ਪੈਂਡੂ ਪਿਛੋਕੜ ਹੋਣ ਕਰਕੇ ਮੈਨੂੰ ਪਿੰਡਾਂ ਦੀਆਂ ਗਲੀਆਂ ਬਹੁਤ ਯਾਦ ਆਉਦੀਆਂ ਹਨ। ਕਈ ਵਾਰੀ ਤਾਂ ਸੋਚਦਾ ਸੋਚਦਾ ਉਹਨਾਂ ਗਲੀਆਂ ਵਿਚ ਗੁਆਚ ਜਾਂਦਾ ਹਾਂ। ਮੋਜੂਦਾ ਹਾਲਾਤ ਵਿਚ ਤਾਂ ਨਾਨਕੇ ਹੁੰਦੇ ਹੀ ਸਿਰਫ ਮਾਂ ਦੇ ਮਾਂਪਿਉ ਦਾ ਘਰ ਹੈ। 150 ਚੈਨਲ ਵੇਖਣ ਵਾਲੇ ਅੱਜ ਕੱਲ ਦੇ ਜੁਆਕ ਕੀ ਜਾਨਣ ਕਿ ਨਾਨਕਿਆਂ ਦੀ ਕਿੰਨੀ ਮੌਜ ਹੁੰਦੀ ਸੀ। ਘਰੋ ਰੁਸ ਕੇ ਸਿਧਾ ਨਾਨਕੇ ਹੀ ਜਾ ਵੜੀਦਾ ਸੀ। ਪਰ ਅੱਜ ਦੇ ਰੁੱਸੇ ਜਾਂ ਤਾਂ ਕੋਈ ਕਾਰਾ ਕਰ ਦਿੰਦੇ ਹਨ ਤੇ ਜਾਂ ਅੰਨੀ ਸਪੀਡ ਨਾਲ ਬਾਈਕ ਚਲਾ ਕੇ ਮਾਂ ਪਿਉ ਦਾ ਤ੍ਰੇਹ ਕਢਦੇ ਹਨ।
ਜਰਾ ਪਿਛੇ ਨੂ ਝਾਤੀ ਮਾਰੀਏ ਤਾਂ ਨਾਨਕਿਆਂ ਨਾਲ ਦੀ ਕਿਤੇ ਠਾਠ ਹੀ ਨਹੀਂ ਨਜਰ ਆਉਂਦੀ ।ਡਿਪਾਰਟਮੈਂਟ ਸਟੋਰ,ਮਾਲ ਜਾਂ ਮਲਟੀਪਲੈਕਸਾਂ ਦੇ ਚ ਘੁੰਮਣ ਵਾਲਿਆਂ ਨੂੰ ਨਾਨਕਿਆਂ ਦੀ ਮੌਜ ਦਾ ਕੀ ਪਤਾ ਹੋਊ। ਜੇ ਕੋਈ ਨਾਨਕੇ ਜਾਂਦਾ ਵੀ ਹੈ ਤਾਂ ਦਿਨੇ ਦਿਨੇ। ਮਾਂ ਨਾਲ ਤੇ ਸ਼ਾਮ ਨੂੰ ਘਰੇ ਵਾਪਿਸ। ਪਹਿਲਾਂ ਤਾਂ ਗਰਮੀ ਸਰਦੀ ਦੀਆਂ ਛੁਟੀਆਂ ਦਾ ਮਤਲਵ ਹੀ ਨਾਨਕੇ ਹੁੰਦਾ ਸੀ। ਕਈ ਵੱਡ ਭਾਗੇ ਹੁੰਦੇ ਸਨ ਜੋ ਇਹਨਾਂ ਛੁਟੀਆਂ ਵਿਚ ਭੂਆੇ ਜਾਂ ਮਾਸੀ ਘਰੇ ਵੀ ਜਾਂਦੇ ਸਨ।
ਖੁਲੇ ਘਰ, ਨਾਂ ਸੋਣ ਦੀ ਚਿੰਤਾ ਨਾਂ ਮੰਜਿਆਂ ਦਾ ਫਿਕਰ ਨਾਂ ਰੋਟੀ ਪਾਣੀ ਦਾ ਫਿਕਰ। ਜੋ ਮਿਲਿਆ ਖਾ ਲਿਆ ਜਿਥੇ ਜੀ ਕਰਦਾ ਸੌਂ ਗਏ ਪਰ ਸੇਵਾ ਪੂਰੀ ਹੁੰਦੀ ਸੀ ।ਕਦੇ ਖੀਰ ਬਣਦੀ ਤੇ ਕਦੇ ਹਲਵਾ, ਸੇਵੀਆ ਜਾਂ ਪੀਲੇ ਚੌਲ। ਬਸ ਆਹੀ ਸੇਵਾ ਹੁੰਦੀ ਸੀ ਓਹਨੀਂ ਦਿਨੀ। ਦਹੀ ਲਸੀ ਮਖਣ ਤਾਂ ਨਾਨੀਆਂ, ਮਾਮੀਆਂ ਦੋਹਤਿਆਂ ਨੂੰ ਪਲੂਸ ਪਲੂਸ ਕੇ ਖਵਾਉਂਦੀਆਂ ਸਨ। ਜੇ ਘਰੇ ਦੋਹਤੇ ਦੋਹਤੀਆਂ ਆਏ ਹੋਣ ਤਾਂ ਨਾਨੇ ਮਾਮੇ ਵੀ ਮੰਗ ਕੇ ਗੰਨੇ, ਛਨੂੰਲੀਆਂ, ਸਕਰਕੰਦੀਆਂ ਲਿਆਉਂਦੇ। ਅਖੇ ਚਾਰ ਦਿਨ ਜੁਆਕ ਆਏ ਹੈ। ਖਾ ਲੈਣ ਦੀਏ ਮਨ ਭਾਉਂਦਾ।ਪੰਜਾਬੀ ਸਭਿਆਚਾਰ ਤੇ ਵਿਰਸੇ ਦਾ ਹੀ ਪ੍ਰਭਾਵ ਹੁੰਦਾ ਸੀ ਕੇ ਕੋਈ ਮੰਗੇ ਤੋਂ ਜੁਆਬ ਨਹੀਂ ਸੀ ਦਿੰਦਾ। ਅਖੇ ਧੀ ਧਿਆਣੀ ਤੇ ਬਚੇ ਆਏ ਹਨ ਲੈ ਜਾ ਜਿੰਨੇ ਮਰਜੀ ਗੰਨੇ ।ਤੇਰੇ ਦੋਹਤੇ ਕੀ ਸਾਡੇ ਕੀ ਕੋਈ ਫਰਕ ਨਹੀਂ।
ਦੁਧ ਵੇਚਣ ਦਾ ਤਾਂ ਰਿਵਾਜ ਹੀ ਨਹੀਂ ਹੁੰਦਾ ਸੀ। ਜੇ ਕੋਈ ਦੁਧ ਵੇਚਦਾ ਵੀ ਤਾਂ ਦੋਹਤੇ ਆਦਿ ਤੇ ਆਉਣ ਤੇ ਵੇਚਣਾ ਬੰਦ ਕਰ ਦਿੰਦੇ। ਮੈਨੂੰ ਯਾਦ ਹੈ ਮੈ ਮੇਰੇ ਨਾਨਕੇ ਜਾਂਦਾ। ਪਿੰਡ ਬਾਦੀਆਂ। ਮਲੋਟ ਮੁਕਤਸਰ ਸੜਕ ਤੇ ਔਲਖ ਪਿੰਡ ਉਤਰ ਕੇ 3_4 ਕਿਲੋਮੀਟਰ ਦਾ ਪੈਂਦਾ ਸੀ। ਕਈ ਵਾਰੀ ਤਾਂ ਪੈਦਲ ਹੀ ਭੱਜੇ ਜਾਂਦੇ। ਪਤਾ ਹੀ ਨਾ ਲਗਦਾ ਕਦੋਂ ਨਾਨਕੇ ਪਹੁੰਚ ਜਾਂਦੇ। ਅਤੇ ਕਈ ਵਾਰ ਕੋਈ ਟਾਂਗਾ ਜਾਂ ਉਠ ਗਡੀ ਮਿਲ ਜਾਂਦੀ। ਬਾਅਦ ਵਿਚ ਤਾਂ ਰਿਕ੍ਸ਼ੇ ਵੀ ਮਿਲਣ ਲਗ ਪਏ ਸਨ। ਤਿੰਨ ਮਾਮੇ ਉਥੇ ਹੀ ਰਹਿੰਦੇ ਸਨ ਤੇ ਬਾਕੀ ਦੋ ਬਾਹਰ । ਬੜੀ ਸੇਵਾ ਕਰਦੇ । ਪਰ ਸਾਡਾ ਹੈਡ ਕੁਆਟਰ ਤਾਂ ਮਾਸੀ ਤਾਰੋ ਦਾ ਘਰ ਹੀ ਹੁੰਦਾ ਸੀ। ਮਾਸੀ ਕਿਉਂਕਿ ਆਪਣੇ ਪੇਕੇ ਰਹਿੰਦੀ ਸੀ। ਕਦੇ ਕਿਸੇ ਮਾਮੇ ਘਰੇ ਤੇ ਕਦੇ ਕਿਸੇ ਮਾਮੇ ਘਰੇ ਖਾ ਪੀ ਕੇ ਸੋਂਦੇ ਅਸੀ ਮਾਸੀ ਤਾਰੋ ਘਰੇ ਹੀ। ਇਕ ਤਾਂ ਮਾਸੀ ਨੇ ਕਦੇ ਲਵੇਰਾ ਨਹੀਂ ਸੀ ਗੁਆਇਆ। ਦੂਜਾ ਮਾਸੀ ਦੀਆਂ ਧੀਆਂ ਬਹੁਤ ਸੁਚਿਆਰੀਆਂ ਸਨ ਤੇ ਖੂਬ ਸੇਵਾ ਕਰਦੀਆਂ ਸਨ। ਤੀਜਾ ਮਾਸੀ ਦੇ ਮੁੰਡਿਆਂ ਨਾਲ ਸਾਡੀ ਬਣਦੀ ਵੀ ਬਹੁਤ ਸੀ ਹਾਣ ਦੇ ਜੁ ਠਹਿਰੇ। ਹਾਂ ਵਿਚਕਾਰਲਾ ਮਾਮਾ ਜਿਹੜਾ ਚਾਹ ਦੁਧ ਦਾ ਕੰਮ ਕਰਦਾ ਸੀ ਅਕਸਰ ਰਾਤ ਨੂੰ ਸ਼ਹਿਰੋ ਹਥੀ ਬਣਾਈ ਬਰਫੀ ਜਰੂਰ ਲੈ ਕੇ ਆਉਂਦਾ। ਤੇ ਉਸ ਤੋਂ ਵਡਾ ਮਾਮਾ ਜਿਸ ਨੂੰ ਸਾਰੇ ਬਾਈ ਕਹਿੰਦੇ ਸਨ।ਬਰਫ ਦੇ ਗੋਲੇ ਬਹੁਤ ਵਧੀਆ ਬਣਾਉਂਦਾ। ਤੇ ਸਾਰਿਆਂ ਤੋਂ ਵਡਾ ਮਾਮਾ ਜੋ ਨੰਬਰਦਾਰ ਸੀ ਤੇ ਕੋਈ ਦੁਕਾਨ ਨਾ ਹੋਣ ਕਰਕੇ ਲਗਭਗ ਵਿਹਲਾ ਹੀ ਰਹਿੰਦਾ ਸੀ। ਬਸ ਗਲਾਂ ਮਾਰ ਛਡਦਾ ਸੀ। ਭਾਣਜਿਆ ਭਾਣਜਿਆ ਕਹਿ ਕੇ ਸਾਰਾ ਪਿਆਰ ਹੀ’ਉਡੇਲ ਦਿੰਦਾ ਸੀ ਹਾਂ ਜਿੰਨੇ ਦਿਨ ਰਹਿਣਾ ਗੰਨਿਆਂ ਦੀ ਕਮੀ ਨਹੀਂ ਸੀ ਆਉਣ ਦਿੰਦਾ।
ਨਾਨਕਿਆਂ ਦੇ ਕਚੇ ਕੋਠੇ, ਵਡੀਆ ਸਵਾਤਾਂ, ਡੰਗਰਾਂ ਦੇ ਛਪਰ , ਬਹੁਤ ਵਧੀਆ ਲਗਦੇ ਸਨ। ਨਾਨਕੇ ਦੇ ਕਚੇ ਢਾਰੇ ਵੀ ਆਪਨੇ ਪਕਿਆਂ ਨਾਲੋ ਚੰਗੇ ਲਗਦੇ। ਪਤਾ ਨਾ ਲਗਦਾ ਕਦੋ ਛੁਟੀਆ ਬੀਤ ਜਾਂਦੀਆਂ। ਆਉਂਦਿਆਂ ਨੂੰ ਨਾਨੀਆਂ ਮਾਮੀਆਂ ਬਹੁਤ ਨਿਕ ਸਕ ਪਲੇ ਬੰਨ ਦਿੰਦੀਆਂ। ਨਕਦੋ ਨਕਦੀ ਵਾਲਾ ਰਿਵਾਂਜ ਘਟ ਹੀ ਹੁੰਦਾ ਸੀ ਮਸਾਂ ਇਕ ਰੁਪਇਆ ਜਾਂ ਦੋ ਰੁਪਏ ਦਿੰਦੇ। ਕਪੜਾ ਲੀੜਾ ਮਖਾਣੇ, ਮੰਰੂਡੇ, ਮਖਣ, ਦੇਸੀ ਘਿਓੁ ਮਿਠੀਆਂ ਰੋਟੀਆਂ ਅਤੇ ਕਦੇ ਕਦੇ ਤਾਂ ਬਾਹਰੋ ਭਠ ਤੋਂ ਦੇਸੀ ਘਿਓੁ ਦੇ ਬਿਸਕੁਟ ਬਣਾ ਕੇ ਵੀ ਦਿੰਦੇ।
ਹੁਣ ਨਾ ਉਹ ਨਾਨਕੇ ਰਹੇ ਹਨ ਤੇ ਨਾਂ ਹੀ ਦੋਹਤੇ। ਮਾਮੇ ਮਾਸੀਆਂ ਦੀ ਗਿਣਤੀ ਘਟ ਰਹੀ ਹੈ। ਤੇ ਦੋਹਤੇ ਦੋਹਤੀਆਂ ਵੀ ਉਨੇ ਨਹੀਂ ਰਹੇ। ਨਾਨਕੇ ਜਾ ਕੇ ਬਚੇ ਖੇਡਣ ਕਿਸ ਨਾਲ। ਨਾਲੇ ਕੌਣ ਆਪਣੀਆਂ ਟਿਊਸ਼ਨਾ ਛਡੇ। ਕੌਈ ਅਗਲਾ ਵੀ ਆਪਣੀਆਂ ਟਿਊਸ਼ਨਾਂ ਕਿਉਂ ਛਡੇ। ਭੂਆ ਦੇ ਬਚਿਆਂ ਲਈ। ਹੁਣ ਤਾਂ ਆਏ ਗਏ ਤੋਂ ਵੀ ਬਚੇ ਕਮਰੇ ਬੰਦ ਕਰਕੇ ਪੀ. ਐਮ. ਟੀ,ਸੀ.ਈ .ਈ. ਈ. ਟੀ. ਦੀ ਤਿਆਰੀ ਕਰਦੇ ਹਨ। .ਤਾਂ ਫਿਰ ਓਹ ਨਾਨਕਿਆਂ ਦੀਆਂ ਮੋਜਾਂ ਕਿਥੇ।
ਰਮੇਸ਼ ਸੇਠੀ ਬਾਦਲ
98 766 27233