ਮੇਰੀ ਅੱਜ ਦੀ ਕੌਫ਼ੀ ਦੀ ਮਹਿਮਾਨ ਪੰਜਾਬ ਤੇ ਪੰਜਾਬੀਅਤ ਦੀ ਜਿੰਦਜਾਨ, ਪੰਜਾਬੀ ਵਿਰਸੇ ਤੇ ਸਭਿਆਚਾਰ ਦੀ ਪਹਿਰੇਦਾਰ, ਜ਼ਮੀਨੀ ਹਕੀਕੀ ਨਾਲ ਜੁੜੀ ਹੋਈ ਪੰਜਾਬੀ ਦੀ ਪ੍ਰਸਿੱਧ ਲੋਕ ਗਾਇਕਾ Sukhi Brar ਸੀ। ਪੰਜਾਬ ਦੀ ਧਰਤੀ ਤੇ ਜਨਮ ਲ਼ੈਕੇ ਪੰਜਾਬੀ ਅਤੇ ਪੰਜਾਬੀਅਤ ਦੇ ਨਾਮ ਤੇ ਮਸ਼ਹੂਰੀ ਖੱਟਣ ਵਾਲੇ ਬਹੁਤ ਕਲਾਕਾਰ ਹੋਏ ਹਨ। ਜਿੰਨਾਂ ਨੇ ਮਸ਼ਹੂਰੀ ਲਈ ਅਸ਼ਲੀਲਤਾ ਤੇ ਲੱਚਰ ਗਾਇਕੀ ਦਾ ਰਾਹ ਫੜ੍ਹਿਆ। ਵਿਰਸੇ ਤੇ ਸਭਿਆਚਾਰ ਨੂੰ ਬਚਾਉਣ ਨੇ ਨਾਮ ਤੇ ਸਾਡੇ ਅਮੀਰ ਵਿਰਸੇ ਦਾ ਘਾਣ ਕੀਤਾ। ਪਰ ਸੁੱਖੀ ਨੇ ਇਸ ਰਾਹ ਤੇ ਚੱਲਣ ਦੀ ਬਜਾਇ ਇੱਕ ਸਹੀ ਰਸਤਾ ਅਖਤਿਆਰ ਕੀਤਾ। ਸਿਰ ਦੀ ਚੁੰਨੀ ਤੇ ਅੱਖਾਂ ਦੀ ਹਯਾ ਨੂੰ ਨਹੀਂ ਛੱਡਿਆ। ਇਸ ਤਰਾਂ ਇਸਨੇ ਪੂਰੇ ਪੰਜਾਬ ਤੇ ਪੰਜਾਬੀਅਤ ਦੀ ਪਹਿਚਾਣ ਕਾਇਮ ਰੱਖੀ ਹੈ। ਸੁੱਖੀ ਕੋਈ ਕੋਰੀ ਅਨਪੜ੍ਹ ਕਲਾਕਾਰ ਨਹੀਂ ਜਿਸਨੇ ਸਿਰਫ ਆਪਣੀ ਆਵਾਜ਼ ਅਤੇ ਪੱਛਮੀ ਸੱਭਿਅਤਾ ਦੇ ਬਲਬੂਤੇ ਤੇ ਨਾਮਣਾ ਖੱਟਿਆ ਹੋਵੇ। ਸੁੱਖੀ ਕੋਲ ਸੁਰੀਲੀ ਆਵਾਜ਼ ਤੋਂ ਇਲਾਵਾ ਗਿੱਧੇ ਡਾਂਸ ਦੀ ਅਨਮੋਲ ਅਤੇ ਸਿੱਧੀ ਤੇ ਸਪਸ਼ਟ ਗੱਲ ਕਹਿਣ ਦੀ ਕਲਾ ਵੀ ਹੈ। ਸੁੱਖੀ ਗਿੱਧੇ ਦੀ ਗੋਲਡ ਮੈਡਲਿਸਟ ਵੀ ਰਹੀ ਹੈ। ਸੁੱਖੀ ਨੇ ਕਈ ਵਿਸ਼ਿਆਂ ਵਿੱਚ ਪੋਸਟ ਗਰੈਜੂਏਸ਼ਨ ਕੀਤੀ। ਪੰਜਾਬੀ ਲੋਕ ਸਭਿਆਚਾਰ ਵਿੱਚ ਪੀਐਚਡੀ ਕੀਤੀ। ਇਸ ਤੋਂ ਇਲਾਵਾ ਸੁੱਖੀ ਬਰਾੜ ਨੇ ਸਭਿਆਚਾਰ ਅਤੇ ਲੋਕ ਵਿਰਸੇ ਨਾਲ ਸਬੰਧਿਤ ਕਈ ਪੋਸਟ ਗਰੈਜੂਏਟ ਡਿਪਲੋਮੇ ਵੀ ਕੀਤੇ। ਲੋਕ ਸੰਪਰਕ ਅਤੇ ਵਿਗਿਆਪਨ ਦਾ ਡਿਪਲੋਮਾ ਵੀ ਕੀਤਾ। ਬੀ ਐਡ, ਐਮ ਐਡ ਵੀ ਕੀਤੀ। ਸੁੱਖੀ ਬਰਾੜ ਨੇ ਉੱਤਰੀ ਭਾਰਤ ਸਭਿਆਚਾਰਕ ਜ਼ੋਨ ਦੇ ਡਾਇਰੈਕਟਰ ਅਤੇ ਪ੍ਰੋਗਰਾਮ ਅਫਸਰ ਵਜੋਂ ਆਪਣੀਆਂ ਸੇਵਾਵਾਂ ਬਾਖੂਬੀ ਦਿੱਤੀਆਂ ਹਨ। ਇਸ ਤੋਂ ਇਲਾਵਾ ਇਹ ਨੁਸਰਤ ਗਰਲਜ਼ ਕਾਲਜ ਦੇ ਪ੍ਰਿੰਸੀਪਲ ਵੀ ਰਹੇ ਹਨ। ਸੁੱਖੀ ਬਰਾੜ ਨੂੰ ਮੁੱਖ ਮੰਤਰੀ ਪੰਜਾਬ ਜੀ ਦਾ ਕਲਚਰਲ ਐਡਵਾਈਜ਼ਰ ਹੋਣ ਦਾ ਮਾਣ ਵੀ ਹਾਸਿਲ ਹੋਇਆ ਹੈ। ਇਹ ਕੈਬਨਿਟ ਮੰਤਰੀ ਰੈਂਕ ਦਾ ਅਹੁਦਾ ਹੁੰਦਾ ਹੈ। ਅੱਜ ਸੁੱਖੀ ਬਰਾੜ ਸੰਸਕਾਰ ਭਾਰਤੀ ਦੀ ਪੰਜਾਬ ਸ਼ਾਖਾ ਦੀ ਪ੍ਰਧਾਨ ਹੈ। ਸਮੇਂ ਸਮੇਂ ਤੇ ਸੁੱਖੀ ਬਰਾੜ ਦਾ ਰੁਤਬਾ ਉੱਚਾ ਹੁੰਦਾ ਗਿਆ ਪਰ ਸੁੱਖੀ ਨੇ ਜਮੀਨ ਨਾਲ ਆਪਣੀ ਪਕੜ ਬਣਾਈ ਰੱਖੀ। ਮੇਜ਼ ਤੇ ਪਰੋਸੇ ਇੰਡੀਅਨ ਤੇ ਸਾਊਥ ਇੰਡੀਅਨ ਖਾਣਿਆਂ ਵਿਚੋਂ ਸੁੱਖੀ ਨੇ ਸਰੋਂ ਦਾ ਸਾਗ ਤੇ ਮੱਖਣ ਖਾਣ ਨੂੰ ਪਹਿਲ ਦਿੱਤੀ। ਚਾਹੇ ਅੱਜ ਵੀ ਦੋ ਵਜੇ ਉਸ ਦੀ ਕਿਸੇ ਪ੍ਰੋਗਰਾਮ ਲਈ ਬੁਕਿੰਗ ਸੀ। ਪਰ ਸੁੱਖੀ ਬਰਾੜ ਨੇ ਬੜੇ ਸਬਰ ਤੇ ਹਲੀਮੀ ਨਾਲ ਬਿਨਾਂ ਕਾਹਲੀ ਮਚਾਏ ਖੂਬ ਗੱਲਾਂ ਕੀਤੀਆਂ। ਮਹਿਮੇ ਸਵਾਈ ਦੀਆਂ ਗਲੀਆਂ ਵਿੱਚ ਆਪਣਾ ਬਚਪਣ ਗੁਜਾਰਨ ਵਾਲੀ ਕੀਟੀ ਉਰਫ ਸੁੱਖੀ ਆਪਣੇ ਪਿੰਡ ਦੀ ਅੰਬੋ ਪੰਜਾਬੋਂ, ਦਲੀਪੋ ਨੈਣ ਤੇ ਕਰਤਾਰੋ ਝਿਊਂਰੀਂ ਨੂੰ ਨਹੀਂ ਭੁੱਲਦੀ। ਸੁੱਖੀ ਬਰਾੜ ਨੇ ਮਹਿਮੇ ਸਰਜੇ ਤੋਂ ਦਸਵੀਂ ਕੀਤੀ। ਇਸਤਰਾਂ ਉਸ ਦਾ ਬਚਪਨ ਮਹਿਮਾ ਸਵਾਈ ਮਹਿਮਾ ਸਰਕਾਰੀ ਤੇ ਮਹਿਮਾ ਸਰਜਾ ਦੀ ਤ੍ਰਿਵੈਣੀ ਚ ਗੁਜਰਿਆ।
ਸੁੱਖੀ ਬਰਾੜ ਉਰਫ ਵਿਰਾਸਤ ਕੌਰ ਨੇ ਕੋਈਂ ਪੰਦਰਾਂ ਮੁਲਕਾਂ ਵਿੱਚ ਆਪਣੇ ਸੈਂਕੜੇ ਸ਼ੋਅ ਕੀਤੇ ਹਨ। ਕਈ ਕਾਲਜਾਂ ਵਿਚ ਯੂਥ ਐਵੇਰਨੈੱਸ ਕੈਂਪ ਲਗਾਏ ਹਨ। ਵਿਦੇਸ਼ਾਂ ਵਿੱਚ ਸਭਿਆਚਾਰ ਦੇ ਮਾਮਲੇ ਵਿੱਚ ਭਾਰਤ ਅਤੇ ਪੰਜਾਬ ਸਰਕਾਰ ਦੀ ਨੁਮਾਇੰਦਗੀ ਕਰਨ ਵਾਲੀ ਸੁੱਖੀ ਨੇ ਬਹੁਤ ਮਾਰਕੇ ਮਾਰੇ ਹਨ। ਸੁੱਖੀ ਬਰਾੜ ਨੂੰ ਵਿਰਾਸਤ ਏ ਪੰਜਾਬ ਵੀ ਕਿਹਾ ਜਾ ਸਕਦਾ ਹੈ।
ਇਸ ਲਈ ਹੀ ਕਿਸੇ ਨੇ ਸੁਖਵਿੰਦਰ ਕੌਰ ਦਾ ਨਾਮ ਵਿਰਾਸਤ ਕੌਰ ਕੁਝ ਸੋਚਕੇ ਹੀ ਰੱਖਿਆ ਹੋਵੇਗਾ। ਉਂਜ ਨਹੀਂ ਕੋਈ ਨਾਮ ਬਦਲਦਾ।
ਊਂ ਗੱਲ ਆ ਇੱਕ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ