“ਐਂਕਲ ਤੁਸੀਂ ਦੋਨੇ ਇੱਥੇ ਇੱਕਲੇ ਕਿਉਂ ਬੈਠੇ ਹੋ?” ਮੇਰੀ ਪੋਤੀ ਦੀ ਸਹੇਲੀ ਸ਼ਗੁਣ ਨੇ ਸਾਨੂੰ ਦੋਹਾਂ ਨੂੰ ਡਰਾਇੰਗ ਰੂਮ ਵਿੱਚ ਬੈਠੇ ਵੇਖਕੇ ਪੁੱਛਿਆ।
“ਪੁੱਤ ਬੁੜਿਆਂ ਦਾ ਤਾਂ ਮੰਜਾ ਲੋਕ ਬੈਠਕ ਵਿੱਚ ਡਾਹ ਦਿੰਦੇ ਹਨ।” ਮੈਂ ਮਜ਼ਾਕ ਵਿੱਚ ਕਿਹਾ।
“ਬੈਠਕ? ਬੈਠਕ ਕੀ ਹੁੰਦੀ ਹੈ।” ਉਸਨੇ ਹੈਰਾਨੀ ਜਿਹੀ ਨਾਲ ਪੁੱਛਿਆ। ਗੱਲ ਉਸਦੀ ਵੀ ਠੀਕ ਸੀ। ਲੋਬੀ, ਬੈੱਡਰੂਮ, ਵਾਲੀ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਕੀ ਪਤਾ ਕਿ ਇਹ #ਬੈਠਕ ਕੀ ਹੁੰਦੀ ਹੈ। ਮੇਰੇ ਲਈ ਉਸਨੂੰ ਸਮਝਾਉਣਾ ਜਰਾ ਮੁਸ਼ਕਿਲ ਸੀ। ਫਿਰ ਮੈਂ ਦੱਸਿਆ ਕਿ ਘਰ ਦੇ ਬਾਹਰਲੇ ਪਾਸੇ ਬਣੇ ਕਮਰੇ ਜਿਸਨੂੰ ਗੈਸਟ ਰੂਮ ਵਜੋਂ ਵੀ ਵਰਤਿਆ ਜਾਂਦਾ ਸੀ ਤੇ ਜਿਸਦਾ ਇੱਕ ਗੇਟ ਗਲੀ ਵਿੱਚ ਖੁਲ੍ਹਦਾ ਸੀ ਤੇ ਦੂਸਰਾ ਅੰਦਰ ਘਰ ਵਾਲੇ ਪਾਸੇ। ਉਸ ਕਮਰੇ ਨੂੰ ਬੈਠਕ ਆਖਦੇ ਸਨ। ਵਾਹਵਾ ਸਮਝਾਉਣ ਤੋਂ ਬਾਦ ਉਹ ਸਮਝ ਗਈ ਤੇ ਫਿਰ ਉਸਨੇ ਕਿਸੇ ਪੰਜਾਬੀ ਫ਼ਿਲਮ ਦਾ ਜ਼ਿਕਰ ਕੀਤਾ ਜਿਸ ਵਿਚ ਬੈਠਕ ਦਿਖਾਈ ਵੀ ਗਈ ਸੀ ਤੇ ਬੈਠਕ ਦਾ ਜ਼ਿਕਰ ਵੀ ਆਇਆ ਸੀ। ਇੰਜ ਸਾਡੇ ਬੱਚੇ ਹੋਲੀ ਹੋਲੀ ਸਾਡੇ ਵਿਰਸੇ ਨੂੰ ਭੁੱਲ ਜਾਣਗੇ। ਸਵਾਤ, ਦਰਵਾਜਾ, ਭੜੋਲੀ, ਪੜਛੱਤੀ, ਹਾਰੇ, ਨੋਹਰਾ ਤੇ ਹਵੇਲੀ ਸ਼ਬਦ ਅਲੋਪ ਹੋ ਜਾਣਗੇ। ਬੱਚਿਆਂ ਨੂੰ ਸਿਰਫ ਫਲੈਟ ਨੰਬਰ ਤੇ ਫਲੋਰ ਨੰਬਰ ਯਾਦ ਰਹੇਗਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ