ਕੰਮ ਵਾਲੀ ਦਾ ਜਨਮ ਦਿਨ ਸੀ..ਸੋਚਿਆ ਗੈਸ ਵਾਲਾ ਚੁੱਲ੍ਹਾ ਲੈ ਦਿਆਂ..ਸਰਦਾਰ ਹੁਰਾਂ ਤੋਂ ਪੁੱਛਿਆ ਤਾਂ ਆਖਣ ਲੱਗੇ ਬਹੁਤਾ ਸਿਰੇ ਨਹੀਂ ਚੜ੍ਹਾਈਦਾ..ਪੰਜ ਸੌ ਦੇ ਦੇਵੀਂ..ਬਹੁਤ ਨੇ!
ਦਲੀਲ ਦੇ ਕੇ ਬਹਿਸ ਕਰਨ ਲੱਗੀ ਤਾਂ ਝਿੜਕ ਦਿੱਤਾ..ਅਖ਼ੇ ਕਿੰਤੂ ਪ੍ਰੰਤੂ ਕਰਨ ਵਾਲਾ ਮੈਨੂੰ ਜਹਿਰ ਲੱਗਦਾ!
ਕਲੇਸ਼ ਦੇ ਡਰੋਂ ਚੁੱਪ ਕਰਕੇ ਪੰਜ ਸੌ ਦਾ ਲਫਾਫਾ ਫੜਾ ਦਿੱਤਾ..ਨਾਲੇ ਨੀਵੀਂ ਪਾ ਲਈ ਤੇ ਮੁੜਕੇ ਉਸ ਨਾਲ ਨਜਰਾਂ ਵੀ ਨਾ ਮਿਲਾ ਸਕੀ..!
ਅਗਲੇ ਦਿਨ ਮੁੜ ਕੰਮ ਤੇ ਆਈ..ਹੱਥ ਵਿਚ ਲਫਾਫਾ ਸੀ..ਅੰਦਰੋਂ ਨਵਾਂ ਨਕੋਰ ਸੂਟ ਕੱਢਿਆ..ਆਖਣ ਲੱਗੀ ਸਰਦਾਰਨੀ ਜੀ ਵੇਖ ਤਾਂ ਸਹੀ ਕਿੱਦਾਂ ਦਾ ਹੈ..?
ਕਾਫੀ ਮਹਿੰਗਾ ਤੇ ਭਾਰਾ ਲੱਗਾ..ਫੇਰ ਪੁੱਛ ਲਿਆ..ਨਾਲਦਾ ਮੰਨ ਗਿਆ ਸੀ..ਉਸਨੇ ਇਹ ਤਾਂ ਨਹੀਂ ਆਖਿਆ ਕੇ ਏਨੇ ਪੈਸੇ ਕਿਓਂ ਖਰਚੇ ਨੇ?
ਆਖਣ ਲੱਗੀ..ਉਸਦੀ ਕੀ ਮਜਾਲ..ਕਿਸ ਹੱਕ ਨਾਲ ਪੁੱਛੇਗਾ..ਖੁਦ ਕਮਾਉਂਦੀ ਹਾਂ..ਖਰਚਣ ਦਾ ਵੀ ਬਰੋਬਰ ਦਾ ਹੱਕ ਰੱਖਦੀ ਹਾਂ..ਨਾਲੇ ਮੈਂ ਕਿਹੜਾ ਉਸ ਤੋਂ ਮੰਗੇ ਨੇ..ਖੁਦ ਮਰਜੀ ਦੀ ਮਾਲਕਣ ਹਾਂ..ਮਨ ਭਾਉਂਦਾ ਪਾਵਾਂਗੀ ਤੇ ਹੰਡਾਵਾਂਗੀ!
ਦੋ ਹਵੇਲੀਆਂ ਅਤੇ ਤਿੰਨ ਮੁਰੱਬਿਆਂ ਦੀ ਮਾਲਕਣ ਨੇ ਇੱਕ ਵੇਰ ਫੇਰ ਨੀਵੀਂ ਪਾ ਲਈ..ਸਾਮਣੇ ਇਕ ਬੇਬਾਕ ਮਰਜੀ ਦੀ ਮਾਲਕਣ ਜੂ ਖਲੋਤੀ ਹੋਈ ਸੀ..ਮਨਭਾਉਂਦਾ ਪਉਣ ਹੰਢਾਉਣ ਵਾਲੀ!
ਹਰਪ੍ਰੀਤ ਸਿੰਘ ਜਵੰਦਾ