ਦਮ ਬੱਚਿਆਂ ਨੂੰ ਲੈ ਕੇ ਇਧਰ ਉਧਰ ਭੱਜਣ ਲੱਗਾ ਦੇਖਿਆ ਦੂਰ ਦੂਰ ਤੱਕ ਕੋਈ ਸਿਰ ਲੁਕਾਉਣ ਨੂੰ ਥਾਂ ਨਹੀਂ ਸੀ ਹੋਰ ਵੀ ਸੈਂਕੜੇ ਲੋਕ ਇਧਰ ਉਧਰ ਭੱਜ ਰਹੇ ਸਨ ਮੈਂ ਬੱਚਿਆਂ ਨੂੰ ਜ਼ਮੀਨ ਤੇ ਲਿਟਾ ਉਨ੍ਹਾਂ ਦੇ ਉੱਪਰ ਆਪ ਲੇਟ ਗਿਆ ਬੰਬਾਰੀ ਜ਼ੋਰਾਂ ਸ਼ੋਰਾਂ ਤੇ ਹੋ ਰਹੀ ਸੀ ਵੱਡੇ ਵੱਡੇ ਬੰਬ ਚੱਲ ਰਹੇ ਸਨ ਗੋਲੀਆਂ ਚੱਲ ਰਹੀਆਂ ਸਨ ਬੰਬਾਰੀ ਕਿਉਂ ਹੋ ਰਹੀ ਸੀ ਤੇ ਕੌਣ ਕਰ ਰਿਹਾ ਸੀ ਕੋਈ ਨਹੀਂ ਸੀ ਜਾਣਦਾ ਅਸਮਾਨ ਵਿੱਚ ਮਜ਼ਾਇਲਾਂ ਫੱਟਦੀਆਂ ਉਨ੍ਹਾਂ ਵਿੱਚ ਹੀ ਸ਼ਰਰੇ ਆ ਕੇ ਮੈਨੂੰ ਵੀ ਲੱਗਦੇ ਪਰ ਮੈਂ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਲਗਾਤਾਰ ਕਰ ਰਿਹਾ ਸੀ ਬੰਬ ਇਧਰ ਉਧਰ ਡਿੱਗਦੇ ਫੱਟਦੇ ਜਿਸ ਦੇ ਸ਼ੋਰ ਨਾਲ ਬੱਚੇ ਸਹਿਮ ਅਤੇ ਚੀਕਦੇ ਹੋਏ ਮੈਨੂੰ ਚਿੰਬੜੇ ਹੋਏ ਸਨ ਅਚਾਨਕ ਮੇਰੇ ਸਿਰ ਦੇ ਕੋਲ ਇੱਕ ਹੱਥ ਗੋਲਾ ਆ ਕੇ ਡਿੱਗਾ ਜੇ ਉਹ ਫੱਟ ਜਾਂਦਾ ਤਾਂ ਅਸੀਂ ਤਿੰਨਾਂ ਨੇ ਮਰ ਜਾਣਾ ਸੀ ਮੈਂ ਦਵਾ ਦਵ ਉੱਠ ਹੱਥ ਗੋਲਾ ਚੁੱਕ ਦੂਰ ਸੁੱਟਣ ਲੱਗਾ ਥੋੜ੍ਹਾ ਜਿਹਾ ਪਰ੍ਹੇ ਹੀ ਹੋਇਆ ਕਿ ਉਹ ਮੇਰੇ ਹੱਥਾਂ ਵਿੱਚ ਚੱਲ ਗਿਆ ਮੈਂ ਖੂਨ ਨਾਲ ਲੱਥ ਪੱਥ ਹੋ ਜ਼ਮੀਨ ਤੇ ਡਿੱਗਾ ਬੱਚਿਆਂ ਦੀਆਂ ਚੀਕਾਂ ਨਿਕਲ ਗਈਆਂ ਉਹ ਆਪਣੀ ਜਗ੍ਹਾ ਤੇ ਖ਼ਮੋਸ਼ ਬੈਠ ਗਏ ਮੈਂ ਜ਼ਮੀਨ ਤੇ ਡਿੱਗਾ ਸਰਕ ਸਰਕ ਉਨ੍ਹਾਂ ਵੱਲ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮੇਰਾ ਸਿਰਫ ਦਿਮਾਗ ਚੱਲ ਰਿਹਾ ਸੀ ਹੱਥ ਪੈਰ ਸਾਥ ਨਹੀਂ ਸਨ ਦੇ ਰਹੇ ….
….ਬੰਟੀ ਦੇ ਪਾਪਾ ਬੰਟੀ ਦੇ ਪਾਪਾ ਉੱਠੋ ਸਵੇਰ ਹੋ ਗਈ ਮੈਂ ਤ੍ਰਭਕ ਕੇ ਉੱਠਿਆ ਇੱਕ ਦਮ ਤਰੇਲੀਓ ਤਰੇਲੀ ਹੋਏ ਨੂੰ ਬੰਟੀ ਦੀ ਮੰਮੀ ਬੋਲੀ ਕੀ ਹੋਇਆ ਤੁਹਾਨੂੰ ਮੈਂ ਇਕਦਮ ਸੱਜੇ ਖੱਬੇ ਦੇਖਿਆ ਬੰਟੀ ਤੇ ਮੋਨੂੰ ਸੁੱਤੇ ਹੋਏ ਸਨ ਮੇਰੀ ਜਾਨ ਵਿੱਚ ਜਾਨ ਆਈ …..ਸ਼ੁਕਰ ਏ ਪਰਮਾਤਮਾ ਦਾ ਇਹ ਸੁਪਨਾ ਸੀ …ਅੱਧਾ ਕੱਪ ਚਾਹ ਪੀ ਕੇ ਮੈਂ ਬਗੀਚੀ ਵੱਲ ਨੂੰ ਟਹਿਲਣ ਨਿਕਲ ਗਿਆ |
ਉੱਥੋਂ ਦਾ ਮੰਜ਼ਰ ਵੇਖ ਕੇ ਤਾਂ ਮੇਰਾ ਦਿਲ ਹੀ ਰੋ ਪਿਆ…. ਦੁਖਣ ਲੱਗਾ… ਬਗੀਚੀ ਵਿੱਚ ਕਾਫ਼ੀ ਘਾਹ ਸੜਿਆ ਸੀ ਉੱਪਰ ਰੁੱਖਾਂ ਦੇ ਪੱਤੇ ਵੀ ਸੜੇ ਹੋਏ ਜ਼ਮੀਨ ਤੇ ਕਈ ਪੰਛੀ ਮਰੇ ਪਏ ਸਨ ਅੱਗੇ ਜਾ ਕੇ ਵੇਖਿਆ ਤਾਂ ਇੱਕ ਘੁੱਗੀ ਪੂਰੀ ਤਰ੍ਹਾਂ ਸੜੀ ਹੋਈ ਸੀ ਪਰ ਫਿਰ ਵੀ ਉਸ ਦੀਆਂ ਅੱਖਾਂ ਖੁੱਲ੍ਹੀਆਂ ਸਨ ਮੈਨੂੰ ਇੰਝ ਲੱਗਾ ਜਿਵੇਂ ਉਹ ਉੱਪਰ ਕੁਛ ਵੇਖ ਰਹੀ ਹੋਵੇ ਮੈਂ ਜਦੋਂ ਸਿਰ ਚੁੱਕ ਕੇ ਉੱਪਰ ਨੂੰ ਵੇਖਿਆ ਤਾਂ ਟੁੱਟੇ ਜਿਹੇ ਆਲ੍ਹਣੇ ਵਿੱਚ ਦੋ ਬੋਟ (ਘੁੱਗੀ ਦੇ ਬੱਚੇ)ਹੇਠਾਂ ਨੂੰ ਧੌਣ ਲਮਕਾ ਕੇ ਪਰ ਖਿਲਾਰ ਕੇ ਇੱਕਦਮ ਸ਼ਾਂਤ ਬੈਠੇ ਸਨ ….ਮੇਰੀ ਰੂਹ ਕੰਬ ਗਈ ਅੱਖਾਂ ਸਾਹਮਣੇ ਰਾਤ ਵਾਲਾ ਸੁਪਨਾ ( ਮੰਜ਼ਰ) ਆ ਗਿਆ| ਫਰਕ ਸਿਰਫ ਇਹ ਸੀ ਕਿ ਇਸ ਕਹਾਣੀ ਦਾ ਹੀਰੋ ਵਾਲਾ ਪਾਤਰ….. ਸ਼ਾਇਦ….. ਘੁੱਗੀ ਨੇ ਨਿਭਾ ਦਿੱਤਾ ਸੀ|
ਮੈਂ ਆਪਣੀ ਗਲਤੀ ਸੁਧਾਰਨ ਨੂੰ ਪੌੜੀ ਲਗਾ ਕੇ ਘੁੱਗੀ ਦੇ ਬੱਚਿਆਂ ਨੂੰ ਕੁਝ ਖਾਣਾ ਖਵਾਉਣਾ ਚਾਹਿਆ …..ਪਰ ਉਹ ਇੱਕ ਦਮ ਠੰਡੇ ਅਤੇ ਆਕੜੇ ਹੋਏ ਸਨ ਸ਼ਾਇਦ ਉਨ੍ਹਾਂ ਦੇ ਪ੍ਰਾਣ ਪਖੇਰੂ ਵੀ ਮਾਂ ਦੇ ਨਾਲ ਹੀ ਨਿਕਲ ਗਏ …..
….ਮੈਂ ਆਪਣੀ ਖੁਸ਼ੀ ਲਈ ਕੀਤੀ ਆਤਿਸ਼ਬਾਜ਼ੀ ਤੇ ਬੇਕਸੂਰ ਜੀਵਾ ਦੀ ਹੱਤਿਆ ਲਈ ਹੁਣ ਹਮੇਸ਼ਾਂ “”ਸ਼ਰਮਿੰਦਾ”” ਰਹਾਂਗਾ !!!!!
…✍ਹਰਦੀਪ ਸ਼ੁੱਭ
ਗੋਇੰਦਵਾਲ ਸਾਹਿਬ
….98153-38993🙏

Leave a Reply

Your email address will not be published. Required fields are marked *